
ਹੈਰੀ ਮਜੀਠਾ ਨਾਂ ਦੇ ਗੈਂਗਸਟਰ ਵਲੋਂ ਗੁਰਦਾਸਪੁਰ ਐਸ.ਐਚ.ਓ. ਰਜਿੰਦਰ ਕੁਮਾਰ ਅਤੇ ਉਸ ਦੇ ਗੰਨਮੈਨ ਜਤਿੰਦਰ ਕੁਮਾਰ ਉਪਰ ਨਸ਼ੇ ਵੇਚਣ.....
ਗੁਰਦਾਸਪੁਰ: ਹੈਰੀ ਮਜੀਠਾ ਨਾਂ ਦੇ ਗੈਂਗਸਟਰ ਵਲੋਂ ਗੁਰਦਾਸਪੁਰ ਐਸ.ਐਚ.ਓ. ਰਜਿੰਦਰ ਕੁਮਾਰ ਅਤੇ ਉਸ ਦੇ ਗੰਨਮੈਨ ਜਤਿੰਦਰ ਕੁਮਾਰ ਉਪਰ ਨਸ਼ੇ ਵੇਚਣ ਦੇ ਗੰਭੀਰ ਦੋਸ਼ ਲਗਾਏ ਗਏ। ਅਪਣੇ 'ਫ਼ੇਸਬੁੱਕ' ਪੰਨੇ 'ਤੇ ਪਾਈ ਪੋਸਟ ਵਿਚ ਉਸ ਨੇ ਗੁਰਦਾਪੁਰ ਦੇ ਐਸ.ਐਚ.ਓ ਰਜਿੰਦਰ ਕੁਮਾਰ ਅਤੇ ਉਸ ਦੇ ਗੰਨਮੈਨ ਜਤਿੰਦਰ ਕੁਮਾਰ 'ਤੇ ਦੋਸ਼ ਲਗਾਇਆ ਹੈ ਕਿ ਉਹ ਦੋਹੇਂ ਨਸ਼ੇ ਵੇਚਣ ਦੇ ਕਾਰੋਬਾਰ ਵਿਚ ਸ਼ਾਮਲ ਹਨ। ਇਸ ਪੋਸਟ ਵਿਚ ਇਹ ਵੀ ਲਿਖਿਆ ਹੈ ਕਿ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਪੁਲਿਸ ਤਸਕਰਾਂ ਵਿਰੁਧ ਕੋਈ ਕਾਰਵਾਈ ਨਹੀਂ ਕਰਦੀ।
ਜਾਣਕਾਰੀ ਅਨੁਸਾਰ ਐਸ. ਐਸ. ਪੀ. ਗੁਰਦਾਸਪੁਰ ਵਲੋਂ ਕੁੱਝ ਦਿਨ ਪਹਿਲਾਂ ਰਜਿੰਦਰ ਕੁਮਾਰ ਨੂੰ ਸਦਰ ਥਾਣਾ ਗੁਰਦਾਸਪੁਰ ਤੋਂ ਪੁਲਿਸ ਲਾਈਨ ਵਿਚ ਬਦਲ ਦਿਤਾ ਸੀ। ਥਾਣਾ ਮੁਖੀ ਅਤੇ ਉਸ ਦੇ ਗੰਨਮੈਨ 'ਤੇ ਇਕ ਗੈਂਗਸਟਰ ਵਲੋਂ ਨਸ਼ੇ ਵੇਚਣ ਦੇ ਦੋਸ਼ਾਂ ਸਬੰਧੀ ਐਸ.ਐਸ. ਪੀ. ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਨਾਲ ਸੰਪਰਕ ਕੀਤਾ
ਗਿਆ ਤਾਂ ਉਨ੍ਹਾਂ ਕਿਹਾ ਕਿ ਥਾਣੇਦਾਰ ਰਜਿੰਦਰ ਕੁਮਾਰ ਗੈਂਗਸਟਰਾਂ ਵਿਰੁਧ ਕੰਮ ਕਰਦੇ ਰਹੇ ਹਨ ਅਤੇ ਇਸ ਲਈ ਹੋ ਸਕਦਾ ਹੈ ਕਿ ਇਸ ਕਾਰਨ ਗੈਂਗਸਟਰ ਵਲੋਂ ਉਸ ਵਿਰੁਧ ਨਸ਼ੇ ਵੇਚਣ ਦੇ ਦੋਸ਼ ਲਗਾਏ ਹੋਣ। ਉਨ੍ਹਾਂ ਦਸਿਆ ਕਿ ਮਾਮਲਾ ਡਰੱਗਜ਼ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ਨੇ ਦੋ ਡੀਐਸਪੀਜ਼ 'ਤੇ ਆਧਾਰਤ ਇਕ ਟੀਮ ਬਣਾਈ ਹੈ ਜਿਸ ਦੀ ਰਿਪੋਰਟ ਜਲਦੀ ਹੀ ਆ ਜਾਵੇਗੀ। ਇਸ ਰਿਪੋਰਟ ਵਿਚ ਜਿਹੜਾ ਵੀ ਵਿਅਕਤੀ ਹੋਵੇਗਾ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ