
ਇਕ ਪਾਸੇ ਜਿੱਥੇ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਦੂਜੇ ਪਾਸੇ ਕਈ ਲੋਕ ਇਹਨਾਂ ਹਦਾਇਤਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ।
ਫ਼ਰੀਦਕੋਟ (ਸੁਖਜਿੰਦਰ ਸਹੋਤਾ): ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਕ ਪਾਸੇ ਜਿੱਥੇ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਦੂਜੇ ਪਾਸੇ ਕਈ ਲੋਕ ਇਹਨਾਂ ਹਦਾਇਤਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ। ਇਸ ਦੇ ਚਲਦਿਆਂ ਫਰੀਦਕੋਟ ਦੇ ਦੁਕਾਨਦਾਰਾਂ ਵੱਲੋਂ ਮੇਨ ਬਾਜ਼ਾਰ ਵਿਚ ਸਰਕਾਰ ਖ਼ਿਲਾਫ ਰੋਸ ਮਾਰਚ ਕੱਢਿਆ ਗਿਆ।
Shopkeeper's protest
ਦੁਕਾਨਦਾਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਾਰੇ ਬਾਜ਼ਾਰ ਖੋਲ੍ਹਣ ਦੀ ਮੰਗ ਕੀਤੀ। ਇਸ ਦੌਰਾਨ ਕਈ ਦੁਕਾਨਦਾਰਾਂ ਨੇ ਗੈਰ-ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੋਲ੍ਹ ਕੇ ਰੱਖੀਆਂ। ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਕੋਲ ਪੂਰੇ ਇਕ ਸਾਲ ਦਾ ਸਮਾਂ ਸੀ ਪਰ ਸਰਕਾਰ ਨੇ ਸਮਾਂ ਰਹਿੰਦੇ ਲੋਕਾਂ ਦੀ ਭਲਾਈ ਲਈ ਕੋਈ ਵੀ ਕੰਮ ਨਹੀਂ ਕੀਤਾ ਜਿਸ ਦੇ ਚਲਦਿਆਂ ਫਿਰ ਲਾਕਡਾਊਨ ਲਗਾ ਕੇ ਦੁਕਾਨਦਾਰਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ।
Shopkeeper's protest
ਉਹਨਾਂ ਕਿਹਾ ਸਰਕਾਰ ਵੱਲੋਂ ਮੀਟ, ਸ਼ਰਾਬ ਆਦਿ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ ਜਦਕਿ ਬਾਕੀ ਦੁਕਾਨਾਂ ਬੰਦ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰ ਦੀਆਂ ਹਦਾਇਤਾਂ ਮੰਨਣ ਲਈ ਤਿਆਰ ਹਾਂ ਪਰ ਉਹਨਾਂ ਦੀਆਂ ਦੁਕਾਨਾਂ ਨੂੰ ਖੋਲ੍ਹਿਆ ਜਾਵੇ। ਦੁਕਾਨਦਾਰਾਂ ਨੇ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕਰੋੜਾਂ ਰੁਪਏ ਖਰਚ ਕਰ ਕੇ ਮੂਰਤੀਆਂ ਬਣਾਉਣ ਅਤੇ ਸਟੇਡੀਅਮ ਬਣਾਉਣ ਦੀ ਬਜਾਏ ਸਰਕਾਰ ਲੋਕਾਂ ਦੀ ਭਲਾਈ ਲਈ ਕੋਰੋਨਾਂ ਮਹਾਂਮਾਰੀ ਵਰਗੀਆਂ ਬਿਮਾਰੀਆਂ ਤੋਂ ਲੜਨ ਲਈ ਪ੍ਰਬੰਧ ਕਰਦੀ ਤਾਂ ਅੱਜ ਇਹ ਹਾਲਾਤ ਨਾ ਹੁੰਦੇ।
Shopkeeper's protest
ਉਹਨਾਂ ਕਿਹਾ ਪਹਿਲਾਂ ਜੀਐਸਟੀ, ਫਿਰ ਨੋਟਬੰਦੀ ਅਤੇ ਬਾਅਦ ਵਿਚ ਲਾਕਡਾਊਨ ਕਾਰਨ ਦੁਕਾਨਦਾਰਾਂ ਦਾ ਕੰਮ ਪੂਰੀ ਤਰਾਂ ਠੱਪ ਹੋ ਗਿਆ ਪਰ ਸਰਕਾਰ ਹਾਲੇ ਵੀ ਦੁਕਾਨਦਾਰਾਂ ਨੂੰ ਰਾਹਤ ਨਹੀਂ ਦੇ ਰਹੀ। ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਆਏ ਦਿਨ ਹਜ਼ਾਰਾਂ ਲੋਕ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਕੇ ਅਪਣੀ ਜਾਨ ਗਵਾ ਰਹੇ ਹਨ। ਇਸ ਤੋਂ ਇਲਾਵਾ ਦੇਸ਼ ਦੇ ਕਈ ਹਸਪਤਾਲਾਂ ਵਿਚ ਬੈੱਡ, ਆਕਸੀਜਨ ਆਦਿ ਦੀ ਕਮੀਂ ਵੀ ਸਾਹਮਣੇ ਆਈ ਹੈ।