
''ਭਾਵੇਂ ਮੈਂ ਨਾਗਾਲੈਂਡ, ਮਿਜੋਰਮ ਅਤੇ ਮਨੀਪੁਰ ਨੂੰ ਛੱਡ ਕੇ ਦੇਸ਼ ਦੇ ਸਾਰੇ ਰਾਜਾਂ 'ਚ ਸਾਈਕਲ ਰਾਹੀਂ ਦੌਰਾ ਕਰ ਚੁੱਕਾ ਹਾਂ...............
ਕੋਟਕਪੂਰਾ : ''ਭਾਵੇਂ ਮੈਂ ਨਾਗਾਲੈਂਡ, ਮਿਜੋਰਮ ਅਤੇ ਮਨੀਪੁਰ ਨੂੰ ਛੱਡ ਕੇ ਦੇਸ਼ ਦੇ ਸਾਰੇ ਰਾਜਾਂ 'ਚ ਸਾਈਕਲ ਰਾਹੀਂ ਦੌਰਾ ਕਰ ਚੁੱਕਾ ਹਾਂ ਅਤੇ 26 ਰਾਜਾਂ ਦੇ ਲੋਕਾਂ ਨਾਲ ਗੱਲਬਾਤ ਕਰ ਕੇ ਇੰਝ ਮਹਿਸੂਸ ਕੀਤਾ ਕਿ ਸਿਰਫ਼ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਦੇ ਸਿਆਸਤਦਾਨ ਅਪਣੇ ਇਲਾਕੇ ਅਤੇ ਸੂਬੇ ਦੀਆਂ ਮੰਗਾਂ ਪ੍ਰਤੀ ਬਹੁਤ ਗੰਭੀਰ ਹਨ, ਪਰ ਇਸ ਵੇਲੇ ਪੰਜਾਬ ਦਾ ਕੋਈ ਵੀ ਵਾਲੀਵਾਰਸ ਵਿਖਾਈ ਨਹੀਂ ਦਿੰਦਾ।'' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਨਦੀਪ ਸਿੰਘ ਖ਼ਾਲਸਾ ਨੇ 'ਰੋਜ਼ਾਨਾ ਸਪੋਕਸਮੈਨ' ਦੇ ਸਥਾਨਕ ਸਬ ਦਫ਼ਤਰ ਵਿਖੇ ਪੁੱਜ ਕੇ ਸਾਂਝਾ ਕਰਦਿਆਂ ਦਸਿਆ
ਕਿ ਉਹ ਬੀ.ਏ. ਪੜ੍ਹਿਆ, 6 ਭਾਸ਼ਾਵਾਂ ਲੜੀਵਾਰ ਕੰਨੜ, ਤੇਲਗੂ, ਤਾਮਿਲ, ਅੰਗਰੇਜੀ, ਹਿੰਦੀ ਅਤੇ ਪੰਜਾਬੀ ਦਾ ਗਿਆਤਾ ਹੈ ਅਤੇ ਹੁਣ ਤਕ 2 ਲੱਖ 16 ਹਜ਼ਾਰ ਕਿਲੋਮੀਟਰ ਸਾਈਕਲ ਚਲਾ ਚੁੱਕਾ ਹੈ। ਮਹਾਂਦੇਵ ਰੈਡੀ ਤੋਂ ਅਮਨਦੀਪ ਸਿੰਘ ਖ਼ਾਲਸਾ ਬਣਨ ਵਾਲੇ ਇਸ ਵਿਅਕਤੀ ਨੇ 50 ਹਜ਼ਾਰ ਪਿੰਡਾਂ, 35 ਹਜ਼ਾਰ ਸਕੂਲ ਤੇ ਕਾਲਜਾਂ 'ਚ ਨਸ਼ਾ ਵਿਰੋਧੀ ਸੈਮੀਨਾਰ ਲਾਏ ਅਤੇ ਪੰਥ ਦਾ ਪ੍ਰਚਾਰ ਕੀਤਾ। ਪਰ ਹੁਣ ਉਹ ਇਸ ਗੱਲੋਂ ਨਿਰਾਸ਼ ਹੈ ਕਿ ਪੰਜਾਬ 'ਚ ਕੋਈ ਵੀ ਸਰਕਾਰ ਆ ਜਾਵੇ, ਉਸ ਦੀ ਸਿੱਖਾਂ ਪ੍ਰਤੀ ਸੋਚ ਚੰਗੀ ਨਹੀਂ ਹੁੰਦੀ। ਅਮਨਦੀਪ ਸਿੰਘ ਖ਼ਾਲਸਾ ਨੇ ਦਸਿਆ ਕਿ ਉਹ ਪਿਛਲੇ 10 ਸਾਲ 6 ਮਹੀਨਿਆਂ ਤੋਂ ਅਪਣਾ ਘਰ-ਬਾਰ ਛੱਡ ਕੇ ਨੌਜਵਾਨਾਂ ਤੇ
ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦਾ ਆ ਰਿਹਾ ਹੈ। ਉਨ੍ਹਾਂ ਦਸਿਆ ਕਿ ਉਹ ਪੰਜਾਬ 'ਚ ਸ਼੍ਰੋਮਣੀ ਕਮੇਟੀ ਦੀ ਅਧੀਨਗੀ ਵਾਲੇ 850 ਇਤਿਹਾਸਕ ਗੁਰਦਵਾਰਿਆਂ 'ਚ ਜਾ ਚੁੱਕਾ ਹੈ ਪਰ ਅਫਸੋਸ ਕਿ ਗੁਰਦਵਾਰਿਆਂ ਤੋਂ ਵੱਧ ਪੰਜਾਬ 'ਚ ਸ਼ਰਾਬ ਦੇ ਠੇਕੇ, ਪੀਰਖਾਨੇ ਅਤੇ ਪਖੰਡੀਆਂ ਦੇ ਡੇਰੇ ਬਣੇ ਹੋਏ ਹਨ।
ਅਮਨਦੀਪ ਸਿੰਘ ਖ਼ਾਲਸਾ ਨੇ ਕਿਹਾ, ''ਰੋਜ਼ਾਨਾ ਸਪੋਕਸਮੈਨ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਸਮੇਤ ਪੰਥਕ ਖੇਤਰ 'ਚ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਪਰ ਤਤਕਾਲੀਨ ਬਾਦਲ ਸਰਕਾਰ ਵਲੋਂ ਇਸ ਅਖ਼ਬਾਰ ਨਾਲ ਕੀਤੀ ਧੱਕੇਸ਼ਾਹੀ ਦਾ ਕਿੱਸਾ ਇਤਿਹਾਸ 'ਚ ਲਿਖਤੀ ਰੂਪ 'ਚ ਦਰਜ ਹੋਵੇਗਾ।''