
ਕਿਹਾ - ਮੁੱਦਾ ਬੇਹੱਦ ਭਾਵਨਾਤਮਕ, ਸੋ ਬਗੈਰ ਵਾਦ-ਵਿਵਾਦ ਦੇ ਆਪਸੀ ਤਾਲਮੇਲ ਨਾਲ ਕੀਤੀ ਜਾਵੇ ਜਾਂਚ
ਚੰਡੀਗੜ੍ਹ : 14 ਅਕਤੂਬਰ 2015 ਦੇ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਤਾਜ਼ਾ ਵਖਰੇਵੇਂ ਦੀਆਂ ਮੀਡੀਆ ਕਿਆਸਅਰਾਈਆਂ ਨੂੰ ਪਾਜੰਬ ਦੇ ਕਾਰਜਕਾਰੀ ਡੀਜੀਪੀ ਵੀਕੇ ਭਾਵੜਾ ਨੇ ਅੱਜ ਲਗਭਗ ਠੱਲ੍ਹ ਪਾ ਦਿੱਤੀ ਹੈ। ਭਾਵੜਾ ਨੇ ਐਸਆਈਟੀ ਦੇ ਮੈਂਬਰਾਂ ਨਾਲ ਅੱਜ ਚੰਡੀਗੜ੍ਹ ਵਿਖੇ ਕਰੀਬ ਪੌਣੇ 2 ਘੰਟੇ ਬੰਦ ਕਮਰਾ ਮੁਲਾਕਾਤਾਂ ਕੀਤੀਆਂ। ਅੰਦਰੂਨੀ ਪੁਲਿਸ ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਇਸ ਦੌਰਾਨ ਐਸਆਈਟੀ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਆਈ.ਜੀ. ਦੀ ਮੌਦੂਦਗੀ 'ਚ ਐਸਆਈਟੀ ਦੇ ਹੋਰਨਾਂ ਮੈਂਬਰਾਂ ਨੇ ਆਪਣੀ ਗੱਲ ਸਾਹਮਣੇ ਰੱਖੀ। ਮੈਂਬਰਾਂ ਨੇ ਸਪਸ਼ਟ ਕੀਤਾ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਟੀਮ ਦੇ ਦੂਜੇ ਮੈਂਬਰਾਂ 'ਚ ਤਾਲਮੇਲ ਦੀ ਕਮੀ ਹੈ।
V.K Bhawra
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਉੱਚ ਪੱਧਰੀ ਬੈਠਕ ਦੌਰਾਨ ਭਾਵੜਾ ਨੇ ਹਾਲ ਹੀ 'ਚ ਫ਼ਰੀਦਕੋਟ ਅਦਾਲਤ 'ਚ ਪੇਸ਼ ਕੀਤੇ ਗਏ ਚਲਾਨ ਤੇ ਵੀ ਨਜ਼ਰਸਾਨੀ ਕੀਤੀ ਅਤੇ ਬਕਾਇਦਾ ਤੌਰ 'ਤੇ ਆਪਣੇ ਵੱਲੋਂ ਇਸ 'ਤੇ ਇਕ ਨੋਟ ਵੀ ਲਿਖਿਆ ਹੈ। ਬੈਠਕ ਦੌਰਾਨ ਸਮੂਹ ਐਸਆਈਟੀ ਮੈਂਬਰਾਂ ਦੀ ਇਕੱਠਿਆਂ ਅਤੇ ਬਾਅਦ 'ਚ ਇਕੱਲਿਆਂ-ਇਕੱਲਿਆਂ ਗੱਲ ਸੁਣੀ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰਜਕਾਰੀ ਡੀਜੀਪੀ ਨੇ ਐਸਆਈਟੀ ਦੀ ਜਾਂਚ ਅਧੀਨ ਚੱਲ ਰਹੇ ਗੋਲੀਕਾਂਡਾਂ ਨੂੰ ਬੇਹੱਦ ਸੰਵੇਦਨਸ਼ੀਲ ਅਤੇ ਭਾਵਨਾਤਮਕ ਮੁੱਦੇ ਕਰਾਰ ਦਿੰਦੇ ਹੋਏ ਸਾਰੀ ਟੀਮ ਨੂੰ ਬਗੈਰ ਕਿਸੇ ਵਾਦ-ਵਿਵਾਦ ਦੇ ਆਪਸੀ ਤਾਲਮੇਲ ਨਾਲ ਜਾਂਚ ਨੂੰ ਸਮੇਂ ਸਿਰ ਸਿਰੇ 'ਤੇ ਲਿਜਾਉਣ ਦੀ ਸਖ਼ਤ ਤਾਕੀਦ ਕੀਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਏਡੀਜੀਪੀ ਪ੍ਰਬੋਧ ਕੁਮਾਰ ਨੂੰ ਸੱਭ ਤੋਂ ਪਹਿਲਾਂ ਵੱਖਰੇ ਤੌਰ 'ਤੇ ਸਮਾਂ ਦਿੰਦਿਆਂ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ।
SIT
ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਮੂਹ ਸਿਟ ਮੈਂਬਰਾਂ ਨੂੰ ਉਚੇਚੀ ਤਾਕੀਦ ਹੋਈ ਹੈ ਕਿ ਅੱਗੇ ਤੋਂ ਜਾਂਚ ਦੇ ਦੌਰਾਨ ਜਦੋਂ ਵੀ ਕਿਸੇ ਕੋਲੋਂ ਪੁਛਗਿਛ ਦੀ ਲੋੜ ਪੈਂਦੀ ਹੈ ਤਾਂ ਟੀਮ ਦੇ ਘੱਟ ਤੋਂ ਘੱਟ 3 ਜਾਂ ਫਿਰ ਸਾਰੇ ਪੰਜੇ ਮੈਂਬਰ ਇਸ 'ਚ ਸ਼ਾਮਲ ਹੋਣਗੇ ਅਤੇ ਕੋਈ ਵੀ ਆਈਜੀ ਰੈਂਕ ਦਾ ਮੈਂਬਰ ਕਿਸੇ ਕੋਲੋਂ ਇਕੱਲੇ ਤੌਰ 'ਤੇ ਪੁਛਗਿਛ ਨਹੀਂ ਕਰੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਦਾਲਤ 'ਚ ਚਾਰਜਸ਼ੀਟ ਤਹਿਤ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਸੌਦਾ ਸਾਧ ਬਾਰੇ ਕੀਤੇ ਗਏ ਇੰਦਰਾਜਾਂ 'ਤੇ ਵੀ ਸਿਟ ਮੈਂਬਰਾਂ ਨੇ ਆਪੋ-ਆਪਣਾ ਨਜ਼ਰੀਆ ਸਪਸ਼ਟ ਕਰ ਲਿਆ ਹੈ। ਬੈਠਕ ਮਗਰੋਂ ਸਮੂਹ ਸਿਟ ਮੈਂਬਰਾਂ ਵੱਲੋਂ ਤਸੱਲੀ ਜਾਹਰ ਕੀਤੀ ਗਈ ਦੱਸੀ ਜਾ ਰਹੀ ਹੈ।