
60 ਸਾਲ ਦੀ ਉਮਰ 'ਚ ਬਲਜੀਤ ਕੌਰ ਨੇ 10ਵੀਂ ਕਲਾਸ ਤੇ 53 ਸਾਲਾ ਗੁਰਮੀਤ ਕੌਰ ਨੇ ਪਾਸ ਕੀਤੀ ਬਾਰਵੀਂ ਕਲਾਸ
ਬਾਘਾ ਪੁਰਾਣਾ: ਪੜ੍ਹਨ-ਲਿਖਣ ਲਈ ਉਮਰ ਦੀ ਕੋਈ ਸੀਮਾ ਨਹੀਂ ਹੈ। ਕੁਝ ਕਰਨ ਦੀ ਇੱਛਾ ਅਤੇ ਹਿੰਮਤ ਦੇ ਬਲਬੂਤੇ ਦੇ ਦਮ 'ਤੇ ਵਿਅਕਤੀ ਕਿਸੇ ਵੀ ਉਮਰ ਵਿਚ ਪੜ੍ਹਾਈ ਵੱਲ ਕਦਮ ਵਧਾ ਸਕਦਾ ਹੈ। ਬਾਘਾ ਪੁਰਾਣਾ ਦੀ ਰਹਿਣ ਵਾਲੀਆਂ ਬਜ਼ੁਰਗ ਬੀਬੀਆਂ ਇਹਨਾਂ ਦੀ ਤਾਜ਼ਾ ਮਿਸਾਲ ਹਨ।
ਪਿੰਡ ਲੰਗੇਆਣਾ ਪੁਰਾਣਾ ਦੀਆਂ ਵਸਨੀਕ ਦੋ ਆਸ਼ਾ ਵਰਕਰ ਬੀਬੀਆਂ ਨੇ 10ਵੀਂ ਤੇ 12ਵੀਂ ਕਲਾਸ ਕੀਤੀ। 50 ਸਾਲ ਤੋਂ ਵੱਧ ਉਮਰ ਦੀਆਂ ਇਨ੍ਹਾਂ ਦੋਵਾਂ ਬੀਬੀਆਂ 'ਚੋਂ ਇਕ ਨੇ ਦਸਵੀਂ ਤੇ ਦੂਜੀ ਨੇ ਬਾਰਵੀਂ ਜਮਾਤ ਪਾਸ ਕਰ ਕੇ ਮਿਸਾਲ ਕਾਇਮ ਕਰ ਦਿੱਤੀ ਹੈ। ਇਹ ਬੀਬੀਆਂ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਗਈਆਂ ਹਨ ਜੋ ਕਿਸੇ ਕਾਰਨ ਪੜ੍ਹਾਈ ਪੱਖੋਂ ਵਾਂਝੇ ਰਹਿ ਗਏ ਹਨ ਤੇ ਮੁੜ ਕੇ ਇਹ ਸੋਚ ਕੇ ਪੜ੍ਹਾਈ ਨਾਲ ਨਹੀਂ ਜੁੜਦੇ ਕਿ ਹੁਣ ਉਮਰ ਨਹੀਂ ਰਹੀ।
ਪਿੰਡ ਦੀ ਵਸਨੀਕ 60 ਸਾਲਾਂ ਬੀਬੀ ਬਲਜੀਤ ਕੌਰ ਪਤਨੀ ਜੀਵੇ ਖਾਂ ਨੇ ਦਸਿਆ ਕਿ ਉਹ ਪੋਤਰਿਆਂ-ਦੋਹਤਿਆਂ ਵਾਲੀ ਹੈ ਤੇ ਪਿੰਡ 'ਚ ਆਸ਼ਾ ਵਰਕਰ ਵਜੋਂ ਕੰਮ ਕਰਦੀ ਹੈ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ 1976 'ਚ ਛੱਡ ਦਿਤੀ ਸੀ। ਪਰ ਉਨ੍ਹਾਂ ਅੰਦਰ ਪੜ੍ਹਾਈ ਕਰਨ ਦਾ ਜਾਨੂੰਨ ਸੀ। ਇਸ ਕਰਕੇ ਉਸ ਨੇ 47 ਸਾਲ ਬਾਅਦ ਅਪਣੀ 10 ਵੀ ਕਲਾਸ ਦੀ ਪੜ੍ਹਾਈ ਪੂਰੀ ਕੀਤੀ । ਉਹਨਾਂ ਨੇ 345 ਅੰਕ ਹਾਸਲ ਕੀਤੇ। ਇਸੇ ਤਰ੍ਹਾਂ 53 ਸਾਲਾ ਮਾਤਾ ਗੁਰਮੀਤ ਕੌਰ ਨੇ 36 ਸਾਲ ਬਾਅਦ 12ਵੀਂ 'ਚੋਂ 328 ਅੰਕ ਹਾਸਲ ਕਰਕੇ ਬਾਰਵੀਂ ਕਲਾਸ ਪੂਰੀ ਕੀਤੀ।