
ਜੰਮੂ-ਕਸ਼ਮੀਰ ਪੁਲਿਸ ਨੇ ਅਨੰਤਨਾਗ ਵਿਚ ਲਸ਼ਕਰ ਦੇ ਅਤਿਵਾਦੀ ਮਾਡਿਯੂਲ ਦਾ ਕੀਤਾ ਪਰਦਾਫ਼ਾਸ਼
ਆਈ.ਈ.ਡੀ. ਬਣਾਉਣ ਵਾਲੇ ਚਾਰ ਅਤਿਵਾਦੀ ਗ੍ਰਿਫ਼ਤਾਰ, ਵੱਡੇ
ਸ਼੍ਰੀਨਗਰ, 2 ਅਗੱਸਤ : ਜੰਮੂ-ਕਸਮੀਰ ਪੁਲਿਸ ਨੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਅਨੰਤਨਾਗ ਜ਼ਿਲ੍ਹੇ ਵਿਚ ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਮਾਡਿਯੂਲ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਅਤਿ ਆਧੁਨਿਕ ਵਿਸਫੋਟਕ ਉਪਕਰਣ (ਆਈਈਡੀ) ਵਿਕਸਤ ਕਰਨ ਵਿਚ ਸ਼ਾਮਲ ਚਾਰ ਅਤਿਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਅਧਿਕਾਰੀਆਂ ਨੇ ਦਸਿਆ ਕਿ ਲਸ਼ਕਰ ਦੇ ਆਈਈਡੀ ਅਤਿਵਾਦੀ ਮਾਡਿਯੂਲ ਦਾ ਪਰਦਾਫਾਸ਼ ਕਰ ਕੇ ਪੁਲਿਸ ਨੇ ਅਨੰਤਨਾਗ ਸ਼ਹਿਰ ਵਿਚ ਇਕ ਵੱਡੇ ਹਮਲੇ ਤੋਂ ਬਚਾ ਲਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ ਮਾਸੂਮ ਨੌਜਵਾਨਾਂ ਨੂੰ ਇਸ ਆਨਲਾਈਨ ਪ੍ਰਚਾਰ ਵਿਚ ਸ਼ਾਮਲ ਹੋਣ ਤੋਂ ਵੀ ਬਚਾਇਆ ਹੈ। ਪੁਲਿਸ ਬੁਲਾਰੇ ਨੇ ਦਸਿਆ, “ਪੁਲਿਸ ਨੇ ਅਨੰਤਨਾਗ ਜ਼ਿਲ੍ਹੇ ਵਿਚ ਇਕ ਅਤਿਵਾਦੀ ਮਾਡਿਯੂਲ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸੀ। ਇਸ ਮਾਮਲੇ ਵਿਚ ਚਾਰ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਜੋ ਅਨੰਤਨਾਗ ਸ਼ਹਿਰ ਵਿਚ ਧਮਾਕੇ ਨੂੰ ਅੰਜਾਮ ਦੇਣ ਲਈ ਆਈਈਡੀ ਵਿਕਸਿਤ ਕਰਨ ਵਿਚ ਸ਼ਾਮਲ ਸਨ।’’ ਉਨ੍ਹਾਂ ਕਿਹਾ ਕਿ ਦੋਸ਼ੀ ਸ਼ੋਸ਼ਲ ਮੀਡੀਆ ਅਤੇ ਆਨਲਾਈਨ ਪਲੇਟਫਾਰਮਾਂ ਦੀ ਵਰਤੋਂ ਕਰਦਿਆਂ ਭੋਲੇ-ਭਾਲੇ ਨੌਜਵਾਨਾਂ ਨੂੰ ਅਤਿਵਾਦੀ ਸਮੂਹ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਵਿਚ ਵੀ ਸ਼ਾਮਲ ਸਨ।
ਬੁਲਾਰੇ ਨੇ ਦਸਿਆ ਕਿ ਉਨ੍ਹਾਂ ਕੋਲੋਂ ਹੈਂਡ ਗ੍ਰਨੇਡ ਅਤੇ ਸੰਵੇਦਨਸ਼ੀਲ ਸਮਗਰੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਪੁਲਿਸ ਨੇ ਇਕ ਗੁਪਤ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਅਤਿਵਾਦੀਆਂ ਦੇ ਇਕ ਸਾਥੀ ਨੂੰ ਗਿ੍ਰਫ਼ਤਾਰ ਕੀਤਾ ਅਤੇ ਉਸਦੇ ਕਬਜੇ ਤੋਂ ਇਲੈਕਟ੍ਰੌਨਿਕ ਉਪਕਰਣ ਅਤੇ ਸੰਵੇਦਨਸ਼ੀਲ ਸਮਗਰੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਉਸਦੀ ਪਛਾਣ ਬਾਰਾਮੂਲਾ ਦੇ ਰਹਿਣ ਵਾਲੇ ਅਮੀਰ ਰਿਆਜ਼ ਲੋਨ ਵਜੋਂ ਹੋਈ ਹੈ।
ਬੁਲਾਰੇ ਨੇ ਦਸਿਆ ਕਿ ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਸਰਗਰਮ ਲਸ਼ਕਰ ਦੇ ਅਤਿਵਾਦੀ ਹਿਲਾਲ ਸ਼ੇਖ ਦੇ ਸੰਪਰਕ ਵਿਚ ਹੈ, ਜੋ ਬਾਰਾਮੂਲਾ ਦਾ ਰਹਿਣ ਵਾਲਾ ਹੈ। ਬੁਲਾਰੇ ਨੇ ਦਸਿਆ ਕਿ ਜਾਂਚ ਦੌਰਾਨ ਅਤੇ ਲੋਨ ਤੋਂ ਪੁਛਗਿਛ ਦੇ ਬਾਅਦ ਇਹ ਸਾਹਮਣੇ ਆਇਆ ਕਿ ਇਕ ਹੋਰ ਅਤਿਵਾਦੀ ਇੰਟਰਨੈਟ ਤੋਂ ਮਿਲੀ ਜਾਣਕਾਰੀ ਦੇ ਆਧਾਰ ਉੱਤੇ ਆਈਈਡੀ ਬਣਾ ਰਿਹਾ ਹੈ। ਉਸ ਦੀ ਪਛਾਣ ਓਵੈਸ ਅਹਿਮਦ ਸਕਸਾਜ ਵਜੋਂ ਹੋਈ ਹੈ ਅਤੇ ਉਹ ਸੀਰ ਹਮਦਾਨ ਦਾ ਵਸਨੀਕ ਹੈ। ਉਨ੍ਹਾਂ ਕਿਹਾ ਕਿ ਅਹਿਮਦ ਨੂੰ ਇਕ ਗੁਪਤ ਜਾਣਕਾਰੀ ਦੇ ਆਧਾਰ ’ਤੇ ਗਿ੍ਰਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ “ਮਾਮਲੇ ’ਚ ਅੱਗੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋ ਹੋਰ ਅਤਿਵਾਦੀ ਸ਼ਾਮਲ ਹਨ ਜਿਨ੍ਹਾਂ ਨੂੰ ਬਾਅਦ ਵਿਚ ਗਿ੍ਰਫ਼ਤਾਰ ਕਰ ਲਿਆ ਗਿਆ। ਇਨ੍ਹਾਂ ਦੀ ਪਛਾਣ ਸੁਹੇਬ ਮੁਜੱਫ਼ਰ ਕਾਜੀ ਉਰਫ਼ ਤਾਮਿਲ ਅਤੇ ਤਾਰਿਕ ਡਾਰ ਵਜੋਂ ਹੋਈ ਹੈ। ਕਾਜੀ ਪੁਲਵਾਮਾ ਦਾ ਵਸਨੀਕ ਹੈ। (ਏਜੰਸੀ)