
ਜਥੇਦਾਰ ਵਲੋਂ ਪੰਜਾਬ ਵਿਚ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਦੀ ਮੰਗ ਕਰਨਾ ਹਿੰਦੂਤਵ ਏਜੰਡੇ ਦੀ ਹਮਾਇਤ
ਚੰਡੀਗੜ੍ਹ, 2 ਸਤੰਬਰ (ਭੁੱਲਰ) : ਅਕਾਲ ਤਖ਼ਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੰਜਾਬ ਵਿਚ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਬਣਾਉਣ ਦੀ ਮੰਗ ਕਰਨਾ ਅਸਲ ਵਿਚ ਹਿੰਤੂਤਵ ਏਜੰਡੇ ਦੀ ਹਮਾਇਤ ਕਰਨਾ ਹੈ | ਜਿਹੜੇ ਸੂਬਿਆਂ ਵਿਚ ਭਾਜਪਾ ਰਾਜ ਕਰ ਰਹੀ ਹੈ ਉਹਨਾਂ ਸਾਰਿਆਂ ਵਿਚ ਧਰਮ-ਪਰਿਵਰਤਨ ਵਿਰੋਧੀ ਕਾਨੂੰਨ ਬਣਾ ਦਿਤੇ ਗਏ ਹਨ ਸਗੋਂ ਕਈ ਸੂਬਾ ਸਰਕਾਰਾਂ ਹਿੰਦੂਤਵ ਏਜੰਡੇ ਨੂੰ ਹੋਰ ਮਜ਼ਬੂਤ ਕਰਨ ਲਈ ਪੁਰਾਣੇ ਕਾਨੂੰਨ ਹੋਰ ਵੀ ਸਖਤ ਕਰਨ ਦੀ ਕੋਸ਼ਿਸ਼ ਕਰ ਰਹੀਆ ਹਨ | ਇਹ ਵਿਚਾਰ ਇਥੇ ਕੇਂਦਰੀ ਸਿੰਘ ਸਭਾ 'ਚ ਮੀਟਿੰਗ ਤੋਂ ਬਾਅਦ ਸਿੱਖ ਚਿੰਤਕਾਂ ਦੇ ਵਿਦਵਾਨਾਂ ਨੇ ਸਾਂਝਾ ਬਿਆਨ ਜਾਰੀ ਕਰ ਕੇ ਪ੍ਰਗਟ ਕੀਤੇ ਹਨ |
ਬਿਆਨ ਵਿਚ ਕਿਹਾ ਗਿਆ ਹੈ ਕਿ ਦਰਅਸਲ, ਹਿੰਦੂਤਵ ਦੀ ਮੌਜੂਦਾ ਦੇਸ਼ ਵਿਆਪੀ ਹਮਲਾਵਰ ਮੁਹਿੰਮ ਅੱਗੇ ਈਸਾਈ ਅਤੇ ਹੋਰ ਘੱਟ ਗਿਣਤੀਆਂ ਥਰ-ਥਰ ਕੰਬ ਰਹੀਆਂ ਹਨ | ਪੰਜਾਬ ਵਿਚ ਹੋਏ ਕਿਸੇ ਇਕ ਦੁੱਕਾ ਧਰਮ ਬਦਲੀ ਦੇ ਕੇਸ ਨੂੰ ਧੱਕੇਸ਼ਾਹੀ ਅਤੇ ਵਧਾ-ਚੜ੍ਹਕੇ ਪੇਸ਼ ਕਰਨਾ ਹਿੰਦੂਤਵੀ ਸਿਆਸਤ ਨੂੰ ਅੱਗੇ ਵਧਾਉਣਾ ਹੀ ਹੈ | ਧਰਮ ਬਦਲੀ ਵਿਰੋਧੀ ਕਾਨੂੰਨ, ਅਸਲ ਵਿਚ ਬਹੁਗਿਣਤੀ ਹਿੰਦੂ ਸਮਾਜ ਨੂੰ ਇਕੱਠੇ ਕਰ ਕੇ ਰਖਣ ਦੀ ਸਿਆਸਤ ਦਾ ਦੂਜਾ ਨਾਮ ਹੈ | ਜਾਤ-ਪਾਤ ਛੂਤ-ਛਾਤ ਅਤੇ ਸਮਾਜਕ ਵਿਤਕਰਿਆ ਤੋਂ ਦੁਖੀ ਲੋਕਾਂ ਨੂੰ ਬਰਾਬਰੀ ਅਤੇ ਸਨਮਾਨ ਦੀ ਪ੍ਰਾਪਤੀ ਲਈ ਹਿੰਦੂ ਧਰਮ ਛੱਡ ਕੇ ਹੋਰ ਧਰਮ ਗ੍ਰਹਿਣ ਕਰਨ ਤੋਂ ਰੋਕਣਾ ਹੈ | ਯਾਦ ਰਹੇ, ਡਾਂ ਅੰਬੇਦਕਰ ਨੇ ਜਾਤ-ਪਾਤ ਅਤੇ ਛੂਤ-ਛਾਤ ਤੋਂ ਦੁਖੀ ਦਲਿਤਾਂ ਦੇ ਅੱਗੇ ਲੱਗ ਕੇ, ਹਿੰਦੂ ਧਰਮ ਛੱਡ ਕੇ ਬੁੱਧ ਧਰਮ ਗ੍ਰਹਿਣ ਕਰ ਲਿਆ ਸੀ |
ਹੈਰਾਨੀ ਹੈ, ਕਿ ਅੰਕੜੇ ਅਤੇ ਸਬੂਤ ਦੇਣ ਤੋਂ ਬਿਨਾਂ ਹੀ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਧਰਮ-ਬਦਲੀ ਦਾ ਝੂਠਾ ਰੌਲਾ ਪਾਇਆ ਜਾ ਰਿਹਾ ਹੈ | ਭਾਜਪਾ ਨਾਲ ਜੁੜੇ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ, ਹਿੰਦੂਤਵ ਤਾਕਤਾਂ ਦੀ ਤਰਜ਼ ਉੱਤੇ ਈਸਾਈ ਧਰਮ 'ਚੋਂ 'ਘਰ ਵਾਪਸੀ' ਪ੍ਰਾਪੇਗੰਡਾ ਕਰ ਰਹੇ ਹਨ | ਉਨ੍ਹਾਂ ਅੰਮਿ੍ਤਸਰ ਵਿਚ ਵੀ, ਸਿੱਖ ਧਰਮ ਦਾ ਪ੍ਰਚਾਰ ਕਰਨ ਦੇ ਬਹਾਨੇ, ਅਪਣਾ ਦਫ਼ਤਰ ਵੀ ਅਜਿਹੀਆਂ ਸਿਆਸੀ ਗਿਣਤੀਆਂ ਮਿਣਤੀਆ ਤਹਿਤ ਖੋਲਿ੍ਹਆ ਹੈ | ਯਾਦ ਰਹੇ, ਸਿੱਖ ਸਿਧਾਂਤ ਸਿੱਖ ਭਾਈਚਾਰੇ ਅੰਦਰ ਅਤੇ ਧਰਮ ਬਦਲੀ ਅਤੇ 'ਘਰ-ਵਾਪਸੀ' ਦਾ ਸੰਕਲਪ ਹੀ ਨਹੀਂ ਹੈ ਜਿਸ ਤਰ੍ਹਾਂ ਇਸਲਾਮ, ਈਸਾਈ ਅਤੇ ਅੱਜ ਕਲ ਹਿੰਦੂ ਧਰਮ ਅੰਦਰ ਹੈ | ਇਸ ਕਰ ਕੇ, ਸਿਧਾਂਤਕ ਤੌਰ ਉੱਤੇ ਸਿੱਖੀ/ਗੁਰੂ ਸਿਧਾਂਤ ਧਰਮ-ਪਰੀਵਰਤਨ ਵਿਰੋਧੀ ਕਾਨੂੰਨ ਦੇ ਮਾਮਲੇ ਵਿਚ ਇਹ ਅਕਾਲ ਤਖ਼ਤ ਵਕਾਲਤ ਨਹੀਂ ਕਰ ਸਕਦੀ |
ਇਹ ਸਾਂਝਾ ਬਿਆਨ ਜਾਰੀ ਕਰਨ ਵਾਲੇ ਸਿੱਖ ਚਿੰਤਕਾਂ ਤੇ ਵਿਦਵਾਨਾਂ 'ਚ ਭਾਈ ਅਸ਼ੋਕ ਸਿੰਘ ਬਾਗੜੀਆਂ, ਪ੍ਰੋਫੈਸਰ ਸ਼ਾਮ ਸਿੰਘ, ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਂਸਲ, ਰਾਜਵਿੰਦਰ ਸਿੰਘ ਰਾਹੀ ਅਤੇ ਗੁਰਬਚਨ ਸਿੰਘ ਸ਼ਾਮਲ ਹਨ |