ਬਹਿਬਲ ਕਲਾਂ ਗੋਲੀਕਾਂਡ: ਸਿੱਟ ਦੀ ਜਾਂਚ ’ਚ ਹੋਏ ਕਈ ਵੱਡੇ ਖ਼ੁਲਾਸੇ
Published : Jun 3, 2019, 4:25 pm IST
Updated : Jun 3, 2019, 4:25 pm IST
SHARE ARTICLE
Behbal Kalan Goli Kand
Behbal Kalan Goli Kand

ਪੁੱਛਗਿੱਛ ਦੌਰਾਨ ਗਵਾਹਾਂ ਦੁਆਰਾ ਦੱਸਿਆ ਗਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਲੋਂ ਸੁਖਬੀਰ ਬਾਦਲ ਦੇ ਇਸ਼ਾਰੇ ’ਤੇ ਇਲਾਜ ਨਹੀਂ ਸੀ ਦਿਤਾ ਗਿਆ

ਚੰਡੀਗੜ੍ਹ: ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਤਿਆਰ ਕੀਤੀ ਗਈ ਚਾਰਜਸ਼ੀਟ ਵਿਚ ਇਸ ਮਾਮਲੇ ਬਾਰੇ ਕਾਫ਼ੀ ਅਹਿਮ ਖ਼ੁਲਾਸੇ ਕੀਤੇ ਗਏ ਹਨ। ਇੰਡੀਅਨ ਐਕਸਪ੍ਰੈੱਸ ਦੀ ਇਕ ਰਿਪੋਰਟ ਮੁਤਾਬਕ, ਚਾਰਜ ਸ਼ੀਟ ਵਿਚ ਪੂਰੇ ਵਿਸਥਾਰ ਨਾਲ ਦਰਸਾਇਆ ਗਿਆ ਹੈ ਕਿ ਕਿਵੇਂ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਸਿਆਸਤਦਾਨਾਂ ਵਲੋਂ ਸ਼ਾਂਤਮਈ ਢੰਗ ਨਾਲ ਧਰਨੇ ’ਤੇ ਬੈਠੇ ਸਿੱਖਾਂ ਉਤੇ ਪੁਲਿਸ ਫਾਇਰਿੰਗ ਤੋਂ ਕੁਝ ਕੁ ਘੰਟੇ ਪਹਿਲਾਂ ਕਥਿਤ ਤੌਰ ’ਤੇ ਇਕ ਸਾਜਿਸ਼ ਦੇ ਤਹਿਤ ਇਹ ਫ਼ੈਸਲਾ ਲਿਆ ਗਿਆ।

ਜ਼ਿਕਰਯੋਗ ਹੈ ਕਿ ਪੁਲਿਸ ਫਾਇਰਿੰਗ ਦੌਰਾਨ ਬਹਿਬਲ ਕਲਾਂ ਅਤੇ ਕੋਟਕਪੂਰਾ ’ਚ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ। ਆਈ ਜੀ ਕੁੰਵਰ ਵਿਜੇ ਪ੍ਰਤਾਪ ਵਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਵਿਚ ਇਹ ਘਟਨਾ ਅਸਿਹ ਸੀ। ਘਟਨਾ ਵਾਲੀ ਜਗ੍ਹਾ ਤੇ ਲੱਗੇ ਕੈਮਰਿਆਂ ਤੋਂ ਜਦੋਂ SIT ਕੁਝ ਹਾਸਿਲ ਨਾ ਕਰ ਸਕੀ ਤਾਂ ਇਹ ਫੁਟੇਜ ਕਿਸੇ ਹੋਰਨਾਂ ਸਰੋਤਾਂ ਤੋਂ ਹਾਸਿਲ ਕੀਤੀ ਗਈ। ਇਹ ਫੁਟੇਜ ਇਕ ਘਟਨਾ ਦੇ ਪਿਛੇ ਦੀ ਸਾਰੀ ਰਚੀ ਗਈ ਸਾਜਿਸ਼ ਦਾ ਇਕ ਅਹਿਮ ਸਬੂਤ ਸੀ।

ਚਾਰਜਸ਼ੀਟ ਮੁਤਾਬਕ ਵੀਡੀਓ ਕਲਿਪ ਵਿਚ ਅਪੁਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਪਰਮਰਾਜ ਸਿੰਘ ਉਮਰਾਨੰਗਲ ਪੁਲਿਸ ਫ਼ੋਰਸ ਦੀ ਅਗਵਾਈ ਕਰਦੇ ਨਜ਼ਰ ਆ ਰਹੇ ਹਨ ਜੋ ਕਿ ਸਾਧਾਰਨ ਕੱਪੜਿਆਂ ਵਿਚ ਸਨ ਅਤੇ ਧਰਨੇ ’ਤੇ ਬੈਠੇ ਲੋਕ ਉਨ੍ਹਾਂ ਦੀ ਪਹਿਚਾਣ ਤੋਂ ਅਣਜਾਣ ਰਹੇ।

ਵਿਸ਼ੇਸ਼ ਜਾਂਚ ਟੀਮ ਵਲੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਪੁਲਿਸ ਫਾਇਰਿੰਗ ਵਿਚ ਵਰਤੇ ਗਏ ਹਥਿਆਰ ਜਾਣ ਬੁੱਝ ਕੇ ਛੁਪਾ ਕੇ ਰੱਖੇ ਗਏ ਸਨ ਅਤੇ ਇਹ ਗੱਲ ਮੋਗਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਅਤੇ ਉਸ ਸਮੇਂ ਦੇ ਕੋਟਕਪੂਰਾ ਦੇ ਐਸਐਚਓ ਤੇ ਡੀਐਸਪੀ ਨੂੰ ਵੀ ਪਤਾ ਸੀ। ਉਨ੍ਹਾਂ ਨੇ ਘਟਨਾ ਵਾਲੇ ਸਥਾਨ ਦੀ ਸੀਸੀਟੀਵੀ ਫੁਟੇਜ ਅਤੇ ਜ਼ਖ਼ਮੀ ਹੋਏ ਵਿਅਕਤੀਆਂ ਦੇ ਨਾਵਾਂ ਦੀ ਲਿਸਟ ਅਤੇ ਹੋਰ ਜਾਣਕਾਰੀ ਵੀ ਮਿਟਾ ਦਿਤੀ ਸੀ। 

ਆਫ਼ਿਸ਼ੀਅਲ ਫੋਟੋਗ੍ਰਾਫ਼ਰ ਦੇ ਬਿਆਨ ਤੋਂ ਇਹ ਸਾਫ਼ ਜ਼ਾਹਰ ਹੁੰਦਾ ਹੈ ਕਿ ਪੁੱਛਗਿੱਛ ਦੌਰਾਨ ਅਸਲ ਵੀਡੀਓ ਕਲਿੱਪ ਮਿਟਾ ਦਿਤੀਆਂ ਗਈਆਂ ਅਤੇ ਨਾ ਹੀ ਕੋਟਕਪੂਰਾ ਦੇ ਡੀਐਸਪੀ ਅਤੇ ਨਾ ਹੀ ਐਸਐਚਓ ਇਹ ਚੀਜ਼ਾਂ ਪੇਸ਼ ਕਰ ਸਕੇ। 

ਐਸਆਈਟੀ ਨੇ ਗਵਾਹਾਂ ਦੇ ਬਿਆਨ ਵੀ ਦਰਜ ਕੀਤੇ, ਜਿੰਨ੍ਹਾਂ ਨੇ ਉਸ ਸਮੇਂ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਸਪਤਾਲ ਵਿਚ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲਾਏ। ਪੁੱਛਗਿੱਛ ਦੌਰਾਨ ਗਵਾਹਾਂ ਦੁਆਰਾ ਇਹ ਵੀ ਦੱਸਿਆ ਗਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਲੋਂ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ’ਤੇ ਇਲਾਜ ਨਹੀਂ ਸੀ ਦਿਤਾ ਗਿਆ ਅਤੇ ਨਾ ਹੀ ਮੈਡੀਕੋ-ਲੀਗਲ ਰਿਪੋਰਟ ਤਿਆਰ ਕੀਤੀ ਗਈ।

ਅਜਿਹੇ ਕਈ ਵਿਅਕਤੀ ਸਨ, ਜਿੰਨ੍ਹਾਂ ਨੂੰ ਪੁਲਿਸ ਕਾਰਵਾਈ ਦੌਰਾਨ ਗੰਭੀਰ ਚੋਟਾਂ ਆਈਆਂ ਸਨ ਅਤੇ ਉਨ੍ਹਾਂ ਨੂੰ ਉੱਚ ਪੁਲਿਸ ਅਧਿਕਾਰੀ ਅਤੇ ਸਿਆਸਤਦਾਨਾਂ ਦੇ ਦਬਾਅ ਥੱਲੇ ਇਲਾਜ ਮੁਹੱਈਆ ਨਹੀਂ ਕਰਵਾਇਆ ਗਿਆ ਸੀ। ਸਿੱਟ ਨੇ ਅਜਿਹੇ ਕਈ ਲੋਕਾਂ ਦੇ ਬਿਆਨ ਦਰਜ ਕੀਤੇ ਹਨ, ਜਿੰਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਜਾਂ ਤਾਂ ਇਲਾਜ ਦਿਤਾ ਹੀ ਨਹੀਂ ਗਿਆ ਅਤੇ ਜਾਂ ਫਿਰ ਮੈਡੀਕੋ-ਲੀਗਲ ਰਿਪੋਰਟ ਬਣਾਏ ਬਿਨਾਂ ਫਰਸਟ ਏਡ ਦਿਤੀ ਗਈ। 

ਉਸ ਸਮੇਂ ਦੇ ਕੋਟਕਪੂਰਾ ਵਿਧਾਇਕ ਦਾ ਰੋਲ

ਚਾਰਜਸ਼ੀਟ ਵਿਚ ਦਰਜ ਹੈ ਕਿ ਪੁੱਛਗਿੱਛ ਦੌਰਾਨ ਇਹ ਸਾਬਿਤ ਕੀਤਾ ਗਿਆ ਕਿ ਮਨਤਾਰ ਸਿੰਘ ਬਰਾੜ ਫ਼ਰੀਦਕੋਟ ਦੇ ਡੀਸੀ ਦੀ ਰਿਹਾਇਸ਼ ਵਿਖੇ ਅਕਤੂਬਰ 13 ਅਤੇ 14, 2015 ਦੀ ਰਾਤ ਨੂੰ ਤਕਰੀਬਨ 2:15 ਵਜੇ ਪਹੁੰਚ ਗਿਆ ਸੀ। ਉੱਥੋਂ ਉਸ ਨੇ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਨਾਲ ਕੋਟਕਪੂਰਾ ਚੌਂਕ ਵਿਚ ਲੱਗੇ ਧਰਨੇ ਬਾਰੇ ਗੱਲ ਕੀਤੀ।

ਇਸ ਗੱਲਬਾਤ ਬਾਰੇ ਉਸ ਸਮੇਂ ਦੇ ਫ਼ਰੀਦਕੋਟ ਦੇ ਐਸਡੀਐਮ ਵਿਜੇ ਕੁਮਾਰ ਸਿਆਲ ਵਲੋਂ ਕੁਝ ਇਸ ਤਰ੍ਹਾਂ ਦਾ ਬਿਆਨ ਦਿਤਾ ਗਿਆ “ਕੋਟਕਪੁਰਾ ਵਿਖੇ ਸਥਿਤੀ ਬਹੁਤ ਚਿੰਤਾਜਨਕ ਬਣੀ ਹੋਈ ਸੀ ਅਤੇ ਜੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਹਟਾਇਆ ਨਾ ਜਾਂਦਾ ਤਾਂ ਸਵੇਰ ਤੱਕ ਉਹ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋ ਜਾਂਦੇ। ਗੱਲ ਖ਼ਤਮ ਹੋਣ ਤੋਂ ਬਾਅਦ ਮਨਤਾਰ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ (ਪ੍ਰਕਾਸ਼ ਸਿੰਘ ਬਾਦਲ) ਡੀਜੀਪੀ (ਸੈਣੀ) ਨਾਲ ਗੱਲ ਕਰਕੇ ਜ਼ਰੂਰੀ ਹਦਾਇਤਾਂ ਦੇਣਗੇ।” ਇਹ ਬਿਆਨ ਸੀਆਰਪੀਸੀ ਦੀ ਧਾਰਾ 364 ਦੇ ਤਹਿਤ ਦਰਜ ਕੀਤਾ ਗਿਆ। 

ਇਸ ਤਰ੍ਹਾਂ ਮਨਤਾਰ ਸਿੰਘ ਬਰਾੜ ਦਾ ਨਾਂਅ ਇਸ ਮਾਮਲੇ ਵਿਚ ਆਇਆ। ਉਸ ਨੂੰ ਕੋਟਕਪੂਰਾ ਦੇ ਹਲਕਾ ਇੰਚਾਰਜ ਵਜੋਂ ਵੀ ਜਾਣਿਆ ਜਾਂਦਾ ਸੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਉਸ ਸਮੇਂ ਹਲਕਾ ਇੰਚਾਰਜ ਇਕ ਅਜਿਹਾ ਅਹੁਦਾ ਸੀ ਜਿਸ ਦੇ ਕਹਿਣ ’ਤੇ ਸਥਾਨਕ ਪ੍ਰਸ਼ਾਸਨ ਚੱਲਦਾ ਸੀ, ਖ਼ਾਸ ਕਰਕੇ ਪੁਲਿਸ ਥਾਣਿਆਂ ਦੇ ਮਾਮਲੇ ਵਿਚ- ਚਾਰਜਸ਼ੀਟ ਇਹ ਕਹਿੰਦੀ ਹੈ।

ਸਿੱਟ ਨੇ ਮਨਤਾਰ ਬਰਾੜ ਅਤੇ ਪੰਜਾਬ ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸੈਕਰੇਟਰੀ ਗਗਨਦੀਪ ਸਿੰਘ ਬਰਾੜ ਵਿਚਾਲੇ ਹੋਈਆਂ ਫ਼ੋਨ ਕਾਲਾਂ ਦੀ ਡਿਟੇਲ ਵੀ ਪੇਸ਼ ਕੀਤੀ ਹੈ। ਮਨਤਾਰ ਬਰਾੜ ਅਤੇ ਮੁੱਖ ਮੰਤਰੀ ਦੇ ਓਐਸਡੀ ਗੁਰਚਰਨ ਸਿੰਘ ਵਿਚਕਾਰ ਹੋਈਆਂ ਫ਼ੋਨ ਕਾਲਾਂ ਦਾ ਵਿਸਥਾਰ ਵੀ ਰਿਕਾਰਡ ਵਿਚ ਲਿਆਂਦਾ ਗਿਆ ਹੈ।

ਇਸ ਤੋਂ ਇਲਾਵਾ ਮਨਤਾਰ ਬਰਾੜ ਨੂੰ ਸੈਣੀ ਵਲੋਂ 3 ਫ਼ੋਨ ਕਾਲਾਂ ਵੀ ਆਈਆਂ। ਉਹ ਕੋਟਕਪੂਰਾ ਦੇ ਐਸਐਚਓ ਅਤੇ ਬਜਖ਼ਾਨਾ ਦੇ ਐਸਐਚਓ ਨਾਲ ਵੀ ਗੱਲਬਾਤ ਕਰ ਰਿਹਾ ਸੀ। ਇਹ ਸਾਰੀਆਂ ਕਾਲਾਂ ਅਕਤੂਬਰ 13 ਅਤੇ 14 ਵਿਚਕਾਰਲੀ ਰਾਤ ਨੂੰ ਕੀਤੀਆਂ ਗਈਆਂ।

ਮਨਤਾਰ ਬਰਾੜ ਨੇ 14 ਅਕਤੂਬਰ ਨੂੰ ਸਵੇਰੇ 2:28 ਵਜੇ ਗਗਨਦੀਪ ਬਰਾੜ ਨਾਲ 81 ਸਕਿੰਟਾਂ ਲਈ ਗੱਲ ਕੀਤੀ। ਉਸ ਨੂੰ ਗੁਰਚਰਨ ਸਿੰਘ ਦੇ ਫ਼ੋਨ ਤੋਂ 2 ਕਾਲਾਂ ਆਈਆਂ ਅਤੇ ਮਨਤਾਰ ਬਰਾੜ ਨੇ 3 ਫ਼ੋਨ ਕਾਲਾਂ ਓਸੇ ਨੰਬਰ ’ਤੇ ਕੀਤੀਆਂ। ਇਹ ਸਾਰੀਆਂ ਕਾਲਾਂ ਸਵੇਰ ਦੇ 2:53 ਵਜੇ ਤੋਂ ਲੈ ਕੇ 3:17 ਵਜੇ ਦੇ ਦਰਮਿਆਨ ਹੋਈਆਂ। 

ਚਾਰਜਸ਼ੀਟ ਵਿਚ ਦਰਜ ਹੈ “ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਉਹ (ਮਨਤਾਰ ਬਰਾੜ) 14 ਅਕਤੂਬਰ ਸਵੇਰੇ 2 ਵਜੇ ਤੋਂ ਲੈ ਫਾਇਰਿੰਗ ਹੋਣ ਤੱਕ ਫ਼ੋਨ ’ਤੇ ਵਿਅਸਤ ਰਿਹਾ। 838 ਸਕਿੰਟ ਅਤੇ 537 ਸਕਿੰਟ ਦੀ ਉਸ ਸਮੇਂ ਦੇ ਡੀਜੀਪੀ ਸੈਣੀ ਨਾਲ ਹੋਈਆਂ ਕਾਲਾਂ ਇਹ ਦਰਸਾਉਂਦੀਆਂ ਹਨ ਕਿ ਇਹ ਦੋਵੇਂ ਫਾਇਰਿੰਗ ਕਰਕੇ ਧਰਨਾ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਅਪਣੀ ਸਕੀਮ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਤਿਆਰੀ ਕਰ ਰਹੇ ਸਨ। ਇਹ ਉਹੀ ਸਕੀਮ ਸੀ, ਜਿਸ ਨੂੰ ਉਸ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਉਸ ਸਮੇਂ ਦੇ ਮੁੱਖ ਮੰਤਰੀ ਨਾਲ ਘੜਿਆ ਸੀ।”

ਚਾਰਜਸ਼ੀਟ ਵਿਚ ਅੱਗੇ ਦਰਜ ਹੈ “ਮਨਤਾਰ ਬਰਾੜ ਨੇ 13 ਅਕਤੂਬਰ ਸ਼ਾਮ 5 ਵਜੇ ਤੋਂ ਲੈ ਕੇ 14 ਅਕਤੂਬਰ ਦੁਪਹਿਰ 1 ਵਜੇ ਤੱਕ 157 ਵਾਰ ਅਨੇਕਾਂ ਵਿਅਕਤੀਆਂ ਨੂੰ ਜਾਂ ਤਾਂ ਫ਼ੋਨ ਕੀਤੇ ਜਾਂ ਫ਼ੋਨ ਰਿਸੀਵ ਕੀਤੇ। ਇਨ੍ਹਾਂ 157 ਕਾਲਾਂ ਵਿਚੋਂ 102 ਕਾਲਾਂ 13 ਅਕਤੂਬਰ ਰਾਤ 8 ਵਜੇ ਤੋਂ ਅਗਲੀ ਸਵੇਰ 11 ਵਜੇ ਤੱਕ ਸਨ। ਇਹ ਦਰਸਾਉਂਦਾ ਹੈ ਕਿ ਉਹ ਇਸ ਸਾਰੀ ਪ੍ਰਕਿਰਿਆ ਵਿਚ ਸ਼ਾਮਲ ਸੀ ਅਤੇ ਐਸਐਚਓ, ਡੀਜੀਪੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਰਾਬਤੇ ਵਿਚ ਰਿਹਾ।

ਇਸ ਸਮੇਂ ਦੌਰਾਨ ਹੀ ਕੋਟਕਪੂਰਾ ਵਿਖੇ ਪੁਲਿਸ ਕਾਰਵਾਈ ਹੋਈ ਸੀ। ਬਹਿਬਲ ਕਲਾਂ ਗੋਲੀਕਾਂਡ ਤੋਂ ਬਾਅਦ ਵੀ ਉਹ ਕਈ ਅਫ਼ਸਰਾਂ ਨਾਲ ਰਾਬਤੇ ਵਿਚ ਸੀ ਜੋ ਕਿ ਉਸ ਦਾ ਮੰਤਵ ਦਰਸਾਉਂਦਾ ਹੈ। ਇੰਡੀਅਨ ਐਵੀਡੈਂਸ ਐਕਟ 1872 ਦੇ ਸੈਕਸ਼ਨ-8 ਦੇ ਤਹਿਤ ਇਹ ਸਭ ਉਸ ਨੂੰ ਪੁਲਿਸ ਫਾਇਰਿੰਗ ਨਾਲ ਜੋੜਦਾ ਹੈ। ਉੱਪਰ ਦਿਤੇ ਗਏ ਤੱਥ ਅਤੇ ਹਾਲਾਤ ਇਹ ਸਾਬਿਤ ਕਰਦੇ ਹਨ ਕਿ ਕੋਟਕਪੂਰਾ ਚੌਂਕ ’ਤੇ ਹੋਈ ਫਾਇਰਿੰਗ ਮਨਤਾਰ ਬਰਾੜ, ਉਸ ਸਮੇਂ ਦੇ ਮੁੱਖ ਮੰਤਰੀ ਅਤੇ ਸੈਣੀ ਵਿਚਕਾਰ ਹੋਈ ਸਾਜ਼ਿਸ਼ ਦਾ ਨਤੀਜਾ ਸੀ।

ਏਡੀਜੀਪੀ ਇੰਟੈਲੀਜੈਂਸ ਦਾ ਤਬਾਦਲਾ

ਚਾਰਜਸ਼ੀਟ ਉਸ ਸਮੇਂ ਦੇ ਏਡੀਜੀਪੀ ਦੇ ਤਬਾਦਲੇ ਅਤੇ ਪੰਜਾਬ ਭਰ ਵਿਚ ਅਕਤੂਬਰ 2015 ਵਿਚ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਵਿਚ ਸਬੰਧ ਹੋਣ ਵੱਲ ਵੀ ਇਸ਼ਾਰਾ ਕਰਦੀ ਹੈ। ਐਸਆਈਟੀ ਦਾ ਕਹਿਣਾ ਹੈ ਕਿ 1985 ਬੈਚ ਦੇ ਆਈਪੀਐਸ ਅਫ਼ਸਰ ਐਚ.ਐਸ. ਢਿੱਲੋਂ ਦਾ ਤਬਾਦਲਾ ਏਡੀਜੀਪੀ ਇੰਟੈਲੀਜੈਂਸ ਦੇ ਅਹੁਦੇ ਤੋਂ 10 ਅਕਤੂਬਰ 2015 ਕਰ ਦਿਤਾ ਗਿਆ ਸੀ।

ਉਨ੍ਹਾਂ ਦੀ ਥਾਂ ਡੀਆਈਜੀ ਰੈਂਕ ਦੇ ਅਫ਼ਸਰ ਆਰ.ਕੇ. ਜੈਸਵਾਲ ਨੂੰ ਨਿਯੁਕਤ ਕੀਤਾ ਗਿਆ ਅਤੇ ਇਹ ਹਦਾਇਤਾਂ ਦਿਤੀਆਂ ਗਈਆਂ ਕਿ ‘ਉਹ ਪੰਜਾਬ ਡੀਜੀਪੀ ਨੂੰ ਹੀ ਰਿਪੋਰਟ ਕਰੇ।’ ਐਸਆਈਟੀ ਨੇ ਕਿਹਾ ਹੈ ਕਿ ਜੈਸਵਾਲ ਨੂੰ ਏਡੀਜੀਪੀ ਨਿਯੁਕਤ ਕੀਤਾ ਗਿਆ ਜਦੋਂ ਕਿ ਉਸ ਅਹੁਦੇ ਲਈ ਹੋਰ ਵੀ ਕਈ ਸੀਨੀਅਰ ਅਫ਼ਸਰ ਮੌਜੂਦ ਸਨ। 

ਸਿੱਟ ਨੇ ਬੇਅਦਬੀ ਦੀਆਂ 15 ਘਟਨਾਵਾਂ ਦੀ ਸੂਚੀ ਵੀ ਕੋਰਟ ਵਿਚ ਦਰਜ ਕੀਤੀ ਹੈ ਜੋ ਕਿ ਏਡੀਜੀਪੀ ਤਬਾਦਲੇ ਨਾਲ ਸਬੰਧਤ ਉਸ ਸਾਲ 10 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਹੋਈਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement