
ਨਸ਼ੇ ਲਈ ਦੋਸਤਾਂ ਨਾਲ ਮਿਲ ਕੇ ਵਾਰਦਾਤ ਨੂੰ ਦਿਤਾ ਸੀ ਅੰਜਾਮ
ਪਟਿਆਲਾ : ਸ਼ੁਤਰਾਣਾ ਥਾਣਾ ਦੇ ਅਧੀਨ ਆਉਂਦੇ ਪਿੰਡ ਕੰਗਥਲਾ ਵਿਚ ਇਕ ਨਸ਼ੇ ਨੌਜੁਆਨ ਨੇ ਨਸ਼ੇ ਲਈ ਅਪਣੀ ਮਾਂ ਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਸੀ। ਇਸ ਵਾਰਦਾਤ ਦਾ ਪਤਾ ਉਦੋਂ ਲੱਗਾ ਜਦੋਂ ਗੁਆਂਢੀਆਂ ਨੂੰ ਬਦਬੂ ਆਉਣ ਲੱਗੀ ਅਤੇ ਜਦੋਂ ਘਰ ਅੰਦਰ ਜਾ ਕੇ ਵੇਖਿਆ ਤਾਂ ਬਜ਼ੁਰਗ ਮਾਂ ਦੀ ਲਾਸ਼ ਨੂੰ ਸਾੜਿਆ ਜਾ ਰਿਹਾ ਸੀ। ਇਸ ’ਤੇ ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਮੁਲਜ਼ਮ ਪੁੱਤ ਮੌਕੇ ਤੋਂ ਫਰਾਰ ਹੋ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਆਈਪੀਐਸ ਅਧਿਕਾਰੀ ਵਰੁਣ ਸ਼ਰਮਾ ਨੇ ਕਾਨਫਰੰਸ ਰਾਹੀਂ ਦਸਿਆ ਕਿ ਮੁਲਜ਼ਮ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਜਨਪਾਲ ਸਿੰਘ, ਰਜਿੰਦਰ ਸਿੰਘ ਉਰਫ ਰਾਜਾ ਪੁੱਤਰ ਕਸ਼ਮੀਰ ਸਿੰਘ ਤੇ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਗੁਰਮੇਹਰ ਸਿੰਘ ਵਾਸੀਆਨ ਕੰਗਥਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕਾ ਪਰਮਜੀਤ ਕੌਰ ਦੇ ਚਾਚੇ ਦੇ ਲੜਕੇ ਭਗਵਾਨ ਸਿੰਘ ਪੁੱਤਰ ਕਾਬਲ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਦੋਸ਼ੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ।
ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦਸਿਆ ਕਿ ਤਿੰਨਾਂ ਨੇ ਮਿਲ ਕੇ ਮਿਤੀ 25.06.2023 ਨੂੰ ਵਕਤ ਕਰੀਬ 10 ਵਜੇ ਸਵੇਰੇ ਮ੍ਰਿਤਕ ਪਰਮਜੀਤ ਕੌਰ ਨੂੰ ਸੰਬਲ ਮਾਰ ਕੇ ਮਾਰਿਆ ਸੀ ਤੇ ਉਸੇ ਦਿਨ ਹੀ ਇਨ੍ਹਾਂ ਤਿੰਨਾਂ ਨੂੰ ਵਕਤ ਕਰੀਬ 1 ਵਜੇ ਦੁਪਹਿਰ ਨੂੰ ਜਸਵਿੰਦਰ ਸਿੰਘ ਉਰਫ ਯੋਧਾ ਉਮਰ ਕਰੀਬ 20 ਸਾਲ ਜੋ ਬਾਹਰੋਂ ਘਰ ਆਇਆ ਸੀ। ਉਸ ਦੇ ਸਿਰ ਵਿੱਚ ਸੰਬਲਾਂ ਮਾਰ ਕੇ ਕਤਲ ਕਰ ਦਿਤਾ ਸੀ।
ਫਿਰ ਰਾਤ ਨੂੰ ਵਕਤ ਕਰੀਬ 11 ਵਜੇ ਇਨ੍ਹਾਂ ਤਿੰਨਾਂ ਨੇ ਮ੍ਰਿਤਕ ਜਸਵਿੰਦਰ ਸਿੰਘ ਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿਤਾ ਸੀ। ਦੋਸ਼ੀ ਗੁਰਵਿੰਦਰ ਸਿੰਘ ਦੀ ਮਾਤਾ ਮ੍ਰਿਤਕ ਪਰਮਜੀਤ ਕੌਰ ਦੀ ਲਾਸ਼ ਦੇ ਘਰ ਵਿਚ ਦਾਤਰ ਨਾਲ ਟੁਕੜੇ ਕਰ ਕੇ ਘਰ ਦੇ ਕੋਨੇ ਵਿਚ ਸਾੜ ਦਿਤੀ ਸੀ।
ਪੁਲਿਸ ਨੂੰ ਮੌਕੇ ਤੋਂ ਮ੍ਰਿਤਕਾ ਪਰਮਜੀਤ ਕੌਰ ਦਾ ਕੰਕਾਲ ਬਰਾਮਦ ਹੋਇਆ। ਮੁਲਜ਼ਮ ਪੁੱਤ ਗੁਰਵਿੰਦਰ ਸਿੰਘ ਮ੍ਰਿਤਕ ਪਰਮਜੀਤ ਕੌਰ ਦੇ ਪਹਿਲੇ ਪਤੀ ਦੀ ਔਲਾਦ ਸੀ। ਤਲਾਕ ਹੋਣ ਤੋਂ ਬਾਅਦ ਉਸ ਦਾ ਦੂਜਾ ਵਿਆਹ ਕੰਗਥਲਾ ਵਾਲੀ ਰਘਬੀਰ ਸਿੰਘ ਨਾਲ ਹੋਇਆ ਸੀ। ਰਘਬੀਰ ਸਿੰਘ ਦੀ ਮੌਤ ਵੀ ਸਾਲ 2011 ਵਿਚ ਹੋ ਗਈ ਸੀ।
ਪਰਮਜੀਤ ਕੌਰ ਦੀ ਕੁਖੋਂ ਦੂਸਰਾ ਲੜਕਾ ਮ੍ਰਿਤਕ ਜਸਵਿੰਦਰ ਸਿੰਘ ਉਰਫ ਯੋਧਾ ਨੇ ਜਨਮ ਲਿਆ ਸੀ। ਇਹਨਾਂ ਤਿੰਨਾਂ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਇਹ ਵੀ ਦਸਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ।
ਮੁਲਜ਼ਮ ਗੁਰਵਿੰਦਰ ਸਿੰਘ ਆਪਣੀ ਮਾਂ ਕੋਲੋਂ ਨਸ਼ੇ ਲਈ ਪੈਸੇ ਮੰਗਦਾ ਸੀ। ਉਸ ਦੀ ਮਾਤਾ ਮ੍ਰਿਤਕ ਪਰਮਜੀਤ ਕੌਰ ਨੇ ਪੈਸੇ ਦੇਣ ਤੋਂ ਜੁਆਬ ਦੇ ਦਿਤਾ ਸੀ ਅਤੇ ਗੁਰਵਿੰਦਰ ਸਿੰਘ ਦੇ ਭਰਾ ਮ੍ਰਿਤਕ ਜਸਵਿੰਦਰ ਸਿੰਘ ਉਰਫ ਯੁਧਾ ਨੇ ਵੀ ਇਸ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ। ਇਸੇ ਰੰਜਿਸ਼ ਕਰ ਕੇ ਹੀ ਇਨ੍ਹਾਂ ਤਿੰਨਾਂ ਨੇ ਰਲ ਕੇ ਇਕ ਵਿਉਂਤਬੰਦੀ ਬਣਾ ਕੇ ਪਰਮਜੀਤ ਕੌਰ ਤੇ ਉਸ ਦੇ ਲੜਕੇ ਜਸਵਿੰਦਰ ਸਿੰਘ ਦਾ ਕਤਲ ਕਰ ਦਿਤਾ।
ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਵੀ ਡੂੰਘਾਈ ਨਾਲ ਪੁੱਛਗਿਛ ਕਰ ਕੇ ਬਹੁਤੀਸ਼ ਕੀਤੀ ਜਾਵੇਗੀ।