
ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਲਈ 3 ਜੁਲਾਈ ਤੋਂ 25 ਜੁਲਾਈ ਤੱਕ 'ਦਿੱਲੀ ਮੰਗੇ ਅਪਣਾ ਹੱਕ' ਨਾਂਅ ਤੋਂ...
ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਲਈ 3 ਜੁਲਾਈ ਤੋਂ 25 ਜੁਲਾਈ ਤੱਕ 'ਦਿੱਲੀ ਮੰਗੇ ਅਪਣਾ ਹੱਕ' ਨਾਂਅ ਤੋਂ ਦਸਤਖ਼ਤੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਮੁਹਿੰਮ ਤਹਿਤ ਪਾਰਟੀ ਦੇ ਕਾਰਕੁਨ ਦਿੱਲੀ ਦੇ ਘਰਾਂ ਤੱਕ ਪਹੁੰਚ ਕਰ ਕੇ, ਲੋਕਾਂ ਦੇ ਹਸਤਾਖਰ ਕਰਵਾਉਣਗੇ ਤੇ ਕੇਂਦਰ ਸਰਕਾਰ 'ਤੇ ਦਬਾਅ ਬਣਾਇਆ ਜਾਵੇਗਾ ਕਿ ਦਿੱਲੀ ਦੇ ਦਹਾਕਿਆਂ ਬੱਧੀ ਲਟਕ ਰਹੀ ਮੰਗ ਨੂੰ ਪੂਰਾ ਕੀਤਾ ਜਾਵੇ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦਿੱਲੀ ਦੇ ਕਨਵੀਨਰ ਤੇ ਦਿੱਲੀ ਦੇ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਕਿਹਾ ਦੇ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਜਦੋਂ ਲੋਕ ਵੋਟ ਪਾ ਕੇ, ਸਰਕਾਰ ਚੁਣਦੇ ਹਨ, ਤਾਂ ਉਸ ਸਰਕਾਰ ਨੂੰ ਅਪਣੇ ਸੂਬੇ ਦਾ ਵਿਕਾਸ ਕਰਨ ਦੇ ਪੂਰੇ ਹੱਕ ਪ੍ਰਾਪਤ ਹੁੰਦੇ ਹਨ, ਪਰ ਦਿੱਲੀ ਵਿਚ ਅਜਿਹਾ ਨਹੀਂ ਹੈ ਤੇ ਸਰਕਾਰ ਦੀਆਂ ਕੰਮਾਂ 'ਚ ਰੋੜੇ ਅਟਕਾਏ ਜਾਂਦੇ ਹਨ, ਕਿਉਂਕਿ ਦਿੱਲੀ ਵਿਚ ਕੇਂਦਰ ਸਰਕਾਰ ਦਾ ਬੇਲੋੜਾ ਦਖਲ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਮੁਲਕ ਆਜ਼ਾਦ ਨਹੀਂ ਸੀ ਹੋਇਆ, ਉਦੋਂ ਵੱਖ-ਵੱਖ ਮੁੱਦਿਆਂ ਬਾਰੇ ਅੰਗ੍ਰੇਜ਼ ਅਫ਼ਸਰ ਕ੍ਰਾਂਤੀਕਾਰੀਆਂ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਦੇ ਸਨ, ਪਰ ਦਿੱਲੀ ਦੇ ਇਤਿਹਾਸ ਵਿਚ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ 9 ਦਿਨ ਤੱਕ ਉਪ ਰਾਜਪਾਲ ਅਨਿਲ ਬੈਜਲ ਦੇ ਘਰ ਧਰਨੇ 'ਤੇ ਬੈਠੇ ਰਹੇ, ਪਰ ਉਪ ਰਾਜਪਾਲ ਨੇ 2 ਮਿੰਟ ਲਈ ਵੀ ਮੁਲਾਕਾਤ ਨਹੀਂ ਕੀਤੀ, ਇਸ ਰਵਈਆ ਕਰ ਕੇ, ਵਾਏਸਰਾਏ ਨੂੰ ਵੀ ਸ਼ਰਮ ਆ ਗਈ ਹੋਣੀ ਹੈ। ਉਨ੍ਹਾਂ ਕਿਹਾ ਪਿਛਲੇ ਸਾਲਾਂ ਦੌਰਾਨ ਕਾਂਗਰਸ ਤੇ ਭਾਜਪਾ ਨੇ ਦਿੱਲੀ ਨੂੰ ਚੋਣਾਂ ਵੇਲੇ ਪੂਰਨ ਰਾਜ ਦਾ ਦਰਜਾ ਦੇਣ ਦੇ ਵਾਅਦੇ ਕੀਤੇ, ਪਰ ਇਸ ਮੰਗ ਤੋਂ ਕਿਨਾਰਾ ਕਰ ਲਿਆ।