ਹਸਪਤਾਲ 'ਤੇ ਬੰਬਾਰੀ : ਪਾਕਿਸਤਾਨ ਦਾ ਘੋਰ ਅਮਾਨਵੀ ਕਾਰਾ
Published : Mar 18, 2026, 6:55 am IST
Updated : Mar 18, 2026, 6:55 am IST
SHARE ARTICLE
Pakistan Airstrikes Kabul Hospital Editorial
Pakistan Airstrikes Kabul Hospital Editorial

ਇਸ ਬੰਬਾਰੀ ਵਿਚ 400 ਤੋਂ ਵੱਧ ਮੌਤਾਂ ਅਤੇ 250 ਲੋਕਾਂ ਦੇ ਜ਼ਖ਼ਮੀ ਹੋਣ ਦੀ ਤਸਦੀਕ ਕੌਮਾਂਤਰੀ ਮੀਡੀਆ ਨੇ ਵੀ ਕੀਤੀ

ਪਾਕਿਸਤਾਨ ਵਲੋਂ ਸੋਮਵਾਰ ਰਾਤੀਂ ਕਾਬੁਲ ਦੇ ਇਕ ਹਸਪਤਾਲ ਉੱਤੇ ਕੀਤੀ ਬੰਬਾਰੀ ਅਣਮਨੁੱਖੀ ਕਾਰਾ ਹੈ ਜਿਸ ਦੀ ਆਲਮੀ ਪੱਧਰ ’ਤੇ ਭਰਪੂਰ ਨਿੰਦਾ ਹੋਣੀ ਚਾਹੀਦੀ ਹੈ। ਇਸ ਬੰਬਾਰੀ ਵਿਚ 400 ਤੋਂ ਵੱਧ ਮੌਤਾਂ ਅਤੇ 250 ਲੋਕਾਂ ਦੇ ਜ਼ਖ਼ਮੀ ਹੋਣ ਦੀ ਤਸਦੀਕ ਕੌਮਾਂਤਰੀ ਮੀਡੀਆ ਨੇ ਵੀ ਕੀਤੀ ਹੈ ਅਤੇ ਸੰਯੁਕਤ ਰਾਸ਼ਟਰ (ਯੂ.ਐਨ.) ਦੀਆਂ ਏਜੰਸੀਆਂ ਨੇ ਵੀ। ਪਾਕਿਸਤਾਨ ਨੇ ਇਸ ਬੰਬਾਰੀ ਬਾਰੇ ਅਫ਼ਗਾਨਿਸਤਾਨ ਦੀ ਤਾਲਿਬਾਨ ਹਕੂਮਤ ਵਲੋਂ ਲਾਏ ਦੋਸ਼ਾਂ ਨੂੰ ‘ਮਨਘੜਤ’ ਤੇ ‘ਕੂੜ-ਪ੍ਰਚਾਰ’ ਕਰਾਰ ਦਿਤਾ ਹੈ। ਉਸ ਦਾ ਦਾਅਵਾ ਹੈ ਕਿ ਉਸ ਦੇ ਲੜਾਕੂ ਜਹਾਜ਼ਾਂ ਨੇ ਅਫ਼ਗਾਨਿਸਤਾਨ ਦੇ ਕਾਬੁਲ ਤੇ ਨੰਗਰਹਾਰ ਸੂਬਿਆਂ ਵਿਚ ਸਿਰਫ਼ ਫ਼ੌਜੀ ਅੱਡਿਆਂ ਉੱਤੇ ਬੰਬਾਰੀ ਕੀਤੀ, ਸਿਵਲੀਅਨ ਇਲਾਕਿਆਂ ਉੱਤੇ ਨਹੀਂ। ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਨੇ ਕਾਬੁਲ ਦੇ ਉਮੀਦ ਨਸ਼ਾ ਛੁਡਾਊ ਹਸਪਤਾਲ ਨੂੰ ਬੰਬਾਂ ਦਾ ਨਿਸ਼ਾਨਾ ਬਣਾਇਆ ਇਸ ਹਸਪਤਾਲ ਵਿਚ ਦੋ ਹਜ਼ਾਰ ਦੇ ਕਰੀਬ ਮਰੀਜ਼ ਦਾਖ਼ਲ ਸਨ।

ਤਿੰਨ ਬੰਬ ਇਸ ਹਸਪਤਾਲ ਦੇ ਦੋ ਜਨਰਲ ਵਾਰਡਾਂ ਉੱਪਰ ਡਿੱਗੇ ਜਿਸ ਕਾਰਨ ਉਨ੍ਹਾਂ ਇਮਾਰਤਾਂ ਨੂੰ ਅੱਗ ਲੱਗ ਗਈ ਅਤੇ ਬਹੁਤ ਸਾਰੇ ਮਰੀਜ਼ ਝੁਲਸ ਗਏ। ਪਾਕਿਸਤਾਨੀ ਮੀਡੀਆ ਨੇ ਸਰਕਾਰੀ ਹਲਕਿਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਅਫ਼ਗਾਨ ਤਾਲਿਬਾਨ, ਪਾਕਿਸਤਾਨ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਮੌਤਾਂ ਦੀ ਗਿਣਤੀ ਵਧਾ-ਚੜ੍ਹਾਅ ਕੇ ਬਿਆਨ ਕਰ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਅਜਿਹੇ ਦਾਅਵੇ ਦੀ ਪੁਸ਼ਟੀ ਕੌਮਾਂਤਰੀ ਏਜੰਸੀਆਂ ਨੇ ਨਹੀਂ ਕੀਤੀ। 
ਇਹ ਇਕ ਜਾਣਿਆ-ਪਛਾਣਿਆ ਤੱਥ ਹੈ ਕਿ ਦੁਨੀਆਂ ਵਿਚ ਪੋਸਤ ਦੀ ਸਭ ਤੋਂ ਵੱਧ ਗ਼ੈਰਕਾਨੂੰਨੀ ਕਾਸ਼ਤ ਅਫ਼ਗਾਨਿਸਤਾਨ ਵਿਚ ਹੁੰਦੀ ਹੈ।

ਇਹ ਮੰਨਿਆ ਜਾਂਦਾ ਹੈ ਕਿ 90 ਫ਼ੀ ਸਦੀ ਹੈਰੋਇਨ ਅਫ਼ਗਾਨ ਭੂਮੀ ਤੋਂ ਹੀ ਸਮਗਲ ਹੋ ਕੇ ਦੁਨੀਆਂ ਭਰ ਵਿਚ ਪਹੁੰਚਦੀ ਹੈ। ਤਾਲਿਬਾਨ ਨੇ ਅਪ੍ਰੈਲ 2022 ਵਿਚ ਪੋਸਤ ਦੀ ਕਾਸ਼ਤ ਉੱਤੇ ਪਾਬੰਦੀ ਲਾ ਦਿਤੀ ਸੀ ਅਤੇ ਸੈਂਕੜੇ ਖੇਤ ਸਾੜ ਦਿਤੇ ਸਨ। ਇਸ ਤੋਂ ਬਾਅਦ ਪੋਸਤ ਦੀ ਨਾਜਾਇਜ਼ ਖੇਤੀ ਕੁਝ ਘਟੀ ਜ਼ਰੂਰ, ਪਰ ਅਫ਼ਗਾਨ ਲੋਕਾਂ ਦੇ ਇਕ ਵੱਡੇ ਵਰਗ ਦੀ ਆਰਥਿਕਤਾ ਇਸੇ ਖੇਤੀ ਉੱਤੇ ਅਜੇ ਵੀ ਨਿਰਭਰ ਹੈ। ਅਫ਼ੀਮ, ਹਸ਼ੀਸ਼ ਤੇ ਹੈਰੋਇਨ (ਅਤੇ ਹੁਣ ਮੈਥੇਮਫ਼ੈਟੇਮਾਈਨ) ਆਸਾਨੀ ਨਾਲ ਉਪਲਬਧ ਹੋਣ ਕਾਰਨ ਮੁਲਕ ਵਿਚ ਨਸ਼ੇੜੀਆਂ ਦੀ ਤਾਦਾਦ ਕਾਫ਼ੀ ਜ਼ਿਆਦਾ ਹੈ।

ਉਮੀਦ ਹਸਪਤਾਲ ਅਜਿਹੇ ਨਸ਼ੇੜੀਆਂ ਦੇ ਇਲਾਜ ਤੇ ਪੁਨਰਵਾਰ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਇਸ ਦੀ ਸਥਾਪਨਾ ਸੰਯੁਕਤ ਰਾਸ਼ਟਰ ਤੋਂ ਮਿਲੀ ਮਾਇਕ ਮਦਦ ਨਾਲ ਕੀਤੀ ਗਈ ਸੀ। ਹੁਣ ਵੀ ਇਹੋ ਕੌਮਾਂਤਰੀ ਸੰਸਥਾ ਇਸ ਹਸਪਤਾਲ ਨੂੰ ਫ਼ੰਡ ਮੁਹੱਈਆ ਕਰਵਾਉਂਦੀ ਆ ਰਹੀ ਹੈ। ‘ਅਲ ਜਜ਼ੀਰਾ’ ਚੈਨਲ ਦੀ ਰਿਪੋਰਟ ਮੁਤਾਬਿਕ ਇਸ ਹਸਪਤਾਲ ਦੇ ਨੇੜੇ ਅਫ਼ਗਾਨ ਫ਼ੌਜ ਦੀ ਇਕ ਛਾਉਣੀ ਜ਼ਰੂਰ ਮੌਜੂਦ ਹੈ, ਪਰ ਉਸ ਛਾਉਣੀ ਤੇ ਹਸਪਤਾਲ ਦਾ ਫ਼ਾਸਲਾ ਅੱਧੇ ਕਿਲੋਮੀਟਰ ਦਾ ਹੈ। ਇਸੇ ਕਾਰਨ ਇਹ ਕਿਆਸਣਾ ਵੀ ਜਾਇਜ਼ ਨਹੀਂ ਕਿ ਪਾਕਿਸਤਾਨੀ ਬੰਬਾਰ ਜਹਾਜ਼ਾਂ ਦਾ ਨਿਸ਼ਾਨਾ ਖੁੰਝਣ ਕਾਰਨ ਬੰਬ ਹਸਪਤਾਲ ਉੱਤੇ ਡਿੱਗੇ। ਪਾਕਿਸਤਾਨ, ਅਫ਼ਗਾਨਿਸਤਾਨ ਉੱਪਰ ਹਵਾਈ ਹਮਲੇ 21 ਫ਼ਰਵਰੀ ਤੋਂ ਕਰਦਾ ਆ ਰਿਹਾ ਹੈ। ਇਹ ਤੀਜੀ ਵਾਰ ਹੈ ਜਦੋਂ ਉਸ ਨੇ ਕਾਬੁਲ ਉੱਤੇ ਬੰਬਾਰੀ ਕੀਤੀ। ਅਫ਼ਗਾਨਿਸਤਾਨ ਕੋਲ ਕੋਈ ਲੜਾਕੂ ਜਹਾਜ਼ ਨਹੀਂ। ਹਥਿਆਰ ਤੇ ਤੋਪਾਂ ਵੀ ਉਹ ਹਨ ਜੋ ਅਮਰੀਕਾ ਤੇ ਉਸ ਦੇ ਇਤਿਹਾਦੀ ਮੁਲਕਾਂ ਦੀਆਂ ਫ਼ੌਜਾਂ 2022 ਵਿਚ ਕਾਹਲੀ ਨਾਲ ਅਫ਼ਗਾਨਿਸਤਾਨ ਛੱਡਦਿਆਂ ਅਪਣੇ ਪਿੱਛੇ ਛੱਡ ਗਈਆਂ ਸਨ। ਇਸੇ ਕਾਰਨ ਤਾਲਿਬਾਨ, ਪਾਕਿਸਤਾਨੀ ਹਵਾਈ ਹਮਲਿਆਂ ਨੂੰ ਰੋਕਣ ਤੋਂ ਅਸਮਰਥ ਹਨ।

ਪਾਕਿਸਤਾਨ, ਅਫ਼ਗਾਨ ਤਾਲਿਬਾਨ ਨੂੰ ‘ਨਾਸ਼ੁਕਰੇ’ ਦੱਸਦਾ ਆਇਆ ਹੈ ਅਤੇ ਮੰਗ ਕਰਦਾ ਆਇਆ ਹੈ ਕਿ ਅਫ਼ਗਾਨ ਹਕੂਮਤ ਤਹਿਰੀਕ-ਇ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.), ਜਿਸ ਨੂੰ ਪਾਕਿਸਤਾਨ ਸਰਕਾਰ ‘ਫ਼ਿਤਨਾ-ਅਲ-ਖ਼ਵਾਰਿਜ’ (ਵਿਦੇਸ਼ੀ ਮਦਦਪ੍ਰਾਪਤ ਦਹਿਸ਼ਤਗ਼ਰਦ) ਦੱਸਦੀ ਹੈ, ਦੇ ਕਾਰਕੁਨਾਂ ਨੂੰ ਅਪਣੀ ਧਰਤੀ ’ਤੇ ਪਨਾਹ ਤੇ ਫ਼ੌਜੀ ਮਦਦ ਦੇਣੀ ਬੰਦ ਕਰੇ। ਅਫ਼ਗਾਨ ਹਕੂਮਤ ਅਜਿਹੇ ਦੋਸ਼ਾਂ ਨੂੰ ਰੱਦ ਕਰਦੀ ਆਈ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ਦੋਵਾਂ ਮੁਲਕਾਂ ਦਰਮਿਆਨ ਛਿੜੀ ਜੰਗ ਵੇਲੇ ਚੀਨ ਤੇ ਤੁਰਕੀ ਦੀਆਂ ਸਰਕਾਰਾਂ ਨੇ ਦਖ਼ਲ ਦੇ ਕੇ ਗੋਲੀਬੰਦੀ ਕਰਵਾ ਦਿਤੀ ਸੀ। ਪਰ ਹੁਣ 26 ਫ਼ਰਵਰੀ ਤੋਂ ਸ਼ੁਰੂ ਹੋਈ ਜੰਗ ਜਿਥੇ ਪਾਕਿ-ਅਫ਼ਗਾਨ ਸਰਹੱਦ (ਡਿਊਰੈਂਡ ਲਾਈਨ) ਦੇ ਆਰ-ਪਾਰ ਵੀ ਲੜੀ ਜਾ ਰਹੀ ਹੈ, ਉੱਥੋਂ ਅਫ਼ਗਾਨ ਧਰਤੀ ਉੱਤੇ ਹਵਾਈ ਬੰਬਾਰੀ ਦੇ ਰੂਪ ਵਿਚ ਵੀ ਜਾਰੀ ਹੈ।

ਅਫ਼ਸੋਸ ਵਾਲੀ ਗੱਲ ਇਹ ਹੈ ਕਿ ਅਫ਼ਗਾਨ ਹਸਪਤਾਲ ਉਪਰ ਬੰਬਾਰੀ ਉਸ ਰਾਤ ਹੋਈ ਜਦੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਪਾਕਿਸਤਾਨ ਵਲੋਂ ਪੇਸ਼ ਉਹ ਮਤਾ ਪਾਸ ਕੀਤਾ ਜਿਸ ਵਿਚ ਅਫ਼ਗਾਨ ਹਕੂਮਤ ਨੂੰ ਤਾਕੀਦ ਕੀਤੀ ਗਈ ਸੀ ਕਿ ‘ਉਹ ਗੁਆਂਢੀ ਮੁਲਕਾਂ ’ਚ ਦਹਿਸ਼ਤਗ਼ਰਦੀ ਨੂੰ ਹਵਾ ਦੇਣੀ ਬੰਦ ਕਰੇ।’ ਅਜਿਹੇ ਮਤੇ ਤੋਂ ਬਾਅਦ ਪਾਕਿਸਤਾਨ ਨੇ ਹੀ ਜੋ ਦਹਿਸ਼ਤੀ ਕਾਰਾ ਕੀਤਾ, ਕੀ ਉਹ ਉਪਰੋਕਤ ਮਤੇ ਦੀ ਭਾਵਨਾ ਅਤੇ ਸੰਯੁਕਤ ਰਾਸ਼ਟਰ ਦੇ ਅਪਣੇ ਹੀ ਚਾਰਟਰ ਦੀ ਉਲੰਘਣਾ ਨਹੀਂ? ਭਾਰਤ ਨੇ ਪਾਕਿਸਤਾਨ ਦੇ ਇਸ ਦੰਭ ਖ਼ਿਲਾਫ਼ ਬੋਲਦਿਆਂ ਉਮੀਦ ਹਸਪਤਾਲ ਉੱਤੇ ਬੰਬਾਰੀ ਨੂੰ ‘ਕਾਇਰਾਨਾ ਤੇ ਜ਼ਾਲਮਾਨਾ’ ਕਾਰਵਾਈ ਦਸਿਆ ਹੈ। ਅਜਿਹਾ ਹੀ ਪ੍ਰਤੀਕਰਮ ਦੁਨੀਆਂ ਦੇ ਬਾਕੀ ਸਭਿਆ ਮੁਲਕਾਂ ਨੂੰ ਵੀ ਦਿਖਾਉਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement