
ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਇਕਾਈ ਦੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਞਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਪਿਛਲੇ ਸਮੇਂ ਦੌਰਾਨ ਪਾਰਟੀ........
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਇਕਾਈ ਦੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਪਿਛਲੇ ਸਮੇਂ ਦੌਰਾਨ ਪਾਰਟੀ 'ਚੋਂ ਕੱਢੇ ਗਏ ਅਹੁਦੇਦਾਰਾਂ ਨੂੰ ਮੁੜ ਪਾਰਟੀ ਵਿਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਜਾਰੀ ਪ੍ਰੈੱਸ ਨੋਟ ਵਿਚ ਦਸਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਸਾਬਕਾ ਦਿੱਲੀ ਕਮੇਟੀ ਮੈਂਬਰ ਤਨਵੰਤ ਸਿੰਘ, ਬਖਸ਼ੀਸ਼ ਸਿੰਘ ਰੋਹਿਣੀ, ਸਰਨਾ ਦਲ ਦੀ ਯੂਥ ਵਿੰਗ ਦੇ ਸਾਬਕਾ ਕੌਮੀ ਪ੍ਰਧਾਨ ਹਰਪ੍ਰੀਤ ਸਿੰਘ ਰਾਜਾ ਅਤੇ ਅਕਾਲੀ ਆਗੂ ਅਮਰਜੀਤ ਸਿੰਘ ਲਿਬਾਸਪੁਰੀ ਮੁੜ ਪਾਰਟੀ ਵਿਚ ਸ਼ਾਮਲ ਹੋ ਗਏ ਹਨ।
ਅਕਾਲੀ ਦਲ ਦੇ ਬੁਲਾਰੇ ਨੇ ਦਸਿਆ ਕਿ ਬੀਤੇ ਦਿਨੀਂ ਅਕਾਲੀ ਦਲ ਦੀ ਕੋਰ ਕਮੇਟੀ 'ਚ ਪਾਰਟੀ 'ਚੋਂ ਕੱਢੇ ਗਏ ਜਾਂ ਪਾਰਟੀ ਛੱਡ ਗਏ ਆਗੂਆਂ ਵਲੋਂ ਪਾਰਟੀ 'ਚ ਵਾਪਸ ਆਉਣ ਵਾਸਤੇ ਕੀਤੀ ਜਾ ਰਹੀਆਂ ਬੇਨਤੀਆਂ 'ਤੇ ਵਿਚਾਰ ਚਰਚਾ ਹੋਈ ਸੀ। ਜਿਸ ਉਪਰੰਤ ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਮਹਿੰਦਰ ਪਾਲ ਸਿੰਘ ਚੱਢਾ, ਪ੍ਰਿਤਪਾਲ ਸਿੰਘ ਕਪੂਰ ਆਦਿਕ 'ਤੇ ਆਧਾਰਿਤ ਕਮੇਟੀ ਨੂੰ ਇਸ ਸਬੰਧੀ ਫ਼ੈਸਲਾ ਲੈਣ ਦੇ ਅਧਿਕਾਰ ਦਿੱਤੇ ਗਏ ਸਨ। ਕਮੇਟੀ ਵਲੋਂ ਲਿਖਤੀ ਅਰਜੀਆਂ ਲੈਣ ਉਪਰੰਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਪ੍ਰਵਾਨਗੀ ਲੈਣ ਉਪਰੰਤ ਉਕਤ ਆਗੂਆਂ ਨੂੰ ਪਾਰਟੀ ਦਾ ਮੁੜ੍ਹ ਤੋਂ ਹਿੱਸਾ ਬਣਾਇਆ ਗਿਆ ਹੈ।
ਸ.ਰਾਜਾ ਅਤੇ ਤਨਵੰਤ ਨੂੰ ਛੱਡ ਕੇ ਬਾਕੀ ਤਿੰਨੋਂ ਅਕਾਲੀ ਆਗੂਆਂ ਨੂੰ 2017 ਦੀਆਂ ਕਮੇਟੀ ਚੋਣਾਂ ਦੌਰਾਨ ਪਾਰਟੀ ਉਮੀਦਵਾਰ ਦੇ ਖਿਲਾਫ਼ ਕਾਰਜ ਕਰਨ ਲਈ ਪਾਰਟੀ ਤੋਂ 6 ਸਾਲ ਲਈ ਛੇਕਿਆ ਗਿਆ ਸੀ। ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਇੰਚਾਰਜ ਸ.ਬਲਵਿੰਦਰ ਸਿੰਘ ਭੁੰਦੜ ਨੇ ਪਾਰਟੀ 'ਚ ਸ਼ਾਮਲ ਕੀਤੇ ਗਏ ਆਗੂਆਂ ਨੂੰ ਸ਼ਾਲ ਪਾ ਕੇ ਪਾਰਟੀ 'ਚ 'ਜੀਅ ਆਇਆਂ' ਆਖਿਆ।
ਸ. ਜੀ.ਕੇ. ਨੇ ਕਿਹਾ ਕਿ ਪਾਰਟੀ ਦੇ ਵਿੱਚ ਰਹਿਕੇ ਪਾਰਟੀ ਦੇ ਖਿਲਾਫ਼ ਕਾਰਜ ਕਰਨ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਹੀ ਦੋਸ਼ੀ ਆਗੂਆਂ ਨੂੰ ਪਾਰਟੀ 'ਚੋਂ ਬਾਹਰ ਕੱਢਿਆ ਗਿਆ ਸੀ। ਇਸ ਮੌਕੇ ਦਿੱਲੀ ਇਕਾਈ ਦੇ ਸੱਕਤਰ ਜਨਰਲ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕੌਮੀ ਬੁਲਾਰੇ ਪਰਮਿੰਦਰ ਪਾਲ ਸਿੰਘ, ਸਾਬਕਾ ਦਿੱਲੀ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ ਅਤੇ ਨੌਜਵਾਨ ਆਗੂ ਜਸਪ੍ਰੀਤ ਸਿੰਘ ਵਿੱਕੀਮਾਨ ਆਦਿ ਹਾਜ਼ਰ ਸਨ।