
Patti Murder News: ਮੋਟਰਸਾਈਕਲ ਸਵਾਰ ਨੌਜਵਾਨ ਨੇ ਕੀਤੀ ਗੋਲੀਬਾਰੀ
Dubali Patti Murder News in punjabi :ਤਰਨਤਾਰਨ ਦੇ ਪਿੰਡ ਦੁੱਬਲੀ 'ਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਸਾਬਕਾ ਫ਼ੌਜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਜਸਵੰਤ ਸਿੰਘ ਉਰਫ ਬਿੱਟੂ ਪੁੱਤਰ ਅਜੀਤ ਸਿੰਘ ਵਾਸੀ ਦੁੱਬਲੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਸਵੰਤ ਸਿੰਘ ਜੋ ਕਿ ਫ਼ੌਜ 'ਚੋਂ ਸੇਵਾ ਮੁਕਤ ਹੋ ਕੇ ਹੁਣ ਆਪਣੇ ਘਰ ਦੇ ਬਾਹਰ ਕੋਟ ਬੁੱਢਾ ਰੋਡ 'ਤੇ ਖਾਦਾਂ ਦੀ ਦੁਕਾਨ ਚਲਾਉਂਦਾ ਸੀ।
ਅੱਜ ਤੜਕਸਾਰ ਉਹ ਆਪਣੀ ਦੁਕਾਨ ਖੋਲ੍ਹ ਕੇ ਦੁਕਾਨ ਅੰਦਰ ਬੈਠਾ ਹੀ ਸੀ ਕਿ ਇੱਕ ਪਲਸਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਇੱਕ ਵਿਅਕਤੀ ਆਇਆ ਤੇ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ 'ਤੇ ਹਮਲਾਵਰ ਵੱਲੋਂ 3 ਰਾਊਂਡ ਫ਼ਾਇਰ ਕੀਤੇ ਗਏ ਜੋ ਕਿ ਤਿੰਨੇ ਜਸਵੰਤ ਸਿੰਘ ਦੀ ਛਾਤੀ 'ਚ ਲੱਗੇ।
ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ । ਪਰਿਵਾਰਕ ਮੈਂਬਰਾਂ ਮੁਤਾਬਕ ਜਸਵੰਤ ਸਿੰਘ ਨੂੰ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਵੱਲੋਂ ਲਗਾਤਾਰ ਫ਼ਿਰੌਤੀ ਦੀਆਂ ਫੋਨ ਕਾਲਾਂ ਆ ਰਹੀਆਂ ਸਨ। ਜਿਸ 'ਤੇ ਪੈਸੇ ਨਾ ਦੇਣ ਕਾਰਨ ਅੱਜ ਤੜਕਸਾਰ ਜਸਵੰਤ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ।
ਘਟਨਾ ਤੋਂ ਬਾਅਦ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਪਰਿਵਾਰਕ ਮੈਂਬਰ ਦੇ ਬਿਆਨਾਂ ਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਦੋਸ਼ੀਆਂ ਦਾ ਪਤਾ ਲਗਾ ਕੇ ਕਾਬੂ ਕਰ ਲਿਆ ਜਾਵੇਗਾ ।
(For more news apart from 'Dubali Patti Murder News in punjabi ' stay tuned to Rozana Spokesman)