
ਬੱਸ 'ਚ 70 ਸਵਾਰੀਆਂ ਸਨ ਮੌਜੂਦ, ਡਰਾਈਵਰ ਦੇ ਪੱਟ 'ਤੇ ਲੱਗੀ ਸੱਟ
ਲੁਧਿਆਣਾ - ਲੁਧਿਆਣਾ ਜ਼ਿਲ੍ਹੇ ਦੇ ਫਿਰੋਜ਼ਪੁਰ ਰੋਡ 'ਤੇ ਸਥਿਤ ਇੱਕ ਸਰਕਾਰੀ ਪਨਬੱਸ ਦੀ ਬੱਸ ਪੁਲ ਦੇ ਖੰਭੇ ਨਾਲ ਟਕਰਾ ਗਈ। ਹਾਦਸਾ ਪੀਏਯੂ ਗੇਟ ਨੰਬਰ 1 ਦੇ ਬਾਹਰ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ, ਜਿਸ ਕਾਰਨ ਬੱਸ ਦਾ ਕੰਟਰੋਲ ਵਿਗੜ ਗਿਆ ਅਤੇ ਬੱਸ ਖੰਭੇ ਨਾਲ ਟਕਰਾ ਗਈ। ਬੱਸ 'ਚ 70 ਸਵਾਰੀਆਂ ਸਨ, ਜਿਨ੍ਹਾਂ 'ਚੋਂ 15-20 ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਡਰਾਈਵਰ ਦੇ ਪੱਟ 'ਤੇ ਸੱਟ ਲੱਗੀ।
ਬੱਸ ਦੇ ਕੰਡਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਬੱਸ ਫਿਰੋਜ਼ਪੁਰ ਤੋਂ ਪਟਿਆਲਾ ਲੈ ਕੇ ਜਾ ਰਿਹਾ ਸੀ। ਲੁਧਿਆਣਾ 'ਚ ਪੀਏਯੂ ਨੰਬਰ 2 ਦੇ ਗੇਟ 'ਤੇ ਸਵਾਰੀਆਂ ਨੂੰ ਉਤਾਰ ਕੇ ਅੱਗੇ ਵਧਣ ਤੋਂ ਬਾਅਦ ਅਚਾਨਕ ਬੱਸ 'ਚੋਂ ਜ਼ੋਰਦਾਰ ਆਵਾਜ਼ ਆਈ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਟਾਇਰ ਫਟ ਗਿਆ ਹੈ, ਪਰ ਬਾਅਦ ਵਿਚ ਪਤਾ ਲੱਗਾ ਕਿ ਪੱਟੀ ਟੁੱਟ ਗਈ ਸੀ। ਦੂਜੇ ਪਾਸੇ ਟਰੈਫਿਕ ਪੁਲਿਸ ਅਨੁਸਾਰ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਨ੍ਹਾਂ ਦਾ ਇਲਾਜ ਕਰ ਦਿੱਤਾ ਗਿਆ ਹੈ।
ਸਰਕਾਰੀ ਬੱਸ ਦੇ ਡਰਾਈਵਰ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ। ਪੁਲਿਸ ਮੁਤਾਬਕ ਡਰਾਈਵਰ ਕਹਿ ਰਿਹਾ ਹੈ ਕਿ ਇਹ ਹਾਦਸਾ ਬੱਸ ਵਿਚ ਖ਼ਰਾਬੀ ਕਾਰਨ ਵਾਪਰਿਆ ਹੈ ਪਰ ਮੌਕੇ ’ਤੇ ਮੌਜੂਦ ਲੋਕਾਂ ਨੇ ਬੱਸ ਦੀ ਰਫ਼ਤਾਰ ਤੇਜ਼ ਹੋਣ ਦੀ ਗੱਲ ਕਹੀ ਹੈ। ਫਿਲਹਾਲ ਬੱਸ ਨੂੰ ਕਰੇਨ ਰਾਹੀਂ ਸੜਕ ਦੇ ਇੱਕ ਪਾਸੇ ਟੋਅ ਕੀਤਾ ਗਿਆ ਹੈ, ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ।