
ਜਾਣੋ, ਕੀ ਹੈ ਪੂਰਾ ਮਾਮਲਾ
ਕੋਟਕਪੁਰਾ: ਸ਼੍ਰੀ ਗੁਰੂ ਗ੍ਰੰਥ ਸਾਹਿਬ ਗੋਲੀਕਾਂਡ ਨੂੰ ਲੈ ਕੇ ਲੋਕਾਂ ਦੇ ਦਿਲਾਂ ਵਿਚ ਅੱਜ ਵੀ ਰੋਸ ਜ਼ਿੰਦਾ ਹੈ। ਲੋਕਾਂ ਨੂੰ ਇਸ ਦਾ ਅਜੇ ਤਕ ਇਨਸਾਫ਼ ਨਹੀਂ ਮਿਲ ਸਕਿਆ। ਇਸ ਗੋਲੀਕਾਂਡ ਨੂੰ ਲਗਭਗ ਸਾਢੇ ਤਿੰਨ ਸਾਲ ਹੋ ਚੁੱਕੇ ਹਨ। ਇਸ ਗੋਲੀਕਾਂਡ ਵਿਚ ਦੋ ਨੌਜਵਾਨਾਂ ਨੇ ਜਾਨ ਵੀ ਗਵਾਈ। ਇਹਨਾਂ ਵਿਚੋਂ ਇਕ ਦਾ ਨਾਮ ਗੁਰਜੀਤ ਸਿੰਘ ਸੀ। ਸਪੋਕਸਮੈਨ ਵੈਬ ਟੀਵੀ ਨਾਲ ਇਕ ਖ਼ਾਸ ਮੁਲਾਕਾਤ ਦੌਰਾਨ ਗੁਰਜੀਤ ਸਿੰਘ ਦੇ ਪਰਵਾਰ ਨੇ ਗੋਲੀਕਾਂਡ ’ਤੇ ਕੁੱਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ।
Photo
ਇਸ ਮੁਲਾਕਾਤ ਵਿਚ ਸਪੋਕਸਮੈਨ ਵੈਬ ਟੀਵੀ ਨੇ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨਾਲ ਗੱਲਬਾਤ ਕੀਤੀ। ਉਹਨਾਂ ਨੂੰ ਪੱਛਿਆ ਗਿਆ ਕਿ ਗੁਰਜੀਤ ਸਿੰਘ ਦੀ ਮੌਤ ਦਾ ਉਹਨਾਂ ਨੂੰ ਕਿਵੇਂ ਪਤਾ ਲਗਿਆ ਤਾਂ ਉਹਨਾਂ ਨੇ ਜਵਾਬ ਵਿਚ ਕਿਹਾ ਕਿ ਉਹ ਵਿਦੇਸ਼ ਵਿਚ ਸੀ। ਉਹਨਾਂ ਨੂੰ ਫੋਨ ਜਾਂਦੇ ਰਹੇ ਸਨ ਪਰ ਕੋਈ ਸਹੀ ਤਰੀਕੇ ਨਾਲ ਗਲ ਨਹੀਂ ਦਸ ਰਿਹਾ ਸੀ ਕਿ ਗੁਰਜੀਤ ਦੀ ਮੌਤ ਹੋ ਚੁੱਕੀ ਹੈ।
Photo
ਇਸ ਤੋਂ ਬਾਅਦ ਤਕਰੀਬਨ ਦੋ ਘੰਟਿਆਂ ਬਾਅਦ ਫੋਨ ਤੇ ਫੋਟੋਆਂ ਭੇਜੀਆਂ ਗਈਆਂ ਜਿਸ ਤੋਂ ਨਿਸ਼ਚਿਤ ਕੀਤਾ ਗਿਆ ਕਿ ਸਚਮੁੱਚ ਗੁਰਜੀਤ ਦੀ ਮੌਤ ਹੋ ਗਈ ਹੈ। ਉਹ ਤੀਜੇ ਦਿਨ ਪੰਜਾਬ ਵਿਚ ਵਾਪਸ ਆਏ। ਉਹਨਾਂ ਦਾ ਦਸਣਾ ਹੈ ਕਿ ਗੁਰਜੀਤ ਉੱਥੇ ਕੁੱਝ ਹੋਰ ਮੁੰਡਿਆਂ ਨਾਲ ਲੰਗਰ ਵਰਤਾਉਣ ਗਿਆ ਸੀ। ਉਹ ਉੱਥੇ 9 ਵਜੇ ਗਏ ਸਨ, ਜਿਵੇਂ ਹੀ ਉਹ ਉੱਥੇ ਪਹੁੰਚਿਆ ਉਸੇ ਵਕਤ ਹੀ ਪੁਲਿਸ ਨੇ ਗੋਲੀਆਂ ਚਲਾਉਣੀਆਂ ਸ਼ੂਰੂ ਕਰ ਦਿੱਤੀਆਂ।
Bargadi Kand
ਗੋਲੀਬਾਰੀ ਦੌਰਾਨ ਇਕ ਗੋਲੀ ਉਸ ਦੇ ਮੱਥੇ ਵਿਚ ਲੱਗਣ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। 10 ਵਜੇ ਉਸ ਨੂੰ ਘਰ ਲਿਆਂਦਾ ਗਿਆ। ਪਰ ਇਸ ਸਮੇਂ ਸਰਕਾਰ ਅਤੇ ਪ੍ਰਸ਼ਾਸ਼ਨ ਦਾ ਕੋਈ ਵੀ ਅਧਿਕਾਰੀ ਉਹਨਾਂ ਦੇ ਘਰ ਨਹੀਂ ਪਹੁੰਚਿਆ। ਉਸ ਦੀ ਮ੍ਰਿਤਕ ਸ਼ਰੀਰ ਨੂੰ ਜੈਤੋ ਲੈ ਗਏ ਤੇ ਉਸ ਦਾ ਪੋਸਟਮਾਰਟਮ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੀ ਮਕਸਦ ਸੀ ਕਿ ਮ੍ਰਿਤਕ ਸ਼ਰੀਰ ਨੂੰ ਗਾਇਬ ਕਰ ਦਿੱਤਾ ਜਾਵੇ। ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਦਸਿਆ ਕਿ ਪਿੰਡ ਦੇ ਨੌਜਵਾਨਾਂ ਨੇ ਐਂਬੂਲੈਂਸ ਅੱਗੇ ਮੋਟਰਸਾਇਕਲ ਲਾ ਕੇ ਐਂਬੂਲੈਂਸ ਨੂੰ ਰੋਕਿਆ ਅਤੇ ਮ੍ਰਿਤਕ ਸ਼ਰੀਰ ਨੂੰ ਉਹਨਾਂ ਤੋਂ ਖੋਹ ਲਿਆ।
ਇਸ ਵਾਰਦਾਤ ਤੋਂ 8 ਦਿਨ ਬਾਅਦ ਐਸਡੀਐਮ ਉਹਨਾਂ ਦੇ ਘਰ ਆਇਆ ਸੀ ਅਤੇ ਉਸ ਤੋਂ ਅਗਲੇ ਦਿਨ ਡੀਸੀ ਵੀ ਆਇਆ। ਉਸ ਨੇ ਕਿਹਾ ਸਾਨੂੰ ਬਾਦਲ ਸਰਕਾਰ ਜੋ ਆਦੇਸ਼ ਦੇਵੇਗੀ ਅਸੀਂ ਤਾਂ ਉਹੀ ਕਰ ਸਕਦੇ ਹਾਂ। ਸਾਧੂ ਸਿੰਘ ਦੇ ਪਰਵਾਰ ਨੇ ਦਸਿਆ ਕਿ ਗੁਰਜੀਤ ਦੀ ਉਮਰ ਉਸ ਸਮੇਂ 27 ਸਾਲ ਸੀ। ਉਹਨਾਂ ਦਸਿਆ ਕਿ ਇਸ ਘਟਨਾ ਦੌਰਾਨ ਸਾਰਾ ਪਰਵਾਰ ਪੂਰੇ ਸਦਮੇ ਵਿਚ ਸੀ। ਗੁਰਜੀਤ ਸਿੰਘ ਦੇ ਪਰਵਾਰ ਦਾ ਦਾਅਵਾ ਹੈ ਕਿ ਪੁਲਿਸ ਨੇ ਸਾਰੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।
Bargadi Morcha
ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਉਹਨਾਂ ਦੇ 12 ਬੰਦੇ ਫੜ ਕੇ ਅੰਦਰ ਕਰ ਦਿੱਤੇ ਹਨ। ਉਹਨਾਂ ਦੇ ਕਹਿਣੇ ਅਨੁਸਾਰ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਦੋਂ ਤਕ ਇਨਸਾਫ਼ ਨਹੀਂ ਮਿਲਦਾ ਉਹ ਬੇਉਮੀਦ ਹਨ। ਗੁਰਜੀਤ ਸਿੰਘ ਦਾ ਪਰਵਾਰ ਕਹਿੰਦਾ ਹੈ ਕਿ ਉਹਨਾਂ ਨੂੰ ਕੁੰਵਰ ਵਿਜੈ ਪ੍ਰਤਾਪ ਦਾ ਥੋੜਾ ਆਸਰਾ ਮਿਲਿਆ ਸੀ ਪਰ ਉਸ ਦੀ ਵੀ ਬਦਲੀ ਕਰਵਾ ਦਿੱਤੀ ਗਈ।
ਜਿੰਨੇ ਅਕਾਲੀ ਦਲ ਦੋਸ਼ੀ ਹਨ ਉਸ ਤੋਂ ਵਧ ਭਾਜਪਾ ਹੈ। ਭਾਜਪਾ ਉਹਨਾਂ ਦੇ ਹਰ ਮਾੜੇ ਚੰਗੇ ਕੰਮ ਵਿਚ ਸਾਥ ਦਿੰਦੀ ਹੈ। ਕੈਪਟਨ ਸਰਕਾਰ ਨੇ ਉਹਨਾਂ ਨੂੰ 90 ਲੱਖ ਦਾ ਮੁਆਵਜ਼ਾ ਦਿੱਤਾ ਹੈ। ਸਾਧੂ ਸਿੰਘ ਅਨੁਸਾਰ ਕਾਂਗਰਸ ਵੱਲੋਂ ਉਹਨਾਂ ਨੂੰ ਸਹਾਇਤਾ ਮਿਲੀ ਹੈ। ਉਹਨਾਂ ਦੀ ਸਭ ਤੋਂ ਵੱਡੀ ਮੰਗ ਇਹੀ ਹੈ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਸਰਕਾਰ ਨੂੰ ਉਹਨਾਂ ਨੇ ਮੰਗ ਕੀਤੀ ਸੀ ਕਿ ਸ਼ਹੀਦਾਂ ਦੀ ਯਾਦ ਵਿਚ ਸੜਕ ਅਤੇ ਸਕੂਲ ਬਣਨੇ ਚਾਹੀਦੇ ਹਨ।
ਮੰਗਾਂ ਪੂਰੀਆਂ ਕਰਨ ਦਾ ਦਿਲਾਸਾ ਦਿੱਤੇ ਜਾਣ ਦੇ ਬਾਵਜੂਦ ਕਿਸੇ ਨੇ ਅਜੇ ਤਕ ਕੋਈ ਸਾਰ ਨਹੀਂ ਲਈ। ਗੁਰਜੀਤ ਦੇ ਭਰਾ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਦੋਸ਼ੀ ਤਾਂ ਬਾਦਲ ਸਰਕਾਰ ਹੀ ਹੈ ਕਿਉਂਕਿ ਉਸ ਨੇ ਹੀ ਇਸ ਗੋਲੀਕਾਂਡ ਦਾ ਹੁਕਮ ਜਾਰੀ ਕੀਤਾ ਸੀ।