
ਯੂਈਐਫ਼ਏ ਨੇ ਰੂਸੀ ਫੁੱਟਬਾਲ ਟੀਮਾਂ ’ਤੇ ਲਗਾਈ ਪਾਬੰਦੀ
ਜੇਨੇਵਾ, 3 ਮਈ : ਰੂਸੀ ਫੁੱਟਬਾਲ ਟੀਮਾਂ ਨੂੰ ਮਹਿਲਾ ਯੂਰਪੀਅਨ ਚੈਂਪੀਅਨਸ਼ਿਪ, ਪੁਰਸ਼ਾਂ ਦੀ ਚੈਂਪੀਅਨਜ਼ ਲੀਗ ਅਤੇ 2023 ਮਹਿਲਾ ਵਿਸ਼ਵ ਕੱਪ ਕੁਆਲੀਫ਼ਾਈ ਤੋਂ ਬਾਹਰ ਕਰ ਦਿਤਾ ਗਿਆ ਹੈ। ਯੂਈਐਫ਼ਏ ਨੇ ਇਹ ਪਾਬੰਦੀਆਂ ਰੂਸ ਦੇ ਯੂਕਰੇਨ ’ਤੇ ਫ਼ੌਜੀ ਹਮਲੇ ਕਾਰਨ ਲਗਾਈਆਂ ਹਨ। ਇਸ ਤੋਂ ਪਹਿਲਾਂ ਫ਼ਰਵਰੀ ਵਿਚ, ਫ਼ੀਫ਼ਾ ਅਤੇ ਯੂਈਐਫ਼ਏ ਨੇ ਰੂਸ ਦੀ ਰਾਸ਼ਟਰੀ ਅਤੇ ਕਲੱਬ ਟੀਮਾਂ ਦੇ ਅੰਤਰਰਾਸ਼ਟਰੀ ਫੁੱਟਬਾਲ ਖੇਡਣ ’ਤੇ ਪਾਬੰਦੀ ਲਗਾ ਦਿਤੀ ਸੀ, ਜਿਸ ਵਿਚ ਪੁਰਸ਼ਾਂ ਦਾ ਵਿਸ਼ਵ ਕੱਪ ਪਲੇਆਫ਼ ਸ਼ਾਮਲ ਹੈ।
ਉਨ੍ਹਾਂ ਫ਼ੈਸਲਿਆਂ ਵਿਰੁਧ ਰੂਸੀ ਫੁੱਟਬਾਲ ਫ਼ੈਡਰੇਸ਼ਨ ਨੇ ਖੇਡ ਆਰਬਿਟਰੇਸ਼ਨ ਕੋਲ ਅਪੀਲ ਕੀਤੀ ਹੈ। ਨਵੀਆਂ ਪਾਬੰਦੀਆਂ ਵਿਰੁਧ ਵੀ ਅਪੀਲ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ। ਯੂ.ਈ.ਐਫ਼.ਏ. ਨੇ ਸੋਮਵਾਰ ਨੂੰ ਕਿਹਾ ਕਿ ਇੰਗਲੈਂਡ ਵਿਚ ਜੁਲਾਈ ਵਿਚ ਹੋਣ ਵਾਲੇ ਮਹਿਲਾ ਯੂਰੋ 2022 ਵਿਚ ਰੂਸ ਦੀ ਥਾਂ ਪੁਰਤਗਾਲ ਲਵੇਗਾ। ਰੂਸ ਨੇ ਪੁਰਤਗਾਲ ਨੂੰ ਹਰਾ ਕੇ ਪਲੇਆਫ਼ ਵਿਚ ਕੁਆਲੀਫ਼ਾਈ ਕੀਤਾ ਸੀ। ਉਥੇ ਹੀ ਚੈਂਪੀਅਨਜ਼ ਲੀਗ ’ਚ ਰੂਸੀ ਪ੍ਰੀਮੀਅਰ ਲੀਗ ਦੇ ਜੇਤੂ ਜ਼ੇਨਿਤ ਸੇਂਟ ਪੀਟਰਸਬਰਗ ਦੀ ਜਗ੍ਹਾ ਸਕਾਟਲੈਂਡ ਦੀ ਚੈਂਪੀਅਨ ਟੀਮ ਲਵੇਗੀ। ਇਸ ਸੀਜ਼ਨ ਦਾ ਚੈਂਪੀਅਨਜ਼ ਲੀਗ ਫ਼ਾਈਨਲ ਵੀ ਰੂਸ ਦੀ ਬਜਾਏ ਪੈਰਿਸ ’ਚ ਹੋਵੇਗਾ। ਰੂਸ ਅਗਲੇ ਸੀਜ਼ਨ ਵਿਚ ਯੂਰੋਪਾ ਲੀਗ ਅਤੇ ਯੂਰੋਪਾ ਕਾਨਫ਼ਰੰਸ ਲੀਗ ਤੋਂ ਵੀ ਖੁੰਝ ਜਾਵੇਗਾ। ਉਥੇ ਹੀ ਪੁਰਸ਼ਾਂ ਦੇ ਯੂਰੋ ਕੱਪ 2028 ਜਾਂ 2032 ਦੀ ਮੇਜ਼ਬਾਨੀ ਦੀ ਰੂਸ ਦੀ ਦਾਅਵੇਦਾਰੀ ਵੀ ਰੱਦ ਕਰ ਦਿਤੀ ਗਈ ਹੈ। (ਏਜੰਸੀ)