
ਸਾਗਰ ਕਤਲਕਾਂਡ ’ਚ ਦਿੱਲੀ ਪੁਲਿਸ ਨੇ ਦਾਖ਼ਲ ਕੀਤੀ 170 ਸਫ਼ਿਆਂ ਦੀ ਚਾਰਜਸ਼ੀਟ
ਨਵੀਂ ਦਿੱਲੀ, 2 ਅਗੱਸਤ : ਦਿੱਲੀ ਪੁਲਿਸ ਨੇ ਸਾਗਰ ਧਨਖੜ ਕਤਲਕਾਂਡ ’ਚ 170 ਸਫ਼ਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ, ਜਿਸ ’ਚ ਸੁਸ਼ੀਲ ਕੁਮਾਰ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। 3 ਮਹੀਨੇ ਦੀ ਜਾਂਚ ਤੋਂ ਬਾਅਦ ਹੁਣ ਦਿੱਲੀ ਕ੍ਰਾਇਮ ਬ੍ਰਾਂਚ ਕੋਲ ਸੁਸ਼ੀਲ ਕੁਮਾਰ ਖ਼ਿਲਾਫ਼ ਸਬੂਤਾਂ ਤੇ ਗਵਾਹਾਂ ਦੀ ਪੂਰੀ ਲਿਸਟ ਤਿਆਰ ਹੋ ਗਈ ਹੈ।
ਇਸ ਮਾਮਲੇ ’ਚ ਦਿੱਲੀ ਪੁਲਿਸ ਨੇ ਸੁਸ਼ੀਲ ਕੁਮਾਰ ਸਮੇਤ ਕੁਲ 20 ਦੋਸ਼ੀ ਬਣਾਏ ਹਨ। ਇਨ੍ਹਾਂ ’ਚੋਂ ਹੁਣ ਤਕ 15 ਦੋਸ਼ੀਆਂ ਦੀ ਗਿ੍ਰਫ਼ਤਾਰੀ ਹੋ ਚੁੱਕੀ ਹੈ, ਜਦਕਿ 5 ਅਜੇ ਵੀ ਫਰਾਰ ਹਨ। ਦਿੱਲੀ ਪੁਲਿਸ ਦੀ ਚਾਰਜਸ਼ੀਟ ’ਚ ਪਹਿਲਵਾਨ ਸੁਸ਼ੀਲ ਕੁਮਾਰ ’ਤੇ ਜੋ ਦੋਸ਼ ਲਗਾਏ ਗਏ ਹਨ, ਜੇ ਉਹ ਸਾਬਿਤ ਹੋ ਗਏ ਤਾਂ ਉਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ ਨੂੰ ਜੇਲ ’ਚ ਲੰਮਾ ਸਮਾਂ ਬਿਤਾਉਣਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ 4-5 ਮਈ ਦੀ ਰਾਤ ਦਿੱਲੀ ਦੇ ਛਤਰਸਾਲ ਸਟੇਡੀਅਮ ’ਚ 23 ਸਾਲ ਦੇ ਪਹਿਲਵਾਨ ਸਾਗਰ ਨਾਲ ਕੁੱਟਮਾਰ ਕੀਤੀ ਗਈ ਸੀ। ਬੁਰੀ ਤਰ੍ਹਾਂ ਕੁੱਟਮਾਰ ਦੀ ਵਜ੍ਹਾ ਨਾਲ ਸਾਗਰ ਧਨਖੜ ਨੇ ਹਸਪਤਾਲ ’ਚ ਦਮ ਤੋੜ ਦਿਤਾ ਸੀ। ਸਾਗਰ ਦੀ ਮੌਤ ਤੋਂ ਬਾਅਦ ਪਹਿਲਵਾਨ ਸੁਸ਼ੀਲ ਕੁਮਾਰ ਫ਼ਰਾਰ ਹੋ ਗਿਆ ਪਰ ਪੁਲਿਸ ਨੇ ਹਤਿਆ ਦੇ 18 ਦਿਨ ਬਾਅਦ ਉਸ ਨੂੰ ਦਿੱਲੀ ’ਚੋਂ ਗਿ੍ਰਫ਼ਤਾਰ ਕਰ ਲਿਆ ਸੀ। ਵਾਰਦਾਤ ਦੀ ਰਾਤ ਦਾ ਇਕ ਵੀਡੀਉ ਵੀ ਸਾਹਮਣੇ ਆ ਚੁੱਕਾ ਹੈ ਜਿਸ ਦਿਖਾਈ ਦੇ ਰਿਹਾ ਸੀ ਕਿ ਸੁਸ਼ੀਲ ਕੁਮਾਰ ਦੇ ਹੱਥ ’ਚ ਡੰਡਾ ਹੈ। ਉਸੇ ਵੀਡੀਉ ’ਚ ਸੁਸ਼ੀਲ ਦੇ ਕੁੱਝ ਹੋਰ ਸਾਥੀ ਦੂਜੇ ਲੋਕਾਂ ਨਾਲ ਵੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। (ਏਜੰਸੀ)