
ਜਸਵੰਤ ਸਿੰਘ ਕੰਵਲ ਦੀ ਸਿਹਤ ਵਡੇਰੀ ਉਮਰ ਕਾਰਨ ਨਾਸਾਜ਼ ਚੱਲ ਰਹੀ ਹੈ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਘੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਲਈ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੀ ਸਿਹਤ ਵਡੇਰੀ ਉਮਰ ਕਾਰਨ ਨਾਸਾਜ਼ ਚੱਲ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਨਿੱਜੀ ਤੌਰ 'ਤੇ ਸ਼੍ਰੀ ਕੰਵਲ ਦੇ ਜੱਦੀ ਪਿੰਡ ਢੁੱਡੀਕੇ ਵਿਖੇ ਜਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਵਿੱਤੀ ਇਮਦਾਦ ਸੌਂਪਣ ਦੇ ਹੁਕਮ ਦਿਤੇ।
Captain Amarinder Singh
ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਖਿਆ ਕਿ ਸ਼੍ਰੀ ਕੰਵਲ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਨੂੰ ਵੀ ਯਕੀਨੀ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ 100 ਵਰ੍ਹਿਆਂ ਦੀ ਉਮਰ ਪਾਰ ਕਰ ਚੁੱਕੇ ਸ਼੍ਰੀ ਕੰਵਲ ਨੇ ਕਈ ਨਾਵਲਾਂ ਸਮੇਤ ਲਗਪਗ 100 ਕਿਤਾਬਾਂ ਦੀ ਰਚਨਾ ਕਰਕੇ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਕੀਤਾ।
ਸ਼੍ਰੀ ਕੰਵਲ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਾਮਵਰ ਪੰਜਾਬੀ ਲੇਖਕ ਨੇ ਅਪਣਾ ਸਮੁੱਚਾ ਜੀਵਨ ਪੰਜਾਬ ਮਾਂ ਬੋਲੀ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਕੀਤਾ।
ਉਨ੍ਹਾਂ ਕਿਹਾ ਕਿ ਸ਼੍ਰੀ ਕੰਵਲ ਦੀਆਂ ਲਿਖਤਾਂ ਪੇਂਡੂ ਜੀਵਨ ਅਤੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਦੀ ਧੁਰ ਅੰਦਰਲੀ ਤਸਵੀਰ ਪੇਸ਼ ਕਰਦੀਆਂ ਹਨ।