
ਕੋਰੋਨਾ ਸੈਂਪਲ ਲੈਣ ਗਈ ਟੀਮ ਦਾ ਪਿੰਡ ਵਾਸੀਆਂ ਵਲੋਂ ਵਿਰੋਧ
ਦਿੜ੍ਹਬਾ ਮੰਡੀ, 2 ਸਤੰਬਰ (ਅਮਨਪ੍ਰੀਤ ਸਿੰਘ ਨਹਿਲ) : ਹਲਕਾ ਦਿੜ੍ਹਬਾ ਦੇ ਪਿੰਡ ਰੋਗਲਾ 'ਚ ਕੋਰੋਨਾ ਸੈਂਪਲ ਲੈਣ ਲਈ ਸਿਹਤ ਵਿਭਾਗ ਦੀ ਟੀਮ ਕੌਹਰੀਆਂ ਤੋਂ ਪਹੁੰਚੀ, ਜਿਸ ਦਾ ਪਿੰਡ ਵਾਸੀਆਂ ਵਲੋਂ ਵਿਰੋਧ ਕੀਤਾ ਗਿਆ। ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਨੂੰ ਕੋਰੋਨਾ ਸੈਂਪਲ ਦੇਣ ਤੋਂ ਸਪੱਸ਼ਟ ਤੌਰ 'ਤੇ ਮਨਾ ਕਰ ਦਿਤਾ ਗਿਆ। ਇਸ ਮੌਕੇ ਕਿਸਾਨ ਆਗੂ ਬਲਵੀਰ ਸਿੰਘ ਕੌਹਰੀਆਂ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸਹਿਮਤੀ ਨਾਲ ਟੈਸਟ ਕਰਵਾਉਣਾ ਚਾਹੁੰਦਾ ਹੈ ਤਾਂ ਕਰਵਾ ਸਕਦਾ ਹੈ ਪਰ ਪ੍ਰਸ਼ਾਸਨ ਨੂੰ ਧੱਕੇ ਨਾਲ ਟੈਸਟ ਨਹੀਂ ਕਰਨ ਦੇਵਾਂਗੇ। ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਸਾਦੀਹਰੀ ਨੇ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸੂਬਾ ਸਰਕਾਰ ਮਹਾਂਮਾਰੀ ਦੇ ਸਬੰਧ ਵਿਚ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਗਵਾ ਚੁੱਕੀ ਹੈ ਸਿਵਲ ਹਸਪਤਾਲਾਂ ਵਿਚ ਮਰੀਜ਼ਾਂ ਦੀਆਂ ਹੋ ਰਹੀਆਂ ਮੌਤਾਂ ਕਾਰਨ ਲੋਕ ਹਸਪਤਾਲਾਂ ਦੇ ਨਾਮ ਤੋਂ ਡਰਨ ਲੱਗ ਪਏ ਹਨ। ਇਸ ਦੌਰਾਨ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਸੀ।