
ਪੰਜਾਬ ਦੇ ਸਮਾਜਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ...
ਖੰਨਾ, 2 ਅਗੱਸਤ (ਅਦਰਸ਼ਜੀਤ ਸਿੰਘ ਖੰਨਾ) : ਪੰਜਾਬ ਦੇ ਸਮਾਜਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸੂਬੇ ਦੇ ਨੌਜਵਾਨ ਅਪਣੇ ਆਰਥਕ ਵਿਕਾਸ ਕਰਨ ਲਈ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਕਰਜ਼ਾ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਸੂਬੇ ਦੇ ਪਛੜੀਆਂ ਸ਼ੇਣੀਆਂ ਅਤੇ ਕਮਜ਼ੋਰ ਵਰਗਾਂ ਦੇ ਨੌਜਵਾਨਾਂ ਦਾ ਆਰਥਕ ਮਿਆਰ ਉੱਚਾ ਚੁੱਕਣ ਲਈ ਪੰਜਾਬ ਪਛੜੀਆਂ ਸ੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਤਹਿਤ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਤਹਿਤ ਨੌਜਵਾਨਾਂ ਨੂੰ ਸਸਤੀਆਂ ਦਰਾਂ 'ਤੇ ਕਰਜ਼ਾ ਮੁਹਈਆ ਕਰਵਾਏ ਜਾਂਦੇ ਹਨ। ਇਨਾਂ ਨਾਲ ਸਿਖਲਾਈ ਪ੍ਰਾਪਤ ਨੌਜਵਾਨ ਅਪਣੇ ਕਿੱਤੇ ਸ਼ੁਰੂ ਕਰਕੇ ਅਪਣਾ ਆਰਥਕ ਵਿਕਾਸ ਕਰ ਸਕਦੇ ਹਨ।
Photo
ਧਰਮਸੋਤ ਨੇ ਦਸਿਆ ਕਿ ਬੈਕਫਿੰਕੋ ਵਲੋਂ ਸਾਲ 2020-21 ਦੌਰਾਨ ਐਨ.ਬੀ.ਸੀ. ਸਕੀਮ ਅਧੀਨ 751 ਲਾਭਪਾਤਰੀਆਂ ਨੂੰ 1127.75 ਲੱਖ ਰੁਪਏ ਦਾ ਕਰਜ਼ਾ ਵੰਡਣ ਦਾ ਟੀਚਾ ਮਿਥਿਆ ਗਿਆ ਹੈ। ਇਸ ਤਹਿਤ ਜੂਨ, 2020 ਤਕ 38 ਲਾਭਪਾਤਰੀਆਂ ਨੂੰ 61.20 ਲੱਖ ਰੁਪਏ ਦੇ ਕਰਜ਼ੇ ਦਿਤੇ ਜਾ ਚੁਕੇ ਹਨ।
ਉਨਾਂ ਦਸਿਆ ਕਿ ਪਛੜੀਆਂ ਸ੍ਰੇਣੀਆਂ ਲਈ ਐਜੂਕੇਸ਼ਨ ਲੋਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਸਕੀਮ ਤਹਿਤ ਪੜਾਈ ਕਰਨ ਲਈ 4 ਫ਼ੀ ਸਦੀ ਵਿਆਜ ਦੀ ਦਰ 'ਤੇ ਕਰਜ਼ਾ ਦਿਤਾ ਜਾਂਦਾ ਹੈ। ਲੜਕੀਆਂ ਲਈ ਵਿਆਜ ਦੀ ਦਰ 3.5 ਫ਼ੀ ਸਦੀ ਸਾਲਾਨਾ ਹੈ। ਕਰਜ਼ੇ ਦੀ ਵਾਪਸੀ ਕੋਰਸ ਖ਼ਤਮ ਹੋਣ ਤੋਂ 6 ਮਹੀਨੇ ਬਾਅਦ ਮਹੀਨਾਵਾਰ ਕਿਸ਼ਤਾਂ ਵਿਚ 5 ਸਾਲਾਂ ਵਿਚ ਕੀਤੀ ਜਾਂਦੀ ਹੈ। ਵਿਦੇਸ਼ਾਂ ਵਿਚ ਪੜ੍ਹਾਈ ਲਈ 20 ਲੱਖ ਰੁਪਏ ਤਕ ਦਾ ਕਰਜ਼ਾ ਮੁਹਈਆਂ ਕਰਨ ਦਾ ਉਪਬੰਧ ਵੀ ਕੀਤਾ ਗਿਆ ਹੈ।