
ਜਲੰਧਰ ਪੁਲਿਸ ਨੇ ਵੀ ਆਰਮਜ਼ ਐਕਟ ਮਾਮਲੇ 'ਚ ਪੁੱਛਗਿੱਛ ਲਈ ਲਿਆ ਟਰਾਂਜ਼ਿਟ ਰਿਮਾਂਡ
ਮੁਹਾਲੀ - ਸਟੇਟ ਕ੍ਰਾਈਮ ਸੈੱਲ ਮੁਹਾਲੀ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਜਾਅਲੀ ਦਸਤਾਵੇਜ਼ਾਂ ਰਾਹੀਂ ਫਿਰੌਤੀ ਮੰਗਣ ਅਤੇ ਫਰਜ਼ੀ ਪਾਸਪੋਰਟ ਬਣਾਉਣ ਦੇ ਮਾਮਲੇ ਵਿੱਚ ਉਸ ਦਾ ਪਿਛਲਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮੁਹਾਲੀ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਜਲੰਧਰ ਪੁਲਿਸ ਵੀ ਅੱਜ ਮੋਹਾਲੀ ਅਦਾਲਤ ਪਹੁੰਚੀ, ਜਿਨ੍ਹਾਂ ਜੱਗੂ ਭਗਵਾਨਪੁਰੀਆ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਹੈ।
ਗੈਂਗਸਟਰ ਜੱਗੂ ਨੂੰ 2004 'ਚ ਭੋਗਪੁਰ 'ਚ ਦਰਜ ਹੋਏ ਅਸਲਾ ਐਕਟ ਦੇ ਮਾਮਲੇ 'ਚ ਜਲੰਧਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਿਸ ਨੂੰ ਅੱਜ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਅਦਾਲਤ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਸੀ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਡੌਗ ਸਕੁਐਡ ਦੀ ਟੀਮ ਨਾਲ ਅਦਾਲਤ ਦੇ ਅੰਦਰ ਅਤੇ ਬਾਹਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।