
ਹਰਿਆਣਾ ਸਿੱਖ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਦਾਦੂਵਾਲ ਸਣੇ 21 ਕੋਰੋਨਾ ਪਾਜ਼ੇਟਿਵ
ਚੰਡੀਗੜ੍ਹ/ਕਾਲਾਂਵਾਲੀ, 2 ਸਤੰਬਰ (ਨੀਲ ਭਾਲਿੰਦਰ ਸਿੰਘ/ਗੁਰਮੀਤ ਸਿੰਘ ਖ਼ਾਲਸਾ) : ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਤਖ਼ਤ ਦਮਦਮਾ ਸਾਹਿਬ ਦੇ ਸਰਬੱਤ ਖ਼ਾਲਸਾ ਵਲੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਣੇ ਉਨ੍ਹਾਂ ਦੇ ਕਰੀਬੀ 21 ਜਣਿਆਂ ਦੀ ਕੋਰੋਨਾ ਟੈਸਟ ਰੀਪੋਰਟ ਪਾਜ਼ੇਟਿਵ ਆ ਗਈ ਹੈ। ਉਨ੍ਹਾਂ ਇਸ ਪੱਤਰਕਾਰ ਨਾਲ ਫ਼ੋਨ ਉਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਮੁੱਖ ਅਸਥਾਨ ਗੁਰਦਵਾਰਾ ਗ੍ਰੰਥਸਰ ਦਾਦੂ ਵਿਖੇ ਸਿਰਸਾ ਸਿਹਤ ਵਿਭਾਗ ਦੀ ਟੀਮ ਬੁਲਾ ਕੇ 32 ਸੇਵਾਦਾਰਾਂ ਦੇ ਟੈਸਟ ਕਰਵਾਏ ਗਏ। ਜਿਨ੍ਹਾਂ ਵਿਚ ਜਥੇਦਾਰ ਦਾਦੂਵਾਲ ਸਮੇਤ 21 ਸੇਵਾਦਾਰ ਕੋਰੋਨਾ ਪਾਜ਼ੇਟਿਵ ਪਾਏ ਗਏ। ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰਾ ਗੁਰਦਵਾਰਾ ਸਾਹਿਬ ਇਕਾਂਤਵਾਸ ਵਿਚ ਤਬਦੀਲ ਕਰ ਦਿਤਾ ਹੈ ਅਤੇ ਸੰਗਤਾਂ ਦੀ ਆਵਾਜਾਈ ਉੱਪਰ ਵੀ ਬਿਲਕੁਲ ਪਾਬੰਦੀ ਲਗਾ ਦਿਤੀ ਹੈ। ਲੰਗਰ ਹਾਲ ਵੀ ਸੀਲ ਕਰ ਦਿਤਾ ਹੈ। ਸਾਰੇ ਸੇਵਾਦਾਰਾਂ ਨੂੰ ਗੁਰਦਵਾਰਾ ਸਾਹਿਬ ਵਿਚ ਹੀ ਕੋਰਨਟਾਇਨ ਕਰ ਕੇ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ 19 ਅਗੱਸਤ ਨੂੰ ਇਕ ਧਾਰਮਕ ਸਮਾਗਮ ਤੋਂ ਬਾਅਦ ਬੁਖ਼ਾਰ ਦੀ ਸ਼ਿਕਾਇਤ ਆਈ ਸੀ। ਜਿਸ ਮਗਰੋਂ ਉਨ੍ਹਾਂ ਦੇ ਕਰਵਾਏ ਗਏ ਟੈਸਟ ਵਿਚ ਰਿਪੋਰਟ ਪਾimageਜ਼ੇਟਿਵ ਆਈ ਹੈ ਤੇ ਉਹ ਚੰਡੀਗੜ੍ਹ ਵਿਖੇ ਇਕ ਹਸਪਤਾਲ ਵਿਚ ਇਸ ਵੇਲੇ ਵੀ ਜੇਰੇ ਇਲਾਜ ਹਨ।