
ਕਰਜ਼ੇ ਨੇ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ
ਬੁਢਲਾਡਾ : ਕਰਜ਼ੇ ਨੇ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਜਿੱਥੇ ਨੌਜਵਾਨ ਵਿਦੇਸ਼ ਜਾਣ ਦੇ ਸੁਪਨੇ ਦੇਖ ਰਿਹਾ ਸੀ ਉੱਥੇ ਹੀ ਕਰਜ਼ਾ ਉਸ ਨੂੰ ਘੁਣ ਵਾਂਗ ਅੰਦਰ-ਅੰਦਰ ਖਾ ਰਿਹਾ ਸੀ। ਨੌਜਵਾਨ ਨੂੰ ਕਰਜ਼ਾ ਤੇ ਬੇਰੁਜ਼ਗਾਰੀ ਦੋਵੇਂ ਪ੍ਰੇਸ਼ਾਨ ਕਰ ਰਹੇ ਸਨ ਇਸ ਲਈ ਉਸ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਕੁਲਾਣੇ ਦਾ ਰਹਿਣ ਵਾਲਾ ਜੀਵਨ ਸਿੰਘ ਬੱਬੀ (22) ਪੁੱਤਰ ਜਗਸੀਰ ਸਿੰਘ ਜੋ ਬੀ.ਏ. ਦੀ ਪੜ੍ਹਾਈ ਉਪਰੰਤ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੀ.ਟੀ.ਈ. ਦਾ ਕੋਰਸ ਕਰ ਰਿਹਾ ਸੀ। ਪਰ ਪਰਿਵਾਰ ਕੋਲ 1.5 ਏਕੜ ਜ਼ਮੀਨ ਹੋਣ ਕਾਰਨ ਕਰਜ਼ਾ ਬਹੁਤ ਸੀ। ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ।
ਅਕਸਰ ਹੀ ਉਹ ਆਪਣੇ ਦੋਸਤਾਂ ਨੂੰ ਕਹਿੰਦਾ ਸੀ ਕਿ ਪਰਿਵਾਰ ’ਚ ਗ਼ਰੀਬੀ ਕਾਰਨ ਨਾ ਹੀ ਉਸ ਦਾ ਵਿਆਹ ਹੋਣਾ ਹੈ ਅਤੇ ਨਾ ਹੀ ਰੁਜ਼ਗਾਰ ਮਿਲਣਾ ਹੈ। ਉਸ ਨੇ ਅੱਜ ਸਵੇਰੇ ਆਪਣੇ ਘਰ ਹੀ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਪਰਿਵਾਰ ਉਪਰ ਲੈਂਡਮਾਰਗੇਜ ਬੈਂਕ ਦਾ ਕਰੀਬ 4.5 ਲੱਖ ਰੁਪਏ ਅਤੇ 50 ਹਜ਼ਾਰ ਕੋਆਪ੍ਰੇਟਿਵ ਸੁਸਾਇਟੀ ਅਤੇ ਆੜ੍ਹਤੀਆਂ ਦਾ ਕਰੀਬ 1.5 ਲੱਖ ਦਾ ਕਰਜ਼ਾ ਸੀ।
ਪੁਲਿਸ ਦੇ ਸਹਾਇਕ ਥਾਣੇਦਾਰ ਦਲਜੀਤ ਸਿੰਘ ਨੇ ਮ੍ਰਿਤਕ ਦੇ ਪਿਤਾ ਜਗਸੀਰ ਸਿੰਘ ਦੇ ਬਿਆਨ ’ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਪੋਸ਼ਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ।