
2021 ’ਚ ਮਰੀਜ਼ ਦੇ ਇਲਾਜ਼ ਦੌਰਾਨ ਵਰਤੀ ਸੀ ਹਸਪਤਾਲ ਨੇ ਕੁਤਾਹੀ
Chandigarh District Consumer Disputes Redressal Commission : ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਨੇ ਇਲਾਜ ਦੌਰਾਨ ਕੁਤਾਹੀ ਵਰਤਣ ਦੇ ਦੋਸ਼ ਵਿਚ ਫੋਰਟਿਸ ਹਸਪਤਾਲ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕਮਿਸ਼ਨ ਨੇ ਇਹ 50 ਲੱਖ ਰੁਪਏ ਦਾ ਮੁਆਵਜ਼ਾ ਸਲਾਨਾ 9 ਫੀਸਦੀ ਵਿਆਜ ਦੀ ਦਰ ਨਾਲ ਉਸ ਮਹਿਲਾ ਨੂੰ ਦੇਣ ਦਾ ਹੁਕਮ ਦਿੱਤਾ ਹੈ, ਜਿਸ ਦੇ ਪਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਕੋਰਟ ਵੱਲੋਂ ਇਹ ਹੁਕਮ ਮ੍ਰਿਤਕ ਹਰਿਤ ਸ਼ਰਮਾ ਦੀ ਵਿਧਵਾ ਪ੍ਰਿਯੰਕਾ ਸ਼ਰਮਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਤਾ ਗਿਆ ਹੈ। ਦਰਜ ਸ਼ਿਕਾਇਤ ’ਚ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਤੀ ਜੋ ਇਕ ਵਕੀਲ ਸਨ, ਉਨ੍ਹਾਂ ਨੂੰ 2021 ਗੈਸਟ੍ਰਿਕ ਸਮੱਸਿਆ ਦੇ ਚਲਦੇ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦਾ ਕੋਵਿਡ ਟੈਸਟ ਵੀ ਨੈਗੇਟਿਵ ਆਇਆ ਸੀ। ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨਾਲ ਮਿਲਣ ਨਹੀਂ ਸੀ ਦਿੱਤਾ ਜਾਂਦਾ ਸੀ।
ਮ੍ਰਿਤਕ ਹਰਿਤ ਸ਼ਰਮਾ ਨੂੰ ਇਲਾਜ ਤੋਂ ਬਾਅਦ ਆਈਸੀਯੂ ਤੋਂ ਪ੍ਰਾਈਵੇਟ ਵਾਰਡ ’ਚ ਸ਼ਿਫਟ ਕਰ ਦਿੱਤਾ ਗਿਆ ਸੀ। 28-30 ਜੁਲਾਈ ਨੂੰ ਜਦੋਂ ਉਨ੍ਹਾਂ ਦੀ ਪਤਨੀ ਪ੍ਰਿਯੰਕਾ ਸ਼ਰਮਾ ਹਰਿਤ ਨੂੰ ਮਿਲੀ ਤਾਂ ਉਹ ਬਿਲਕੁਲ ਠੀਕ ਸਨ। ਜਦੋਂ ਬਾਅਦ ’ਚ ਉਨ੍ਹਾਂ ਦੀ ਪਤਨੀ ਹਰਿਤ ਨੂੰ ਮਿਲਣ ਗਈ ਤਾਂ ਉਸ ਨੇ ਇਕ ਪੈਨ ਅਤੇ ਕਾਗਜ਼ ਮੰਗਿਆ ਕਿਉਂਕਿ ਉਸ ਤੋਂ ਬੋਲਿਆ ਨਹੀਂ ਜਾ ਰਿਹਾ ਸੀ। ਹਰਿਤ ਨੇ ਲਿਖ ਕੇ ਦੱਸਿਆ ਕਿ ਉਸਦੀ ਟਾਈਪਿੰਗ ਗਲਤ ਕੀਤੀ ਗਈ ਹੈ, ਜਿਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਹਰਿਤ ਦੀ ਖਰਾਬ ਸਿਹਤ ਦੇਖਦੇ ਹੋਏ ਉਸ ਨੂੰ ਫਿਰ ਤੋਂ ਆਈਸੀਯੂ ਵਿਚ ਸ਼ਿਫਟ ਕਰ ਦਿੱਤਾ ਗਿਆ ਅਤੇ ਦੋ ਅਸਗਤ ਨੂੰ ਘਰ ਫੋਨ ਆਇਆ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਹੈ। ਹਰਿਤ ਵੱਲੋਂ ਲਿਖ ਕੇ ਦਿੱਤੇ ਗਏ ਬਿਆਨ ਦੇ ਆਧਾਰ ’ਤੇ ਹੀ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਨੇ ਆਪਣਾ ਫੈਸਲਾ ਸੁਣਾਇਆ ਹੈ।