
ਅਦਾਲਤ 'ਚ ਪੇਸ਼ ਕਰ ਕੇ ਲਿਆ ਦੋ ਦਿਨ ਦਾ ਰਿਮਾਂਡ
ਮਾਛੀਵਾੜਾ ਸਾਹਿਬ : ਸਥਾਨਕ ਪੁਲਿਸ ਹੱਥ ਉਸ ਸਮੇਂ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਜਾ ਕੇ ਕਈ ਦੁਕਾਨਦਾਰਾਂ ਨੂੰ ਲੱਖਾਂ ਰੁਪਏ ਦੀ ਠੱਗੀ ਲਗਾਉਣ ਵਾਲਾ ਸ਼ਾਤਰ ਠੱਗ ਜੋਗਿੰਦਰ ਸਿੰਘ ਉਰਫ਼ ਪ੍ਰਕਾਸ਼ ਸਿੰਘ ਵਾਸੀ ਪ੍ਰੀਤ ਨਗਰ ਸ਼ਿਮਲਾਪੁਰੀ, ਲੁਧਿਆਣਾ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਲੰਘੀ 19 ਅਪ੍ਰੈਲ ਨੂੰ ਉਕਤ ਸ਼ਾਤਿਰ ਠੱਗ ਜੋਗਿੰਦਰ ਸਿੰਘ ਜਿਸ ਨੇ ਅਪਣਾ ਨਾਮ ਪ੍ਰਕਾਸ਼ ਸਿੰਘ ਦਸਿਆ ਅਤੇ ਮਾਛੀਵਾੜਾ ਦੇ ਸਤਿਗੁਰੂ ਕਰਿਆਨਾ ਸਟੋਰ ’ਤੇ ਆ ਕੇ ਇਕ ਧਾਰਮਿਕ ਅਸਥਾਨ ’ਤੇ ਲੰਗਰ ਲਗਾਉਣ ਲਈ 2 ਲੱਖ ਰੁਪਏ ਦਾ ਸਮਾਨ ਖਰੀਦਿਆ।
ਇਸ ਕਥਿਤ ਠੱਗ ਨੇ ਕਰਿਆਨਾ ਮਾਲਕ ਨੂੰ 2 ਲੱਖ ਰੁਪਏ ਦਾ ਚੈੱਕ ਦੇ ਕੇ ਸਾਰਾ ਸਮਾਨ ਰਿਕਸ਼ਾ ’ਤੇ ਲੱਦ ਕੇ ਲੈ ਗਿਆ। ਜਦੋਂ ਕਰਿਆਨਾ ਮਾਲਕ ਚੈੱਕ ਕੈਸ਼ ਕਰਵਾਉਣ ਗਿਆ ਤਾਂ ਉਸ ਬੈਂਕ ਜਾ ਕੇ ਪਤਾ ਲੱਗਾ ਕਿ ਇਹ ਚੈੱਕ ਬੁੱਕ ਕਿਸੇ ਹੋਰ ਵਿਅਕਤੀ ਦੇ ਨਾਂਅ ’ਤੇ ਚੱਲਦੀ ਹੈ ਜਦਕਿ ਦਸਤਖ਼ਤ ਕਿਸੇ ਹੋਰ ਵਿਅਕਤੀ ਦੇ ਹਨ, ਜਿਸ ’ਤੇ ਦੁਕਾਨਦਾਰ ਨੂੰ ਅਪਣੀ ਨਾਲ ਠੱਗੀ ਦਾ ਅਹਿਸਾਸ ਹੋਇਆ।
ਮਾਛੀਵਾੜਾ ਪੁਲਿਸ ਵਲੋਂ ਉਸ ਸਮੇਂ ਇਸ ਠੱਗ ਵਿਰੁਧ ਮਾਮਲਾ ਦਰਜ ਕਰ ਉਸ ਦੀ ਤਲਾਸ਼ ਸ਼ੁਰੂ ਕਰ ਦਿਤੀ ਜੋ ਕਿ ਹੁਣ ਪੁਲਿਸ ਦੀ ਗ੍ਰਿਫ਼ਤ ’ਚ ਆ ਗਿਆ। ਪੁਲਿਸ ਵਲੋਂ ਦੁਕਾਨਦਾਰਾਂ ਨੂੰ ਠੱਗਣ ਵਾਲੇ ਠੱਗ ਨੂੰ ਜਦੋਂ ਕਾਬੂ ਕੀਤਾ ਗਿਆ ਤਾਂ ਪੁੱਛਗਿੱਛ ਤੋਂ ਬਾਅਦ ਹੈਰਾਨੀਜਨਕ ਖ਼ੁਲਾਸਾ ਹੋਇਆ ਕਿ ਇਸ ਵਿਰੁੱਧ ਪਹਿਲਾਂ ਵੀ ਦੁਕਾਨਦਾਰਾਂ ਨੂੰ ਠੱਗਣ ਦੇ 4 ਮਾਮਲੇ ਦਰਜ ਹਨ ਅਤੇ ਪੰਜਵਾਂ ਮਾਛੀਵਾੜਾ ਪੁਲਿਸ ਥਾਣਾ ’ਚ ਦਰਜ ਹੋਇਆ ਹੈ। ਇਹ ਠੱਗ ਐਨਾ ਸ਼ਾਤਿਰ ਹੈ ਕਿ ਜਦੋਂ ਵੀ ਕਿਸੇ ਦੁਕਾਨਦਾਰ ਨੂੰ ਠੱਗਣ ਜਾਂਦਾ ਹੈ ਤਾਂ ਹਰੇਕ ਜਗ੍ਹਾ ਅਪਣਾ ਨਾਮ ਬਦਲ ਦਿੰਦਾ ਹੈ।
ਹੋਰ ਤਾਂ ਹੋਰ ਇਹ ਧਾਰਮਕ ਪਹਿਰਾਵਾ ਪਾ ਕੇ ਧਾਰਮਿਕ ਅਸਥਾਨਾਂ ਦਾ ਹਵਾਲਾ ਦੇ ਕੇ ਦੁਕਾਨਦਾਰਾਂ ਨੂੰ ਅਜਿਹਾ ਵਿਸ਼ਵਾਸ ’ਚ ਲੈ ਲੈਂਦਾ ਹੈ ਕਿ ਲੋਕ ਉਸਨੂੰ ਲੱਖਾਂ ਰੁਪਏ ਦਾ ਸਮਾਨ ਚੁੱਕਾ ਦਿੰਦੇ ਹਨ ਅਤੇ ਬਾਅਦ ਵਿਚ ਅਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ। ਪੁਲਿਸ ਵਲੋਂ ਦਿਤੀ ਜਾਣਕਾਰੀ ਅਨੁਸਾਰ ਥਾਣਾ ਸਿਧਵਾਂ ਬੇਟ ਇਲਾਕੇ ’ਚ ਇਸ ਠੱਗ ਨੇ ਅਪਣਾ ਨਾਮ ਅਮਰਿੰਦਰ ਸਿੰਘ ਉਰਫ਼ ਮਾਨਵ ਜੈਨ ਵਾਸੀ ਪਿੰਡ ਸਰੀਹ ਦੱਸ ਕੇ ਠੱਗੀ ਮਾਰੀ ਜਿਸ ਖਿਲਾਫ਼ 6-3-2018 ਨੂੰ ਮਾਮਲਾ ਦਰਜ ਕੀਤਾ ਗਿਆ।
ਦੂਜਾ ਮਾਮਲਾ ਥਾਣਾ ਸਿਟੀ ਫਗਵਾੜਾ ਵਿਖੇ 18-3-2019 ਨੂੰ ਦਰਜ ਹੋਇਆ ਜਿਥੇ ਉਸ ਨੇ ਅਪਣਾ ਨਾਮ ਬਾਬਾ ਜਗਰੂਪ ਸਿੰਘ ਵਾਸੀ ਫਿਲੌਰ ਦੱਸ ਕੇ ਠੱਗੀ ਮਾਰੀ। ਤੀਜਾ ਮਾਮਲਾ ਥਾਣਾ ਪਾਇਲ ਵਿਖੇ 10-12-2019 ਨੂੰ ਇਸ ਸ਼ਾਤਿਰ ਠੱਗ ਵਿਰੁਧ ਮਾਮਲਾ ਦਰਜ ਹੋਇਆ ਜਿਸ ਨੇ ਅਪਣਾ ਨਾਮ ਨਿਰਮਲਜੀਤ ਸਿੰਘ ਉਰਫ਼ ਮਨਦੀਪ ਸਿੰਘ ਉਰਫ਼ ਮਨਿੰਦਰ ਸਿੰਘ ਉਰਫ਼ ਜੋਨੀ ਵਾਸੀ ਸ਼ਿਮਲਾਪੁਰੀ ਦੱਸ ਕੇ ਠੱਗੀ ਮਾਰੀ। ਚੌਥਾ ਮਾਮਲਾ 13-12-2019 ਨੂੰ ਥਾਣਾ ਸਾਹਨੇਵਾਲ ਵਿਚ ਦਰਜ ਹੋਇਆ ਜਿਥੇ ਉਸ ਨੇ ਅਪਣਾ ਨਾਮ ਨਿਰਮਲਜੀਤ ਸਿੰਘ ਉਰਫ਼ ਮਨਦੀਪ ਸਿੰਘ ਉਰਫ਼ ਮਨਿੰਦਰ ਸਿੰਘ ਉਰਫ਼ ਜੋਨੀ ਵਾਸੀ ਸ਼ਿਮਲਾਪੁਰੀ ਤਹਿਤ ਦਰਜ ਹੋਇਆ ਅਤੇ ਪੰਜਵਾਂ ਮਾਮਲਾ ਮਾਛੀਵਾੜਾ ਥਾਣਾ ਵਿਖੇ ਕਰਿਆਨਾ ਦੁਕਾਨਦਾਰ ਨੂੰ 2 ਲੱਖ ਰੁਪਏ ਦੀ ਠੱਗੀ ਮਾਰਨ ਦੇ ਕਥਿਤ ਦੋਸ਼ ਹੋਇਆ ਜਿੱਥੇ ਉਸਨੇ ਆਪਣਾ ਨਾਮ ਪ੍ਰਕਾਸ਼ ਸਿੰਘ ਦਸਿਆ।
ਇਸ ਸਬੰਧੀ ਵਰਿਆਮ ਸਿੰਘ ਖਹਿਰਾ ਡੀ.ਐਸ.ਪੀ. ਸਮਰਾਲਾ ਨੇ ਦਸਿਆ ਕਿ ਦੁਕਾਨਦਾਰਾਂ ਨੂੰ ਠੱਗਣ ਵਾਲੇ ਠੱਗ ਦਾ ਅਸਲੀ ਨਾਮ ਜੋਗਿੰਦਰ ਸਿੰਘ ਉਰਫ਼ ਪ੍ਰਕਾਸ਼ ਸਿੰਘ ਹੈ ਜਿਸ ਨੇ ਪੰਜਾਬ ਵਿਚ ਹੋਰ ਵੀ ਕਈ ਦੁਕਾਨਦਾਰਾਂ ਨੂੰ ਠੱਗੀ ਲਗਾਈ ਜਿਸ ਵਿਰੁੱਧ ਕਈ ਮਾਮਲੇ ਵੀ ਦਰਜ ਹਨ। ਪੁਲਿਸ ਵਲੋਂ ਇਸ ਕਥਿਤ ਠੱਗ ਦਾ ਦੋ ਦਿਨਾਂ ਰਿਮਾਂਡ ਲਿਆ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਠੱਗੀ ’ਚ ਹੋਰ ਵੀ ਜੋ ਸਾਥੀ ਹਨ ਉਨ੍ਹਾਂ ’ਤੇ ਵੀ ਸ਼ਿਕੰਜਾ ਕਸਿਆ ਜਾਵੇਗਾ ਅਤੇ ਠੱਗੀ ਦਾ ਸਮਾਨ ਕਿੱਥੇ ਵੇਚਿਆ ਉਸ ਬਾਰੇ ਵੀ ਖੁਲਾਸੇ ਹੋ ਸਕਦੇ ਹਨ।