
ਪੁਲਿਸ ਨੇ ਦੋ ਔਰਤਾਂ ਨੂੰ ਕੀਤਾ ਗ੍ਰਿਫ਼ਤਾਰ
ਮਾਛੀਵਾੜਾ ਸਾਹਿਬ: ਸਥਾਨਕ ਰਾਹੋਂ ਰੋਡ ’ਤੇ ਸਥਿਤ ਇਕ ਕਾਲੋਨੀ ਵਿਖੇ ਸਾਬਕਾ ਫ਼ੌਜੀ ਗਰੀਬ ਦਾਸ ਵਾਸੀ ਬਲੀਏਵਾਲ ਦੀ ਇਕ ਔਰਤ ਦੇ ਘਰ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਜਿਸ ’ਤੇ ਪੁਲਿਸ ਨੇ ਦੋ ਔਰਤਾਂ ਸੀਮਾ ਅਤੇ ਉਰਮਿਲਾ ਦੇਵੀ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੇ ਲੜਕੇ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਪਿਤਾ 2016 ਵਿਚ ਫ਼ੌਜ ਤੋਂ ਸੇਵਾਮੁਕਤ ਹੋਇਆ ਸੀ ਜਿਸ ਤੋਂ ਬਾਅਦ ਉਹ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਵੀ ਪ੍ਰਾਈਵੇਟ ਸਕਿਉਰਿਟੀ ਗਾਰਡ ਵਜੋਂ ਕੰਮ ਕਰਦਾ ਰਿਹਾ।
ਬਿਆਨਕਰਤਾ ਅਨੁਸਾਰ ਉਸ ਦੇ ਪਿਤਾ ਹੁਣ ਪਿਛਲੇ 3-4 ਸਾਲ ਤੋਂ ਵਿਹਲੇ ਸਨ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਮਾਛੀਵਾੜਾ ਵਿਖੇ ਰਾਹੋਂ ਰੋਡ ’ਤੇ ਸਥਿਤ ਇਕ ਕਾਲੋਨੀ ਦੀ ਔਰਤ ਸੀਮਾ ਜੋ ਕਿ ਗਲਤ ਕੰਮ ਕਰਦੀ ਹੈ ਉਸ ਕੋਲ ਆਉਂਦਾ ਜਾਂਦਾ ਸੀ। ਮ੍ਰਿਤਕ ਦੇ ਲੜਕੇ ਨੇ ਦਸਿਆ ਕਿ ਉਸ ਦੇ ਪਿਤਾ ਨੂੰ ਇਕ ਵਾਰ ਉਹ ਇਸ ਔਰਤ ਦੇ ਘਰੋਂ ਲੈ ਕੇ ਵੀ ਆਇਆ ਅਤੇ ਚਿਤਾਵਨੀ ਵੀ ਦੇ ਕੇ ਆਇਆ ਸੀ ਕਿ ਉਸ ਦੇ ਪਿਤਾ ਨੂੰ ਅਪਣੇ ਘਰ ਨਾ ਵਾੜੇ ਪਰ ਉਕਤ ਔਰਤ ਸੀਮਾ ਉਸ ਦੇ ਪਿਤਾ ਨੂੰ ਬੁਲਾਉਣੋਂ ਨਾ ਹਟੀ। ਬਿਆਨਕਰਤਾ ਅਨੁਸਾਰ 1 ਜੁਲਾਈ ਨੂੰ ਵੀ ਉਸ ਦੇ ਪਿਤਾ ਘਰ ਦੱਸੇ ਬਿਨ੍ਹਾਂ ਮਾਛੀਵਾੜਾ ਵਿਖੇ ਉਕਤ ਸੀਮਾ ਦੇ ਘਰ ਆ ਗਏ ਜਿਥੇ ਉਸ ਔਰਤ ਨੇ ਗਰੀਬ ਦਾਸ ਨੂੰ ਸ਼ਰਾਬ ਵਿਚ ਨਸ਼ੀਲੀ ਵਸਤੂ ਮਿਲਾ ਕੇ ਪਿਲਾ ਦਿਤੀ।
ਉਕਤ ਔਰਤ ਦੇ ਘਰ ਵਿਚ ਹੀ ਗਰੀਬ ਦਾਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਸੀਮਾ ਨੇ ਆਪਣੀ ਗੁਆਂਢਣ ਉਰਮਿਲਾ ਦੇਵੀ ਨਾਲ ਮਿਲ ਕੇ ਮ੍ਰਿਤਕ ਗਰੀਬ ਦਾਸ ਦੀ ਲਾਸ਼ ਨੂੰ ਘਰੋਂ ਕੱਢ ਕੇ ਬਾਹਰ ਖਾਲੀ ਪਲਾਟ ਵਿਚ ਰੱਖ ਦਿਤਾ। ਬਿਆਨਕਰਤਾ ਅਨੁਸਾਰ ਜਦੋਂ ਉਸ ਨੂੰ ਇਸ ਬਾਰੇ ਪਤਾ ਲਗਿਆ ਤਾਂ ਉਹ ਆਪਣੇ ਭਰਾ ਤੇ ਪਿੰਡ ਦੇ ਕੁੱਝ ਵਿਅਕਤੀਆਂ ਨੂੰ ਲੈ ਕੇ ਰਾਹੋਂ ਰੋਡ ’ਤੇ ਸਥਿਤ ਉਸ ਕਾਲੋਨੀ ਵਿਚ ਪੁੱਜੇ ਜਿਥੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਗਰੀਬ ਦਾਸ ਦੀ ਮੌਤ ਸੀਮਾ ਵਲੋਂ ਸ਼ਰਾਬ ਵਿਚ ਕੋਈ ਨਸ਼ੀਲੀ ਵਸਤੂ ਪਿਲਾਉਣ ਕਾਰਨ ਹੋਈ ਹੈ। ਡੀ.ਐਸ.ਪੀ. ਸਮਰਾਲਾ ਵਰਿਆਮ ਸਿੰਘ ਨੇ ਦਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੇ ਪੁੱਤਰ ਵਲੋਂ ਦਿਤੇ ਬਿਆਨਾਂ ਦੇ ਅਧਾਰ ’ਤੇ ਦੋ ਔਰਤਾਂ ਵਿਰੁਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।