
ਅਗਲੇਰੀ ਕਾਰਵਾਈ ਲਈ ਵਿਜੀਲੈਂਸ ਹਵਾਲੇ ਕੀਤਾ ਮਾਮਲਾ
ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖੀਆਂ ਦੇ ਇਕ ਡੇਰੇ ਦੇ ਮਹੰਤ ਦਿਆਲ ਦਾਸ ਦੇ ਸਾਲ 2019 ਵਿਚ ਹੋਏ ਕਤਲ ਮਾਮਲੇ 'ਚ ਮੁਦਈ ਪੱਖ ਤੋਂ ਕਥਿਤ ਡਰਾ ਧਮਕਾ ਕੇ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ 20 ਲੱਖ ਰੁਪਏ ਵਸੂਲਣ ਦੇ ਮਾਮਲੇ ਵਿਚ ਬੀਤੇ ਕੱਲ ਫ਼ਰੀਦਕੋਟ ਪੁਲਿਸ ਨੇ ਥਾਣਾ ਸਦਰ ਕੋਟਕਪੂਰਾ ਵਿਖੇ ਫ਼ਰੀਦਕੋਟ ਦੇ ਐਸ.ਪੀ. ਗਗਨੇਸ਼ ਕੁਮਾਰ, ਡੀ.ਐਸ.ਪੀ. ਸੁਸ਼ੀਲ ਕੁਮਾਰ ਅਤੇ ਸਬ ਇੰਸਪੈਕਟਰ ਖੇਮ ਚੰਦ ਪ੍ਰਾਸ਼ਰ ਸਮੇਤ ਕੁੱਲ 5 ਲੋਕਾਂ ਵਿਰੁਧ ਮੁਕੱਦਮਾਂ ਨੰਬਰ 64 ਦਰਜ ਕੀਤਾ ਗਿਆ ਸੀ। ਜਿਸ ਸਬੰਧੀ ਅੱਜ ਜਾਣਕਾਰੀ ਦਿੰਦਿਆ ਐਸ.ਐਸ.ਪੀ. ਫ਼ਰੀਦਕੋਟ ਹਰਜੀਤ ਸਿੰਘ ਨੇ ਦਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਤਿੰਨਾਂ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕਰ ਦਿਤਾ ਗਿਆ ਹੈ। ਇਸ ਮਾਮਲੇ ਵਿਚ ਕਿਸੇ ਦੀ ਵੀ ਗ੍ਰਿਫ਼ਤਾਰੀ ਸਬੰਧੀ ਅਜੇ ਕੁਝ ਵੀ ਸਾਫ਼ ਨਹੀਂ ਹੋ ਸਕਿਆ।
ਕੀ ਹੇ ਪੂਰਾ ਮਾਮਲਾ?
ਮਾਮਲਾ ਸਾਲ 2019 ਦਾ ਹੈ ਜਦੋਂ 9 ਨਵੰਬਰ ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਿਆਲ ਦਾਸ ਦਾ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਡੇਰੇ ਅੰਦਰ ਹੀ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਪੁਲਿਸ ਵਿਭਾਗ ਵਲੋਂ ਕਤਲ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਉਸ ਵਕਤ ਬਣੀ ਵਿਸ਼ੇਸ਼ ਜਾਂਚ ਟੀਮ ਨੇ ਅਪਣੀ ਰਿਪੋਰਟ ਵਿਚ ਦਸਿਆ ਸੀ ਕਿ ਬਾਬਾ ਦਿਆਲ ਦਾਸ ਦਾ ਡੇਰੇ ਦੀ ਗੱਦੀ ਨੂੰ ਲੈ ਕੇ ਉਹਨਾਂ ਦੇ ਹੀ ਚੇਲੇ ਸੰਤ ਜਰਨੈਲ ਦਾਸ ਕਪੂਰੇ ਵਾਲੇ ਜ਼ਿਲ੍ਹਾ ਮੋਗਾ ਨੇ ਕਰਵਾਇਆ ਹੈ।
ਇਸ ਦੌਰਾਨ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਫੜੇ ਗਏ ਸਨ ਪਰ ਇਸ ਮਾਮਲੇ ਵਿਚ ਮੁੱਖ ਦੋਸ਼ੀ ਐਲਾਨੇ ਗਏ ਸੰਤ ਜਰਨੈਲ ਦਾਸ ਕਪੂਰੇ ਵਾਲਿਆ ਦੀ ਗ੍ਰਿਫ਼ਤਾਰੀ ਨਹੀਂ ਸੀ ਹੋਈ। ਸੰਤ ਜਰਨੈਲ ਦਾਸ ਵਲੋਂ ਖ਼ੁਦ ਨੂੰ ਬੇਗੁਨਾਹ ਦਸਦਿਆ ਤਤਕਾਲੀ ਡੀ.ਆਈ.ਜੀ. ਫ਼ਰੀਦਕੋਟ ਨੂੰ ਇਨਕੁਆਰੀ ਲਈ ਦਰਖ਼ਾਸਤ ਦਿਤੀ ਗਈ ਸੀ ਜਿਸ ਦੀ ਜਾਂਚ ਮੋਗਾ ਦੇ ਇਕ ਡੀ.ਐਸ.ਪੀ. ਵਲੋਂ ਕੀਤੀ ਗਈ ਸੀ ਜਿਸ ਵਿਚ ਸੰਤ ਜਰਨੈਲ ਦਾਸ ਨੂੰ ਨਿਰਦੋਸ਼ ਸਾਬਤ ਕੀਤਾ ਗਿਆ ਸੀ ਜਿਸ ਦਾ ਪਤਾ ਜਦ ਮੁਦਈ ਪੱਖ ਦੇ ਸੰਤ ਬਾਬਾ ਗਗਨਦਾਸ ਨੂੰ ਲਗਿਆ ਤਾਂ ਉਨ੍ਹਾਂ ਮੁੜ ਪੁਲਿਸ ਦੇ ਉੱਚ ਅਧਿਕਾਰੀਆ ਅਤੇ ਪੰਜਾਬ ਸਰਕਾਰ ਰਾਹੀਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਸੀ।
ਜਿਸ 'ਤੇ ਆਈ.ਜੀ. ਫ਼ਰੀਦਕੋਟ ਵਲੋਂ ਮਾਮਲੇ ਦੀ ਜਾਂਚ ਲਈ 4 ਮੈਂਬਰੀ ਵਿਸ਼ੇਸ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਵਿਚ ਐਸ.ਪੀ.(ਡੀ) ਫ਼ਰੀਦਕੋਟ ਗਗਨੇਸ਼ ਕੁਮਾਰ, ਡੀ.ਐਸ.ਪੀ .ਪੀਬੀਆਈ ਫ਼ਰੀਦਕੋਟ ਸ਼ੁਸ਼ੀਲ ਕੁਮਾਰ, ਡੀ.ਐਸ.ਪੀ. ਬਾਘਾਪੁਰਾਣਾ ਜਸਜੋਤ ਸਿੰਘ ਅਤੇ ਐਸ.ਆਈ. ਖੇਮ ਚੰਦ ਪ੍ਰਾਸ਼ਰ ਨੂੰ ਮੈਂਬਰ ਬਣਾਇਆ ਗਿਆ ਸੀ।
ਇਸ ਐਸ.ਆਈ.ਟੀ. ਦੇ 4 ਮੈਂਬਰਾਂ ਵਿਚੋਂ 3 ਮੈਂਬਰਾਂ ਤੇ ਅਤੇ 2 ਉਨ੍ਹਾਂ ਦੇ ਸਹਿਯੋਗੀ ਪ੍ਰਾਈਵੇਟ ਬੰਦਿਆਂ ਤੇ ਬਾਬਾ ਗਗਨ ਦਾਸ ਨੇ ਦੋਸ਼ ਲਾਗਏ ਸਨ ਕਿ ਉਨ੍ਹਾਂ ਨੇ ਜਾਂਚ ਦੌਰਾਨ ਉਨ੍ਹਾਂ ਤੋਂ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਜਿਸ ਦੀ 35 ਲੱਖ ਰੁਪਏ ਵਿਚ ਐਡਜਸਟਮੈਂਟ 2 ਪ੍ਰਾਈਵੇਟ ਬੰਦਿਆ ਨੇ ਕਰਵਾਈ ਸੀ ਅਤੇ 20 ਲੱਖ ਰੁਪਏ ਉਨ੍ਹਾਂ ਨੇ ਬਾਬਾ ਗਗਨਦਾਸ ਨੇ ਦੱਸਿਆ ਸੀ ਕੇ ਉਕਤ ਐਸਆਈਟੀ ਦੇ 3 ਮੈਂਬਰਾਂ ਨੇ ਆਪਣੇ ਸਾਥੀ 2 ਪ੍ਰਾਈਵੇਟ ਬੰਦਿਆ ਦੇ ਸਾਹਮਣੇ ਵਸੂਲ ਲਏ ਸਨ ਅਤੇ ਬਾਕੀ ਪੈਸਿਆ ਲਈ ਦਬਾਅ ਪਾਇਆ ਜਾ ਰਿਹਾ ਸੀ ।
ਇਹ ਵੀ ਪੜ੍ਹੋ: ਨਸ਼ਾ ਤਸਕਰੀ ਦੇ ਦੋਸ਼ ਵਿਚ 3 ਔਰਤਾਂ ਕਾਬੂ
ਅਪਣੇ ਇਨ੍ਹਾਂ ਦੋਸ਼ਾਂ ਸਬੰਧੀ ਬਾਬਾ ਗਗਨ ਦਾਸ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪਣਾ ਇਕ ਹਲਫ਼ੀਆ ਬਿਆਨ ਦੇ ਕੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੀ ਇਨਕੁਆਰੀ ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਵਲੋਂ ਕੀਤੀ ਗਈ ਸੀ ਜਿਸ ਦੇ ਚਲਦੇ ਬੀਤੇ ਕੱਲ ਫ਼ਰੀਦਕੋਟ ਵਿਖੇ ਆ ਕੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਤਿੰਨਾਂ ਪੁਲਿਸ ਅਧਿਕਾਰੀਆ ਤੋਂ ਪੁੱਛਗਿੱਛ ਕੀਤੀ ਸੀ ਅਤੇ ਪੁੱਛਗਿੱਛ ਤੋਂ ਬਾਅਦ ਬੇਸ਼ੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਸੀ ਕੀਤਾ ਗਿਆ ਪਰ ਸ਼ਾਮ ਕਰੀਬ 4 ਵਜੇ ਫ਼ਰੀਦਕੋਟ ਪੁਲਿਸ ਵਲੋਂ ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਵਲੋਂ ਕੀਤੀ ਗਈ ਜਾਂਚ ਰਿਪੋਰਟ ਦੇ ਅਧਾਰ ਤੇ ਤਿੰਨਾਂ ਪੁਲਿਸ ਅਧਿਕਾਰੀਆਂ ਅਤੇ ਉਨ੍ਹਾਂ ਦੇ ਦੋ ਪ੍ਰਾਈਵੇਟ ਸਾਥੀਆਂ ਸਮੇਤ 5 ਲੋਕਾਂ ਤੇ ਮੁਕੱਦਮਾ ਨੰਬਰ 64 ਥਾਣਾ ਸਦਰ ਕੋਟਕਪੂਰਾ ਵਿਖੇ ਦਰਜ ਕੀਤਾ ਗਿਆ ਸੀ। ਪੁਲਿਸ ਵਲੋਂ ਮੁਕੱਦਮਾ ਦਰਜ ਕੀਤੇ ਜਾਣ ਤੋਂ ਪਹਿਲਾਂ ਜਾਂ ਬਾਅਦ ਵਿਚ ਅਜੇ ਤਕ ਇਹ ਸਾਫ ਨਹੀਂ ਕੀਤਾ ਗਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਤਿੰਨਾਂ ਪੁਲਿਸ ਅਧਿਕਾਰੀਆਂ ਜਾਂ ਪ੍ਰਾਈਵੇਟ ਬੰਦਿਆਂ ਵਿਚੋਂ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਾ ਨਹੀਂ।
ਇਸ ਪੂਰੇ ਮਾਮਲੇ ਸਬੰਧੀ ਜਦ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਕੋਟ ਸੁਖੀਆਂ ਦੇ ਡੇਰੇ ਦੇ ਸੇਵਾਦਾਰ ਸੰਤ ਦਿਆਲ ਦਾਸ ਦੇ ਕਤਲ ਮਾਮਲੇ ਵਿਚ ਮੁਦਈ ਪੱਖ ਨੇ ਵਿਸੇਸ਼ ਜਾਂਚ ਟੀਮ 'ਤੇ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਵਲੋਂ ਆਈ.ਜੀ. ਫ਼ਰੀਦਕੋਟ ਦੇ ਨਾਮ ਪਰ ਮੁਦਈ ਪੱਖ ਤੋਂ 50 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਤਿੰਨ ਪੁਲਿਸ ਅਧਿਕਾਰੀਆਂ ਐਸ.ਪੀ., ਡੀ.ਐਸ.ਪੀ. ਅਤੇ ਐਸ.ਆਈ. ਨੇ ਕੁਝ ਪੈਸੇ ਵੀ ਵਸੂਲੇ ਸਨ। ਉਨ੍ਹਾਂ ਦਸਿਆ ਕਿ ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਚ ਮੁਕੱਦਮਾ ਨੰਬਰ 64 ਦਰਜ ਕੀਤਾ ਗਿਆ ਹੈ ਅਤੇ ਤਿੰਨਾਂ ਪੁਲਿਸ ਅਧਿਕਾਰੀਆਂ ਦੀ ਤੁਰਤ ਬਦਲੀ ਕਰ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪੁਲਿਸ ਨੇ FIR ਦਰਜ ਕਰ ਲਈ ਹੈ ਅਤੇ ਮਾਮਲਾ ਹੁਣ ਵਿਜੀਲੈਂਸ ਹਵਾਲੇ ਕਰ ਦਿਤਾ ਗਿਆ ਹੈ, ਅਗਲੀ ਕਾਰਵਾਈ ਵਿਜੀਲੈਂਸ ਵਿਭਾਗ ਵਲੋਂ ਕੀਤੀ ਜਾਵੇਗੀ।