ਦਿਹਾੜੀਆਂ ਕਰਕੇ ਪੁੱਤਰ ਦੇ ਜਨਮ ਦਿਨ ਲਈ ਜੋੜ ਰਿਹਾ ਸੀ ਪੈਸੇ, ਜ਼ਹਿਰੀਲੀ ਸ਼ਰਾਬ ਨੇ ਤੋੜ ਦਿੱਤੇ ਸੁਪਨੇ!
Published : Aug 3, 2020, 9:45 pm IST
Updated : Aug 3, 2020, 9:45 pm IST
SHARE ARTICLE
Victims' Families
Victims' Families

ਜ਼ਹਿਰੀਲੀ ਸ਼ਰਾਬ ਦੀ ਭੇਂਟ ਚੜ੍ਹੇ ਨੌਜਵਾਨਾਂ ਦੇ ਪਰਵਾਰਾਂ ਨੇ ਕੈਮਰੇ ਮੂਹਰੇ ਚੁਕਿਆ ਨਸ਼ਾ ਮਾਫ਼ੀਆ ਦੀਆਂ ਕਰਤੂਤਾਂ ਤੋਂ ਪਰਦਾ

ਚੰਡੀਗੜ੍ਹ : ਮਾਂਝਾ ਖੇਤਰ ਦੇ ਤਰਨ ਤਾਰਨ ਅਤੇ ਬਟਾਲਾ ਸਮੇਤ ਨੇੜਲੇ ਇਲਾਕਿਆਂ ਅੰਦਰ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਹਾਲ-ਦੁਹਾਈ ਦਾ ਸਿਲਸਿਲਾ ਜਾਰੀ ਹੈ। ਇਲਾਕੇ ਦੇ ਸਮਸ਼ਾਨ ਘਾਟਾਂ ਅੰਦਰ ਇਕੱਠੇ ਸੜਦੇ ਸ਼ਿਵੇ ਵੇਖ ਕੇ ਹਰ ਕਿਸੇ ਦਾ ਕਲੇਜ਼ਾ ਮੂੰਹ ਨੂੰ ਆ ਰਿਹਾ ਹੈ। ਪਰ ਸਰਕਾਰਾਂ ਮੈਜਿਸਟ੍ਰੇਟੀ ਇਨਕੁਆਰੀ ਤੋਂ ਇਲਾਵਾ 2-2 ਲੱਖ ਰੁਪਏ ਦਾ ਮੁਆਵਜ਼ਾ ਦੇ ਕੇ ਖੁਦ ਨੂੰ ਸੁਰਖਰੂ ਕਰਨ ਦੇ ਆਹਰ 'ਚ ਹਨ। ਸੈਂਕੜੇ ਜ਼ਿੰਦਗੀਆਂ ਨੂੰ ਲਾਸ਼ਾਂ 'ਚ ਤਬਦੀਲ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਹੋਰ ਅਮਲੇ-ਫੈਲੇ 'ਚੋਂ ਕੁੱਝ ਨੂੰ ਨੌਕਰੀ ਤੋਂ ਮੁਅਤਲ ਕਰ ਕੇ ਕਾਰਵਾਈ ਦਾ ਢਂੌਂਗ ਰਚਿਆ ਜਾ ਰਿਹਾ ਹੈ।

PhotoPhoto

ਹੁਣ ਜਦੋਂ ਸੱਪ ਲੰਘ ਗਿਆ ਹੈ ਤਾਂ ਲੀਕ 'ਤੇ ਸੋਟੀਆਂ ਦੀ ਬਰਸਾਤ ਕੀਤੀ ਜਾ ਰਹੀ ਹੈ। ਰੋਜ਼ਾਨਾ ਹਜ਼ਾਰਾਂ ਲੀਟਰ ਲਾਹਣ ਅਤੇ ਨਾਜਾਇਜ਼ ਸ਼ਰਾਬ ਫੜਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਦਕਿ ਪਹਿਲਾਂ ਪੀੜਤ ਲੋਕ ਨਸ਼ਾ ਮਾਫੀਆ ਖਿਲਾਫ਼ ਦਰਖਾਸਤਾਂ ਤੇ ਦਰਖ਼ਾਸਤਾਂ ਦਿੰਦੇ ਰਹੇ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਕਰੋਨਾ ਕਾਲ ਦੌਰਾਨ ਕੰਮ ਦੀ ਅਣਹੋਂਦ ਕਾਰਨ ਲੋਕਾਂ ਦੀਆਂ ਜੇਬਾਂ ਖ਼ਾਲੀ ਸਨ। ਇਸ ਦੇ ਬਾਵਜੂਦ ਵੀ ਸ਼ਰਾਬ ਮਾਫ਼ੀਆ ਦਾ ਧੰਦਾ ਬਾਦਸਤੂਰ ਜਾਰੀ ਰਿਹਾ। ਸਪੋਕਸਮੈਨ ਟੀਵੀ ਦੀ ਟੀਮ ਵਲੋਂ ਇਲਾਕੇ ਦਾ ਦੌਰਾ ਕਰਦਿਆਂ ਪੀੜਤਾਂ ਦੇ ਦੁੱਖ ਜਾਣਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਕਈ ਸਨਸਨੀ ਖੁਲਾਸੇ ਹੋਏ ਹਨ। ਪੀੜਤ ਪਰਵਾਰਾਂ ਮੁਤਾਬਕ ਲੌਕਡਾਊਨ ਦੌਰਾਨ ਵੀ ਉਨ੍ਹਾਂ ਦੇ ਬੱਚਿਆਂ ਨੂੰ ਸ਼ਰਾਬ ਮਾਫੀਆ ਪੈਸੇ ਨਾ ਹੋਣ ਦੇ ਬਾਵਜੂਦ ਖਾਤੇ ਖੋਲ੍ਹ ਕੇ ਉਧਾਰ ਸ਼ਰਾਬ ਮੁਹੱਈਆ ਕਰਵਾਉਂਦਾ ਰਿਹਾ ਸੀ। ਪਿੱਛੋਂ ਗੁੰਡਾਗਰਦੀ ਦੀ ਧੌਂਸ ਦਿੰਦਿਆਂ ਉਨ੍ਹਾਂ ਦੀ ਜ਼ਬਰੀ ਪੈਸੇ ਵਸੂਲ ਕੀਤੇ ਗਏ।

PhotoPhoto

ਸਪੋਕਸਮੈਨ ਟੀਵੀ ਦੇ ਪੱਤਰਕਾਰ ਲੋਕੇਸ਼ ਤ੍ਰਿਖਾ ਵਲੋਂ ਬਟਾਲਾ ਦੇ ਹਾਥੀ ਗੇਟ ਇਲਾਕੇ 'ਚ ਸਥਿਤ ਦੋ ਪੀੜਤ ਪਰਵਾਰਾਂ ਤਕ ਪਹੁੰਚ ਕੀਤੀ ਗਈ, ਜਿੱਥੇ ਜਤਿੰਦਰ ਅਤੇ ਭੁਪਿੰਦਰ ਕੁਮਾਰ ਨਾਂ ਦੇ ਦੋ ਨੌਜਵਾਨ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਦੇ ਮੂੰਹ 'ਚ ਜਾ ਪਏ ਹਨ। ਇਨ੍ਹਾਂ 'ਚੋਂ ਜਤਿੰਦਰ ਦੀ ਪਹਿਲਾਂ ਮੌਤ ਹੋ ਗਈ ਜਦਕਿ ਭੁਪਿੰਦਰ ਕੁਮਾਰ ਦੀ ਬਾਅਦ 'ਚ ਹੋਈ। ਭੁਪਿੰਦਰ ਕੁਮਾਰ ਦਾ 6 ਸਾਲਾ ਦਾ ਪੁੱਤਰ ਹੈ, ਜਿਸ ਦਾ 3 ਅਗੱਸਤ, ਦਿਨ ਸੋਮਵਾਰ ਨੂੰ ਜਨਮ ਦਿਨ ਸੀ। ਪਰਵਾਰ ਮੁਤਾਬਕ ਭੁਪਿੰਦਰ ਕੁਮਾਰ ਨੇ ਅਪਣੇ ਪੁੱਤਰ ਨਾਲ ਸੋਮਵਾਰ ਨੂੰ ਉਸ ਦਾ ਜਨਮ ਦਿਨ ਮਨਾਉਣ ਦਾ ਵਾਅਦਾ ਕੀਤਾ ਸੀ। ਭੁਪਿੰਦਰ ਕੁਮਾਰ ਦਾ ਕਹਿਣਾ ਸੀ ਕਿ ਉਹ ਦਿਹਾੜੀ ਲਾ ਕੇ ਪੈਸੇ ਇਕੱਤਰ ਕਰ ਰਿਹਾ ਹੈ, ਜਿਸ ਨਾਲ ਉਹ ਅਪਣੇ ਪੁੱਤਰ ਦਾ ਜਨਮ ਦਿਨ ਮਨਾਏਗਾ। ਉਸ ਨੇ ਅਪਣੇ ਪੁੱਤਰ ਨੂੰ ਨਵੇਂ ਕੱਪੜੇ ਖ਼ਰੀਦ ਦਿਤੇ ਸਨ ਅਤੇ ਬਾਕੀ ਕੇਕ ਆਦਿ ਦੇ ਪ੍ਰਬੰਧ ਦਿਹਾੜੀਆਂ ਲਾ ਕਰ ਕੇ ਕਰ ਰਿਹਾ ਸੀ। ਪਰ ਹੁਣ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪੁੱਤਰ ਦੇ ਜਨਮ ਦਿਨ ਦਾ ਜਸ਼ਨ ਉਸ ਦੇ ਖੁਦ ਦੇ ਆਖਰੀ ਕਿਰਿਆਕ੍ਰਮ 'ਚ ਤਬਦੀਲ ਹੋ ਚੁੱਕਾ ਹੈ।

PhotoPhoto

ਭੁਪਿੰਦਰ ਕੁਮਾਰ ਦੇ ਭਰਾ ਮੁਤਾਬਕ ਉਸ ਨੇ ਵੀਰਵਾਰ ਰਾਤੀ ਪੈਕਟਾਂ ਵਾਲੀ ਸ਼ਰਾਬ ਪੀਤੀ ਸੀ। ਰਾਤ ਉਹ ਕੁੱਝ ਠੀਕ ਰਿਹਾ ਪਰ ਸਵੇਰ ਵੇਲੇ ਉਸ ਦੀ ਤਬੀਅਤ ਕੁੱਝ ਢਿੱਲੀ ਹੋਣੀ ਸ਼ੁਰੂ ਹੋ ਗਈ। ਉਸ ਨੂੰ ਨੇੜਲੇ ਡਾਕਟਰ ਕੋਲ ਲਿਜਾਇਆ ਗਿਆ ਜਿੱਥੋਂ ਦਵਾਈ ਲੈ ਕੇ ਇਕ ਵਾਰ ਘਰ ਆ ਗਏ। ਜਦੋਂ ਉਸ ਨੂੰ ਜਤਿੰਦਰ ਨਾਮੀ ਨੌਜਵਾਨ ਦੀ ਮੌਤ ਬਾਰੇ ਪਤਾ ਚਲਿਆ ਤਾਂ ਉਸ ਦੀ ਤਬੀਅਤ ਹੋਰ ਜ਼ਿਆਦਾ ਵਿਗੜਣੀ ਸ਼ੁਰੂ ਹੋ ਗਈ। ਉਸ ਨੂੰ ਸੀਨੇ 'ਚ ਜਲਣ ਦੇ ਨਾਲ-ਨਾਲ ਅੱਖਾਂ 'ਚੋਂ ਧੁੰਦਲਾ ਦਿਖਾਈ ਦੇਣਾ ਸ਼ੁਰੂ ਹੋ ਗਿਆ ਸੀ। ਮ੍ਰਿਤਕ ਦੇ ਭਰਾ ਮੁਤਾਬਕ ਭੁਪਿੰਦਰ ਕੁਮਾਰ ਨੇ 20-22 ਦਿਨ ਤੋਂ ਸ਼ਰਾਬ ਨਹੀਂ ਸੀ ਪੀਤੀ, ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਉਹ ਇਹ ਸ਼ਰਾਬ ਲਿਆ ਕੇ ਪੀਣ ਲੱਗਾ ਸੀ।

PhotoPhoto

ਪੀੜਤ ਦੀ ਮਾਂ ਦਾ ਕਹਿਣਾ ਸੀ ਕਿ ਉਸ ਦੇ ਪੁੱਤਰ ਦੀ ਮੌਤ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ। ਮ੍ਰਿਤਕ ਦੇ ਘਰ ਇਕੱਤਰ ਹੋਈਆਂ ਮੁਹੱਲਾ ਵਾਸੀ ਔਰਤਾਂ ਮੁਤਾਬਕ ਉਨ੍ਹਾਂ ਦੇ ਮੁਹੱਲੇ ਦੇ ਪ੍ਰਧਾਨ ਨੇ ਇਲਾਕੇ 'ਚ ਵਿਕਦੇ ਨਸ਼ਿਆਂ ਖਿਲਾਫ਼ 6 ਮਹੀਨੇ ਪਹਿਲਾਂ ਸਾਰੇ ਮੁਹੱਲੇ ਦੇ ਦਸਤਖ਼ਤ ਕਰਵਾ ਕੇ ਥਾਣੇ ਇਤਲਾਹ ਵੀ ਦਿਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਔਰਤਾਂ ਮੁਤਾਬਕ ਇਸ ਤੋਂ ਕੋਈ ਸਾਲ ਪਹਿਲਾਂ ਵੀ ਦਰਖ਼ਾਸਤ ਦਿਤੀ ਸੀ। ਅਜਿਹੀਆਂ ਦਰਖ਼ਾਸਤਾਂ ਦੋ ਤਿੰਨ ਵਾਰ ਦਿਤੀਆਂ ਗਈਆਂ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਮੁਹੱਲਾ ਵਾਸੀਆਂ ਮੁਤਾਬਕ ਇੱਥੇ ਨਜਾਇਜ਼ ਸ਼ਰਾਬ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਨਸ਼ੇ ਵੀ ਵੇਚੇ ਜਾਂਦੇ ਸਨ। ਨਸ਼ੇ ਦੇ ਸੌਗਾਦਰਾਂ ਦਾ ਨੈੱਟਵਰਕ ਇੰਨਾ ਤਕੜਾ ਸੀ ਕਿ ਕਰੋਨਾ ਕਾਲ ਦੌਰਾਨ ਉਨ੍ਹਾਂ ਨੇ ਦੋ ਵਾਰ ਪੁਲਿਸ ਨੂੰ ਇਤਲਾਹ ਦੇ ਕੇ ਰੇਡ ਕਰਵਾਈ ਪਰ ਉਹ ਮੌਕੇ ਤੋਂ ਭੱਜਣ 'ਚ ਸਫ਼ਲ ਹੋ ਗਏ ਸਨ।

PhotoPhoto

ਮੁਹੱਲਾ ਵਾਸੀਆਂ ਮੁਤਾਬਕ ਇੱਥੇ 2016 ਵਿਚ ਵੀ ਕੁੱਝ ਮੌਤਾਂ ਹੋਈਆਂ ਸਨ। ਮੁਹੱਲੇ ਦੀਆਂ ਔਰਤਾਂ ਮੁਤਾਬਕ ਉਹ ਹੋਰਨਾਂ ਇਲਾਕਿਆਂ ਅੰਦਰ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਚਿੰਤਤ ਸਨ। ਇਸ ਕਾਰਨ ਕਿਸੇ ਅਣਹੋਣੀ ਦੇ ਡਰੋਂ ਉਹ ਅਪਣੇ ਬੱਚਿਆਂ ਨੂੰ ਨਸ਼ਿਆਂ ਰੂਪੀ ਅਲਾਮਤ ਤੋਂ ਬਚਾਉਣਾ ਚਾਹੁੰਦੇ ਸਨ। ਉਹ ਮੁਹੱਲੇ ਅੰਦਰ ਬਾਹਰਲੇ ਲੋਕਾਂ ਵਲੋਂ ਆ ਕੇ ਨਸ਼ੇ ਵੇਚਣ ਪ੍ਰਤੀ ਸੁਚੇਤ ਸਨ। ਉਨ੍ਹਾਂ ਨੇ ਮੁਹੱਲਾ ਪ੍ਰਧਾਨ ਦੀ ਅਗਵਾਈ ਹੇਠ ਕਈ ਵਾਰ ਲਿਖਤੀ ਸ਼ਿਕਾਇਤਾਂ ਵੀ ਦਿਤੀਆਂ। ਮੁਹੱਲਾ ਵਾਸੀਆਂ ਮੁਤਾਬਕ ਕਰੋਨਾ ਕਾਰਨ ਲੋਕਾਂ ਦੇ ਕੰਮ ਕਾਰ ਛੁਟਣ ਦੀ ਸੂਰਤ 'ਚ ਜਦੋਂ ਲੋਕਾਂ ਕੋਲ ਪੈਸੇ ਨਹੀਂ ਸਨ ਤਾਂ ਸ਼ਰਾਬ ਮਾਫੀਆ ਨੌਜਵਾਨਾਂ ਨੂੰ ਉਧਾਰ ਦੀ ਸ਼ਰਾਬ ਮੁਹੱਈਆ ਕਰਵਾਉਂਦਾ ਰਿਹਾ ਸੀ।

PhotoPhoto

ਪਹਿਲਾਂ ਜਿਹੜਾ ਪੈਕਟ 20-20 ਰੁਪਏ ਵਿਚ ਮਿਲਦਾ ਸੀ, ਉਹ ਕਰੋਨਾ ਕਾਲ ਦੌਰਾਨ 40 ਤੋਂ 60 ਰੁਪਏ ਵਿਚ ਉਧਾਰ 'ਚ ਵੇਚਿਆ ਗਿਆ। ਸ਼ਰਾਬ ਮਾਫੀਏ ਵਾਲੇ ਨੌਜਵਾਨਾਂ ਦਾ ਖ਼ਾਤਾ ਖੋਲ੍ਹ ਦਿੰਦੇ ਸਨ ਤੇ ਬਾਅਦ 'ਚ ਕੰਮ ਲੱਗਣ 'ਤੇ ਹਿਸਾਬ ਕਰ ਦੇਣ ਦੀ ਸ਼ਰਤ 'ਤੇ ਸ਼ਰਾਬ ਮੁਹੱਈਆ ਕਰਵਾਉਂਦੇ ਰਹੇ ਸਨ। ਮੁਹੱਲੇ ਦੀਆਂ ਔਰਤਾਂ ਮੁਤਾਬਕ ਉਨ੍ਹਾਂ ਦੇ ਬੱਚੇ ਪਹਿਲਾਂ ਸ਼ਰਾਬ ਨਹੀਂ ਸੀ ਪੀਂਦੇ, ਪਰ ਸ਼ਰਾਬ ਮਾਫੀਏ ਵਲੋਂ ਕਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਨੂੰ ਉਧਾਰ ਸ਼ਰਾਬ ਮੁਹੱਈਆ ਕਰਵਾਈ ਜੋ ਵਿਹਲੇ ਹੋਣ ਕਾਰਨ ਹੋਲੀ ਹੋਲੀ ਸ਼ਰਾਬ ਪੀਣ ਦੇ ਆਦੀ ਹੋ ਗਏ। ਔਰਤਾਂ ਮੁਤਾਬਕ ਜਦੋਂ ਇਹ ਨੌਜਵਾਨ ਉਧਾਰ ਦੀ ਸ਼ਰਾਬ ਪੀ ਕੇ ਆਉਂਦੇ ਸਨ ਤਾਂ ਉਨ੍ਹਾਂ ਦਾ ਘਰ 'ਚ ਕਲੇਸ਼ ਵੀ ਹੁੰਦਾ ਸੀ ਪਰ ਉਹ ਕਰ ਕੁੱਝ ਨਹੀਂ ਸੀ ਸਕਦੇ। ਕਿਉਂਕਿ ਦਰਖ਼ਾਸਤਾਂ ਦੇਣ ਦੇ ਬਾਵਜੂਦ ਕਾਰਵਾਈ ਨਾ ਹੋਣ ਕਾਰਨ ਉਹ ਨਿਰਾਸ਼ ਹੋ ਚੁੱਕੇ ਸਨ।

PhotoPhoto

ਔਰਤਾਂ ਮੁਤਾਬਕ ਲੌਕਡਾਊਨ ਦੌਰਾਨ ਉਨ੍ਹਾਂ ਨੇ ਦੋ ਵਾਰ ਪੁਲਿਸ ਨੂੰ ਇਤਲਾਹ ਦਿਤੀ ਪਰ ਪੁਲਿਸ ਆਉਣ 'ਤੇ ਉਹ ਫ਼ਰਾਰ ਹੋ ਜਾਂਦੇ ਸਨ। ਲੋਕਾਂ ਮੁਤਾਬਕ ਉਨ੍ਹਾਂ ਨੂੰ ਲੌਕਡਾਊਨ ਦੌਰਾਨ ਹੋਰ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਮਿਲੀ ਜਦਕਿ ਸ਼ਰਾਬ ਸਮੇਤ ਦੂਜੇ ਨਸ਼ਿਆਂ ਦੀ ਸਪਲਾਈ ਮੁਤਵਾਤਰ ਜਾਰੀ ਰਹੀ ਸੀ। ਔਰਤਾਂ ਮੁਤਾਬਕ ਸ਼ਰਾਬ ਮਾਫੀਆ ਦਾ ਭੁਪਿੰਦਰ ਕੁਮਾਰ ਸਿਰ 12 ਹਜ਼ਾਰ ਰੁਪਇਆ ਹੋ ਗਿਆ ਸੀ, ਜਿਸ ਦੀ ਵਸੂਲੀ ਲਈ ਉਹ ਘਰ ਤਕ ਆ ਜਾਂਦੇ ਸਨ। ਪੀੜਤ ਪਰਵਾਰਾਂ ਨੇ ਸ਼ਰਾਬ ਮਾਫੀਆ ਦੀਆਂ ਧਮਕੀਆਂ ਅੱਗੇ ਝੂਕਦਿਆਂ ਇਧਰੋਂ-ਉਧਰੋਂ ਪੈਸੇ ਫੜ ਕੇ ਉਨ੍ਹਾਂ ਦਾ ਉਧਾਰ ਲਾਹਿਆ ਸੀ।

PhotoPhoto

ਸਰਕਾਰ ਵਲੋਂ ਦੋ ਲੱਖ ਮੁਆਵਜ਼ਾ ਦੇਣ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਪੀੜਤ ਪਰਵਾਰਾਂ ਦਾ ਪ੍ਰਸ਼ਾਸਨ ਖਿਲਾਫ਼ ਗੁੱਸਾ ਫੁੱਟ ਪਿਆ। ਭੁਪਿੰਦਰ ਕੁਮਾਰ ਦੀ ਮਾਂ ਨੇ ਰੌਂਦਿਆਂ ਕਿਹਾ ਕਿ ਉਹ ਘਰ ਘਾਟ ਅਤੇ ਹੋਰ ਸਭ ਕੁੱਝ ਵੇਚ ਵੱਟ ਕੇ ਸਰਕਾਰ ਨੂੰ ਦੋ ਦੀ ਥਾਂ 5 ਲੱਖ ਰੁਪਏ ਦੇਣ ਨੂੰ ਤਿਆਰ ਹੈ, ਪਰ ਸਰਕਾਰ ਉਨ੍ਹਾਂ ਦੇ ਪੁੱਤਰ ਨੂੰ ਵਾਪਸ ਮੋੜ ਦੇਵੇ। ਪੀੜਤ ਧਿਰਾਂ ਵਲੋਂ ਅਜਿਹੇ ਹੋਰ ਕਈ ਦਿਲ-ਹਲੂਣਵੇ ਸਵਾਲ ਸਰਕਾਰ ਤੋਂ ਪੁਛੇ ਗਏ ਜਿਨ੍ਹਾਂ ਦਾ ਜਵਾਬ ਸ਼ਾਇਦ ਅੱਜ ਕਿਸੇ ਪਾਸ ਨਹੀਂ ਹੈ। ਪੀੜਤ ਪਰਵਾਰਾਂ ਨੇ ਸਰਕਾਰ ਵਲੋਂ ਐਲਾਨੀ ਗਈ ਦੋ-ਦੋ ਲੱਖ ਦੀ ਸਹਾਇਤਾ ਨੂੰ ਨਕਾਰਦਿਆਂ ਮ੍ਰਿਤਕਾਂ ਦੀਆਂ ਵਿਧਵਾਵਾਂ ਲਈ ਸਰਕਾਰੀ ਨੌਕਰੀ ਤੋਂ ਇਲਾਵਾ ਗੁਜ਼ਾਰੇਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪੀੜਤਾਂ ਨੇ ਨਸ਼ਾ ਮਾਫ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਹੋਰ ਘਰਾਂ ਨੂੰ ਉਜੜਣੋਂ ਬਚਾਇਆ ਜਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement