
ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੇ ਅੱਜ ਸੂਬੇ ਵਿਚ ਨਸ਼ਿਆਂ ਦੇ ਪ੍ਰਕੋਪ ਨੂੰ ਲੈ ਕੇ ਰਾਜਧਾਨੀ ਚੰਡੀਗੜ੍ਹ ........
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੇ ਅੱਜ ਸੂਬੇ ਵਿਚ ਨਸ਼ਿਆਂ ਦੇ ਪ੍ਰਕੋਪ ਨੂੰ ਲੈ ਕੇ ਰਾਜਧਾਨੀ ਚੰਡੀਗੜ੍ਹ 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁਧ ਪ੍ਰਭਾਵਸ਼ਾਲੀ ਰੋਸ ਧਰਨਾ ਦਿਤਾ। ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਤੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਦੀ ਅਗਵਾਈ ਹੇਠ 'ਆਪ' ਲੀਡਰਸ਼ਿਪ ਨੇ ਜਿਵੇਂ ਹੀ ਐਮ.ਐਲ.ਏ ਹੋਸਟਲ ਤੋਂ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਵਲ ਰੋਸ ਮਾਰਚ ਸ਼ੁਰੂ ਕੀਤਾ
ਤਾਂ ਭਾਰੀ ਗਿਣਤੀ 'ਚ ਮੌਜੂਦ ਪੁਲਿਸ ਫ਼ੋਰਸ ਨੇ 'ਆਪ' ਆਗੂਆਂ ਨੂੰ ਐਮ.ਐਲ.ਏ ਹੋਸਟਲ ਦੇ ਗੇਟ ਦੇ ਅੰਦਰ ਹੀ ਘੇਰ ਲਿਆ ਅਤੇ 'ਆਪ' ਲੀਡਰਸ਼ਿਪ ਉੱਥੇ ਹੀ ਰੋਸ ਧਰਨੇ ਉੱਪਰ ਬੈਠ ਗਏ। ਇਸ ਮੌਕੇ 'ਆਪ' ਲੀਡਰਸ਼ਿਪ ਨੇ ਨਸ਼ਿਆਂ ਦੇ ਮੁੱਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਵਲੋਂ ਸ੍ਰੀ ਗੁਟਕਾ ਸਾਹਿਬ ਹੱਥ ਵਿਚ ਫੜਕੇ ਚੁੱਕੀ ਸਹੁੰ ਨੂੰ ਯਾਦ ਕਰਾਉਂਦੇ ਹੋਏ ਦੋਸ਼ ਲਗਾਇਆ ਕਿ ਬਾਦਲਾਂ ਨਾਲ ਸਿਆਸੀ ਸਾਂਝ ਨਿਭਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਗਏ। ਆਮ ਆਦਮੀ ਪਾਰਟੀ ਨੇ ਇਸ ਬੇਹੱਦ ਗੰਭੀਰ ਸਥਿਤੀ 'ਤੇ ਕਾਬੂ ਪਾਉਣ ਲਈ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਥੱਲੇ ਜਿੱਥੇ
ਸੀਬੀਆਈ ਦੀ ਨਿਰਪੱਖ ਜਾਂਚ ਮੰਗੀ ਉੱਥੇ ਨਸ਼ਾ ਮਾਫ਼ੀਆ 'ਚ ਸ਼ਾਮਲ ਸਿਆਸਤਦਾਨਾਂ, ਪੁਲਿਸ ਅਫ਼ਸਰਾਂ ਅਤੇ ਤਸਕਰਾਂ ਉੱਤੇ ਤੁਰਤ ਸਖ਼ਤ ਕਾਰਵਾਈ ਕਰਨ ਦੀ ਮੰਗ ਰੱਖੀ। ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ 'ਆਪ' ਨੇ ਨਸ਼ਿਆਂ ਦੇ ਇਸ ਪ੍ਰਕੋਪ ਉੱਤੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਅਤੇ ਸਰਬ ਪਾਰਟੀ ਬੈਠਕ ਬੁਲਾਉਣ ਦੀ ਅਪੀਲ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੀਤੀ।
ਇਸ ਮੌਕੇ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਨਸ਼ਿਆਂ ਦੀ ਦਲਦਲ 'ਚ ਇਸ ਕਦਰ ਧੱਕਣ ਲਈ ਸਾਬਕਾ ਅਕਾਲੀ ਮੰਤਰੀ ਅਤੇ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਨੂੰ ਮੁੱਖ ਸਰਗਨਾ ਕਰਾਰ ਦਿਤਾ। ਮਾਨ ਨੇ ਉਨ੍ਹਾਂ 40 ਕਾਂਗਰਸੀ ਵਿਧਾਇਕਾਂ ਨੂੰ ਵੀ ਤਾਅਨਾ ਮਾਰਿਆ ਕਿ ਚਿੱਠੀ ਲਿਖ ਕੇ ਮਜੀਠੀਆ 'ਤੇ ਕਾਰਵਾਈ ਮੰਗਣ ਵਾਲੇ ਕਾਂਗਰਸੀ ਵਿਧਾਇਕ ਬੱਸ ਮੰਤਰੀ ਜਾਂ ਚੇਅਰਮੈਨੀਆਂ ਲੈਣ ਲਈ ਹੀ ਬੋਲ ਰਹੇ ਸਨ, ਜੋ ਹੁਣ ਮੌਨ ਸਾਧ ਗਏ ਹਨ।
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ ਕਿ ਹੁਣ ਤਾਂ ਸਾਬਤ ਹੋ ਗਿਆ ਹੈ ਕਿ ਨਸ਼ਾ ਮਾਫ਼ੀਆ 'ਚ ਸਿਆਸੀ ਮਗਰਮੱਛਾਂ ਦੇ ਨਾਲ-ਨਾਲ ਥਾਣੇਦਾਰ ਤੋਂ ਲੈ ਕੇ ਡੀਜੀਪੀ ਤਕ ਦੇ ਅਫ਼ਸਰਾਂ ਦੀ ਸ਼ਮੂਲੀਅਤ ਹੈ। ਉਨ੍ਹਾਂ ਨਸ਼ਿਆਂ ਦੇ ਮੁੱਦੇ 'ਤੇ ਹਾਈ ਕੋਰਟ ਦੀ ਨਿਗਰਾਨੀ ਥੱਲੇ ਸੀਬੀਆਈ ਦੀ ਸਮਾਂਬੱਧ ਜਾਂਚ 'ਤੇ ਜ਼ੋਰ ਦਿੰਦਿਆਂ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਮੰਗ ਉਠਾਈ।
ਧਰਨੇ 'ਤੇ ਸੰਬੋਧਨਾਂ ਦੌਰਾਨ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਸੰਦੀਪ ਸੰਧੂ ਪਹੁੰਚੇ ਅਤੇ ਉਨ੍ਹਾਂ ਆਮ ਆਦਮੀ ਪਾਰਟੀ ਦਾ ਮੰਗ ਪੱਤਰ ਲੈਂਦੇ ਹੋਏ ਮੁੱਖ ਮੰਤਰੀ ਵਲੋਂ ਕਲ ਦੁਪਹਿਰ ਢਾਈ ਵਜੇ 'ਆਪ' ਲੀਡਰਸ਼ਿਪ ਦੇ ਵਫ਼ਦ ਨਾਲ ਨਸ਼ਿਆਂ ਦੇ ਮੁੱਦੇ 'ਤੇ ਗੱਲਬਾਤ ਕਰਨ ਦਾ ਸੱਦਾ ਦਿਤਾ ਜਿਸ ਨੂੰ ਸਵੀਕਾਰ ਕਰਦੇ ਹੋਏ 'ਆਪ' ਲੀਡਰਸ਼ਿਪ ਨੇ ਧਰਨਾ ਸਮਾਪਤ ਕਰ ਦਿਤਾ।