
ਅੱਜ ਮੋਗਾ ਦੇ ਨੇਚਰ ਪਾਰਕ ਵਿਚ ਰੈੱਡ ਆਰਟਸ ਪੰਜਾਬ ਵਲੋਂ ਪੰਜਾਬ ਵਿਚ ਚੱਲ ਰਹੇ ਨਸ਼ਿਆਂ ਦੇ ਮਾੜੇ ਦੌਰ ਨੂੰ ਠੱਲ੍ਹ ਪਾਉਣ ਲਈ........
ਮੋਗਾ : ਅੱਜ ਮੋਗਾ ਦੇ ਨੇਚਰ ਪਾਰਕ ਵਿਚ ਰੈੱਡ ਆਰਟਸ ਪੰਜਾਬ ਵਲੋਂ ਪੰਜਾਬ ਵਿਚ ਚੱਲ ਰਹੇ ਨਸ਼ਿਆਂ ਦੇ ਮਾੜੇ ਦੌਰ ਨੂੰ ਠੱਲ੍ਹ ਪਾਉਣ ਲਈ ਮੀਟਿੰਗ ਕੀਤੀ ਗਈ ਜਿਸ ਵਿਚ ਰੈੱਡ ਆਰਟਸ ਹਰਿਆਣਾ ਤੇ ਰੈੱਡ ਆਰਟਸ ਰਾਜਸਥਾਨ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਰੈੱਡ ਆਰਟਸ ਪੰਜਾਬ ਵਲੋਂ ਇੰਦਰਜੀਤ ਮੋਗਾ, ਦੀਪਕ ਨਿਆਜ਼, ਰੈੱਡ ਆਰਟਸ ਹਰਿਆਣਾ ਵਲੋਂ ਪ੍ਰਵੀਨ ਅਵਾਰਾ ਤੇ ਰੈੱਡ ਆਰਟਸ ਰਾਜਸਥਾਨ ਵਲੋਂ ਦੀਪ ਜਗਦੀਪ, ਅਤੁਲ ਆਜ਼ਾਦ ਤੇ ਪੂਰੀ ਟੀਮ ਵਲੋਂ ਕੁਝ ਅਹਿਮ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ ਜਿਨ੍ਹਾਂ ਵਿਚ ਪੰਜਾਬ ਵਿਚ ਵਧ ਰਹੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਬਾਰੇ ਚਰਚਾ ਕੀਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਦੀਪ ਜਗਦੀਪ ਤੇ ਇੰਦਰਜੀਤ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਅੱਜ ਕਲ ਦੀ ਗੱਲ ਨਹੀਂ। ਇਹ ਪਿਛਲੇ 10 ਸਾਲਾਂ ਤੋਂ ਚਲਿਆ ਆ ਰਿਹਾ ਹੈ, ਸਰਕਾਰਾਂ ਤੇ ਪ੍ਰਸ਼ਾਸਨ ਦੀ ਭਾਈਬੰਦੀ ਨਾਲ ਸਾਡੇ ਨੌਜਵਾਨਾਂ ਤੇ ਘਰਾਂ ਤਕ ਪਹੁੰਚਿਆ ਹੈ ਜਿਸ ਦੇ ਫਲਸਰੂਪ ਪੰਜਾਬ ਦੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ। ਪਿਛਲੇ ਇਕ ਮਹੀਨੇ ਅੰਦਰ 24 ਨੌਜਵਾਨ ਇਸ ਦੀ ਭੇਂਟ ਚੜ੍ਹ ਗਏ ਹਨ। ਨਸ਼ੇ ਦਾ ਇਕ ਮੇਨ ਕਾਰਨ ਬੇਰੁਜ਼ਗਾਰੀ ਹੈ।
ਅਸੀਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਇਸ ਨਸ਼ੇ ਦੀ ਬੀਮਾਰੀ ਨੂੰ ਦੂਰ ਕਰਨ ਲਈ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਤਾਂ ਇਸੇ ਤਰ੍ਹਾਂ ਨੌਜਵਾਨੀ ਦਾ ਘਾਣ ਹੁੰਦਾ ਰਹੇਗਾ। ਰੈੱਡ ਆਰਟਸ ਪੰਜਾਬ ਪਿਛਲੇ 4 ਸਾਲਾਂ ਤੋਂ ਨਸ਼ਿਆਂ ਵਿਰੁਧ ਪਿੰਡਾਂ, ਸ਼ਹਿਰਾਂ, ਸਕੂਲਾਂ, ਕਾਲਜਾਂ ਤੇ ਗਲੀਆਂ ਮੁਹੱਲਿਆਂ ਵਿਚ ਨੁੱਕੜ ਨਾਟਕ ਕਰ ਰਹੇ ਹਨ ਤੇ ਇਸ 'ਤੇ ਅਧਾਰਤ ਫ਼ਿਲਮ 'ਪੰਜਾਬ 2016' ਵੀ ਕੀਤੀ ਗਈ ਜੋ ਯੂ ਟਿਊਬ 'ਤੇ ਉਪਲਭਧ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਜੋ ਲੋਕਾਂ ਨੇ ਨਸ਼ੇ ਵਿਰੁਧ ਮੁਹਿੰਮ 'ਮਰੋ ਜਾਂ ਵਿਰੋਧ ਕਰੋ' ਵਿੱਢੀ ਹੋਈ ਹੈ, ਅਸੀਂ ਉਸ ਦਾ ਸਮਰਥਨ ਕਰਦੇ ਹਾਂ ਅਤੇ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ। ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਅਪਣਾ-ਅਪਣਾ ਯੋਗਦਾਨ ਪਾਉਣ ਤਾਂ ਕਿ ਇਸ ਨਸ਼ੇ ਵਰਗੀ ਮਾੜੀ ਅਲਾਮਤ ਨੂੰ ਗਲੋਂ ਲਾਹਿਆ ਜਾ ਸਕੇ ਤੇ ਪੰਜਾਬ 2016 ਫ਼ਿਲਮ ਅਪਣੇ-ਅਪਣੇ ਪਿੰਡ ਵਿਚ ਦਿਖਾਈ ਜਾਵੇ ਤਾਂ ਜੋ ਨੌਜਵਾਨ ਸੇਧ ਲੈ ਸਕਣ। ਇਸ ਮੀਟਿੰਗ ਵਿਚ ਟੀਮ ਦੇ ਮੈਂਬਰ ਬੱਲੀ ਬਲਜੀਤ, ਸ਼ਿਵਮ ਸ਼ਿਵ, ਹਰਿੰਦਰ ਸਹੋਤਾ, ਤਰਲੋਚਨ ਮਹੇਸਰੀ, ਜੀਵਨ ਰਾਹੀ, ਮਨਜਿੰਦਰ ਅਜ਼ੀਜ਼, ਜਿਗਰਪ੍ਰੀਤ, ਨਿਮਰ, ਧਰਮਿੰਦਰ ਗਿੱਲ ਆਦਿ ਹਾਜ਼ਰ ਸਨ।