
ਸੀ.ਸੀ.ਟੀ.ਵੀ. ਫੁਟੇਜ ਵੀ ਆਈ ਸਾਹਮਣੇ, ਪੁਲਿਸ ਕਰ ਰਹੀ ਹੈ ਗਹਿਰਾਈ ਨਾਲ ਜਾਂਚ
ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਗਿੱਦੜਬਾਹਾ ਵਿਖੇ ਡਾਕਖਾਨਾ ਵਾਲੀ ਗਲੀ ਵਿਚ ਇਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰਾਂ ਵਲੋਂ ਚਾਂਦੀ ਦੇ ਗਹਿਣੇ, ਭਾਂਡੇ ਅਤੇ 2.50 ਲੱਖ ਰੁਪਏ ਦੀ ਨਕਦੀ ਚੋਰੀ ਕਰਨ ਦੀ ਘਟਨਾ ਨੂੰ ਸੁਲਝਾਉਣ ਲਈ13 ਦਿਨਾਂ ਬਾਅਦ ਵੀ ਕੋਈ ਸੁਰਾਗ ਨਹੀਂ ਲੱਗਾ ਹੈ। ਦੂਜੇ ਪਾਸੇ ਸ਼ਨੀਵਾਰ ਨੂੰ ਘਰ ਦੇ ਮਾਲਕ ਅੰਕੁਸ਼ ਗੁਪਤਾ ਪੁੱਤਰ ਓਮ ਪ੍ਰਕਾਸ਼ ਗੁਪਤਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਜੋ ਵੀ ਚੋਰਾਂ ਦਾ ਸੁਰਾਗ ਉਸ ਨੂੰ ਅਤੇ ਪੁਲਿਸ ਨੂੰ ਦੇਵੇਗਾ, ਉਹ ਉਸ ਨੂੰ 50 ਹਜ਼ਾਰ ਰੁਪਏ ਇਨਾਮ ਵਜੋਂ ਦੇਣਗੇ।ਦੱਸਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: ਨੰਗਲ ਫਲਾਈਓਵਰ ਦੀ ਪ੍ਰਗਤੀ ਸਬੰਧੀ ਹੁਣ ਹਰ ਹਫ਼ਤੇ ਸਮੀਖਿਆ ਮੀਟਿੰਗ ਕਰਨਗੇ ਹਰਜੋਤ ਸਿੰਘ ਬੈਂਸ
ਦੱਸ ਦਈਏ ਕਿ ਬੀਤੀ 20 ਮਈ ਨੂੰ ਇਹ ਪਰਿਵਾਰ ਡਾਕਖਾਨਾ ਵਾਲੀ ਵਾਰਡ ਨੰਬਰ 18 ਗਿੱਦੜਬਾਹਾ ਵਿਚ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਪਟਿਆਲਾ ਵਿਚ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਸੀ। ਜਦੋਂ ਉਹ ਤਿੰਨ ਦਿਨ ਬਾਅਦ 22 ਮਈ ਨੂੰ ਵਾਪਸ ਆਇਆ ਤਾਂ ਪ੍ਰਵਾਰ ਨੂੰ ਘਰ ਦੇ ਜਿੰਦਰੇ ਟੁੱਟੇ ਹੋਏ ਮਿਲੇ।
ਉਨ੍ਹਾਂ ਦਸਿਆ ਜਦੋਂ ਮੈਂ ਕਮਰਿਆਂ ਵਿਚ ਗਿਆ ਤਾਂ ਦੇਖਿਆ ਕਿ ਸਾਮਾਨ ਖਿਲਰਿਆ ਪਿਆ ਸੀ। ਜਾਂਚ ਕਰਨ 'ਤੇ ਅਲਮਾਰੀ 'ਚ ਰੱਖੇ ਤਿੰਨ ਕਿੱਲੋ ਤੋਂ ਵੱਧ ਚਾਂਦੀ ਦੇ ਗਹਿਣੇ ਅਤੇ ਭਾਂਡੇ ਅਤੇ 2.50 ਲੱਖ ਰੁਪਏ ਦੀ ਨਕਦੀ ਗਾਇਬ ਸੀ। ਜਿਸ ਨੂੰ ਕੋਈ ਅਣਪਛਾਤੇ ਚੋਰ ਚੋਰੀ ਕਰ ਕੇ ਫ਼ਰਾਰ ਹੋ ਗਏ। ਅੰਕੁਸ਼ ਗੁਪਤਾ ਨੇ ਦਸਿਆ ਕਿ ਪੁਲਿਸ ਚੋਰਾਂ ਨੂੰ ਫੜਨ ਲਈ ਮਾਮਲੇ 'ਚ ਲੱਗੀ ਹੋਈ ਹੈ।
ਫਿਲਹਾਲ ਚੋਰਾਂ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ। ਇਸ ਲਈ ਉਨ੍ਹਾਂ ਆਮ ਲੋਕਾਂ ਦੀ ਮਦਦ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਹ ਚੋਰਾਂ ਬਾਰੇ ਦੱਸਣ ਵਾਲੇ ਨੂੰ 50 ਹਜ਼ਾਰ ਰੁਪਏ ਦਾ ਇਨਾਮ ਦੇਣਗੇ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਘਰ ਇਹ ਘਟਨਾ ਵਾਪਰੀ ਹੈ, ਕੱਲ ਨੂੰ ਕਿਸੇ ਦੇ ਘਰ ਵੀ ਇਹ ਘਟਨਾ ਵਾਪਰ ਸਕਦੀ ਹੈ। ਇਸ ਲਈ ਜਿਸ ਨੂੰ ਵੀ ਚੋਰਾਂ ਬਾਰੇ ਪਤਾ ਚੱਲਦਾ ਹੈ ਉਹ ਤੁਰਤ ਉਨ੍ਹਾਂ ਜਾਂ ਪੁਲਿਸ ਨੂੰ ਜਾਣਕਾਰੀ ਦਿਉ ਤਾਂ ਜੋ ਚੋਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾ ਸਕੇ।