
1986 ਦਾ ਨਕੋਦਰ ਗੋਲੀ ਕਾਂਡ
ਚੰਡੀਗੜ੍ਹ, 2 ਜੂਨ (ਨੀਲ ਭਲਿੰਦਰ ਸਿੰਘ): ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਿੱਖਾਂ ਉੱਤੇ 1986 'ਚ ਵਾਪਰੇ ਨਕੋਦਰ ਗੋਲੀ ਕਾਂਡ ਦੇ ਮਾਮਲੇ 'ਤੇ ਬਣੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰੀਪੋਰਟ 'ਅੱਧੀ-ਅਧੂਰੀ' ਰਹਿ ਗਈ ਹੋਣ ਬਾਰੇ ਗ੍ਰਹਿ ਵਿਭਾਗ ਪੰਜਾਬ ਦੇ ਵਧੀਕ ਮੁਖ ਸਕੱਤਰ ਨੂੰ ਬਣਦੀ ਜਾਂਚ ਦੇ ਹੁਕਮ ਜਾਰੀ ਕਰ ਦਿਤੇ ਹਨ।
ਮੁੱਖ ਮੰਤਰੀ ਵਲੋਂ ਇਹ ਕਾਰਵਾਈ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਘੱਲੇ ਮੰਗ ਪੱਤਰ ਦੇ ਜਵਾਬ ਵਿਚ ਜਾਰੀ ਕੀਤੇ ਗਏ ਹਨ। ਸ. ਢੀਂਡਸਾ ਵਲੋਂ 20 ਮਾਰਚ ਨੂੰ ਇਸ ਬਾਬਤ ਮੁਖ ਮੰਤਰੀ ਨੂੰ ਇਕ ਮੰਗ ਪੱਤਰ ਲਿਖਿਆ ਗਿਆ ਸੀ। ਮੁੱਖ ਮੰਤਰੀ ਦਫ਼ਤਰ ਵਲੋਂ 16 ਮਈ ਨੂੰ ਢੀਂਡਸਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਸਤਾਖਰਾਂ ਹੇਠ ਭੇਜੇ ਗਏ ਜਵਾਬੀ ਪੱਤਰ (ਨੰਬਰ ਸੀਐਮਪੀ-20/360) ਵਿਚ ਮੁੱਖ ਮੰਤਰੀ ਵਲੋਂ ਸ. ਢੀਂਡਸਾ ਨੂੰ ਸੰਬੋਧਨ ਹੁੰਦਿਆਂ ਇਸ ਮਾਮਲੇ ਨੂੰ ਘੋਖਣ ਲਈ ਕਹਿ ਦਿਤਾ ਗਿਆ ਹੋਣ ਦੀ ਸੂਚਨਾ ਪਹੁੰਚਾਈ ਗਈ ਹੈ।
ਸ. ਢੀਂਡਸਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਘੋਖਣ ਦੀ ਮੰਗ ਕੀਤੀ ਸੀ ਕਿ ਪੰਜਾਬ ਵਿਧਾਨ ਸਭਾ ਲਾਇਬ੍ਰੇਰੀ ਵਿਚ ਇਕ ਮੌਜੂਦਾ ਵਿਧਾਇਕ ਦੇ ਸਵਾਲ ਦੇ ਜਵਾਬ ਵਿਚ 13 ਫ਼ਰਵਰੀ 2019 ਨੂੰ ਖ਼ੁਦ ਸਪੀਕਰ ਵਲੋਂ ਦਸਿਆ ਗਿਆ ਹੋਣ ਕਿ ਰੀਪੋਰਟ 15 ਮਾਰਚ 2001 ਨੂੰ ਇਸ ਸਦਨ ਵਿਚ ਟੇਬਲ ਕੀਤੀ ਜਾਂਦੀ ਹੈ ਅਤੇ ਹੁਣ ਇਹ ਲਾਇਬ੍ਰੇਰੀ ਦਾ ਹਿੱਸਾ ਹੈ, ਤਾਂ ਲਾਇਬ੍ਰੇਰੀ ਵਿਚ ਜਾ ਕੇ ਵੇਖਿਆ ਗਿਆ। ਕਮਿਸ਼ਨ ਰਿਪੋਰਟ ਲਾਇਬ੍ਰੇਰੀ ਰਿਕਾਰਡ ਵਿਚ ਮੌਜੂਦ ਜ਼ਰੂਰ ਸੀ, ਪਰ ਉਸ ਦਾ ਪਹਿਲਾ ਹਿਸਾ ਛੱਡ ਕੇ ਬਾਕੀ ਉਹ ਭਾਗ ਨਹੀਂ ਸੀ
, ਜਿਸ ਵਿਚ ਸੰਭਵ ਤੌਰ ਉਤੇ ਕਮਿਸ਼ਨ ਦੀਆਂ ਲੱਭਤਾਂ (ਫ਼ਾਇੰਡਿੰਗਜ਼) ਅਤੇ ਦੋਸ਼ੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੋਵੇ। ਢੀਂਡਸਾ ਵਲੋਂ ਮੁੱਖ ਮੰਤਰੀ ਕੋਲ ਸਮੁੱਚਾ ਮਾਮਲਾ ਕਿ ਕਾਰਵਾਈ ਕਿਉਂ ਨਹੀਂ ਹੋਈ ਅਤੇ ਜਾਂਚ ਰਿਪੋਰਟ ਸੰਪੂਰਨ ਰੂਪ ਵਿਚ ਕਿਥੇ ਹੈ, ਦੀ ਮੰਗ ਚੁਕੀ ਗਈ ਹੈ। ਨਾਲ ਹੀ ਜ਼ੋਰ ਦੇ ਕੇ ਇਹ ਵੀ ਮੰਗ ਰੱਖੀ ਗਈ ਹੈ ਕਿ ਸੰਪੂਰਨ ਰੀਪੋਰਟ ਨਾ ਮਿਲਣ ਦੀ ਸੂਰਤ ਵਿਚ ਗੋਲੀ ਕਾਂਡ ਦੀ ਮੁੜ ਜਾਂਚ ਹੀ ਕਰਵਾ ਲਈ ਜਾਵੇ।
File photo
ਦਸਣਯੋਗ ਹੈ ਕਿ ਲੰਘੇ ਵਰੇ ਜੁਲਾਈ ਮਹੀਨੇ ਹੀ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ, ਗ੍ਰਹਿ ਵਿਭਾਗ, ਸਾਬਕਾ ਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ, ਸਾਬਕਾ ਡੀਜੀਪੀ ਮੁਹੰਮਦ ਇਜ਼ਹਾਰ ਆਲਮ ਤੇ ਸਾਬਕਾ ਐਸਪੀ ਹੈੱਡਕੁਆਰਟਰ ਜਲੰਧਰ ਏ.ਕੇ. ਸ਼ਰਮਾ ਨੂੰ ਨੋਟਿਸ ਜਾਰੀ ਕਰ ਦਿਤੇ ਸਨ। ਇਸ ਮਾਮਲੇ 'ਤੇ ਅਗਲੀ ਸੁਣਵਾਈ ਆਉਂਦੀ 20 ਜੁਲਾਈ ਨੂੰ ਹੋਵੇਗੀ। ਇਸ ਪਟੀਸ਼ਨ ਤਹਿਤ ਅਕਾਲੀ ਦਲ ਦੇ ਫ਼ਤਿਹਗੜ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਉਮੀਦਵਾਰ ਰਹੇ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ (ਤਤਕਾਲੀ ਜ਼ਿਲਾ ਕਮਿਸ਼ਨਰ ਜਲੰਧਰ), ਤਤਕਾਲੀ ਐਸਐਸਪੀ ਮੁਹੰਮਦ ਇਜਾਹਾਰ ਆਲਮ ਅਤੇ ਸਾਬਕਾ ਐਸਪੀ ਹੈੱਡਕੁਆਰਟਰ ਐਸ ਕੇ ਸ਼ਰਮਾ ਵਿਰੁਧ ਕਾਰਵਾਈ ਮੰਗੀ ਗਈ ਹੈ।
ਦਸਣਯੋਗ ਹੈ ਕਿ ਗੋਲੀ ਕਾਂਡ ਵਿਚ ਸ਼ਹੀਦ ਹੋਏ 4 ਨੌਜਵਾਨਾਂ 'ਚੋਂ ਇਕ ਰਵਿੰਦਰ ਸਿੰਘ ਲਿੱਤਰਾ ਦੇ ਪਿਤਾ ਬਲਦੇਵ ਸਿੰਘ ਨੇ ਐਡਵੋਕੇਟ ਹਰੀ ਚੰਦ ਅਰੋੜਾ ਰਾਹੀਂ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਜਿਸ ਤਹਿਤ ਮੰਗ ਕੀਤੀ ਗਈ ਹੈ ਕਿ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਲੋਂ ਨਕੋਦਰ ਗੋਲੀ ਕਾਂਡ ਦੀ ਜਾਂਚ ਹਿਤ ਗਠਤ ਸੇਵਾਮੁਕਤ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰੀਪੋਰਟ ਉਤੇ ਕਾਰਵਾਈ ਕੀਤੀ ਜਾਵੇ। ਇਹ ਵੀ ਦਸਣਯੋਗ ਹੈ ਕਿ ਨਕੋਦਰ ਸਾਕੇ ਨਾਲ ਜਾਣੇ ਜਾਂਦੇ ਇਸ ਕਾਂਡ ਵਿਚ ਦੋ ਫ਼ਰਵਰੀ 1986 ਨੂੰ ਨਕੋਦਰ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਸੜ ਗਏ ਸਨ। ਇਸ ਘਟਨਾ ਵਿਰੁਧ ਚਾਰ ਫ਼ਰਵਰੀ 1986 ਨੂੰ ਰੋਸ ਪ੍ਰਗਟਾਉਂਦੇ ਸਿੱਖਾਂ ਉਪਰ ਪੰਜਾਬ ਪੁਲਿਸ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ।