
ਹੁਣ ਜਾਮਾ ਮਸਜਿਦ ਬਦਾਯੂੰ ਬਾਰੇ ਨੀਲਕੰਠ ਮਹਾਦੇਵ ਮੰਦਰ ਹੋਣ ਦਾ ਕੀਤਾ ਦਾਅਵਾ, 15 ਸਤੰਬਰ ਨੂੰ ਹੋਵੇਗੀ ਸੁਣਵਾਈ
ਮਾਮਲੇ 'ਚ ਨੀਲਕੰਠ ਮਹਾਦੇਵ ਨੂੰ ਪਹਿਲਾ ਮੁਦਈ ਬਣਾਇਆ ਗਿਆ
ਬਦਾਯੂ, 3 ਸਤੰਬਰ : ਉਤਰ ਪ੍ਰਦੇਸ਼ ਦੇ ਬਦਾਯੰੂ ਦੀ ਹੇਠਲੀ ਅਦਾਲਤ ਸਥਾਨਕ ਸ਼ਮਸੀ ਜਾਮਾ ਮਸਜਿਦ ਦੀ ਜਗ੍ਹਾ ਨੂੰ ਪਹਿਲਾਂ ਨੀਲਕੰਠ ਮਹਾਦੇਵ ਮੰਦਰ ਹੋਣ ਦਾ ਦਾਅਵਾ ਕਰਨ ਵਾਲੀ ਪਟੀਸ਼ਨ 'ਤੇ 15 ਸਤੰਬਰ ਨੂੰ ਸੁਣਵਾਈ ਕਰੇਗੀ | ਸਿਵਲ ਜੱਜ (ਸੀਨੀਅਰ ਡਿਵੀਜ਼ਨ) ਵਿਜੇ ਗੁਪਤਾ ਨੇ ਮਸਜਿਦ 'ਤੇ ਦਾਅਵੇ ਸਬੰਧੀ ਮੁਕੱਦਮੇ 'ਤੇ ਵਿਚਾਰ ਕਰਨ ਨੂੰ ਲੈ ਕੇ ਸ਼ੁਕਰਵਾਰ ਨੂੰ ਸਹਿਮਤੀ ਦਿਤੀ ਅਤੇ ਅਗਲੀ ਸੁਣਵਾਈ ਲਈ 15 ਸਤੰਬਰ ਦੀ ਤਰੀਕ ਤੈਅ ਕੀਤੀ | ਮਸਜਿਦ ਵਲੋਂ ਪੇਸ਼ ਹੋਏ ਵਕੀਲ ਅਸਰਾਰ ਅਹਿਮਦ ਨੇ ਦਸਿਆ ਕਿ ਅਦਾਲਤ ਅਗਲੀ ਤਰੀਕ ਨੂੰ ਉਨ੍ਹਾਂ ਦਾ ਪੱਖ ਸੁਣੇਗੀ | ਉਨ੍ਹਾਂ ਨੇ ਮੁਕੱਦਮੇ ਦੀ ਜਾਇਜ਼ਤਾ 'ਤੇ ਸਵਾਲ ਉਠਾਏ ਹਨ |
ਅਖਿਲ ਭਾਰਤੀ ਹਿੰਦੂ ਮਹਾਂਸਭਾ ਦੇ ਸੂਬਾ ਕਨਵੀਨਰ ਮੁਕੇਸ਼ ਪਟੇਲ ਅਤੇ ਹੋਰਾਂ ਵਲੋਂ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਜਾਮਾ ਮਸਜਿਦ ਦੀ ਥਾਂ ਨੂੰ ਰਾਜਾ ਮਹੀਪਾਲ ਦਾ ਕਿਲ੍ਹਾ ਅਤੇ ਨੀਲਕੰਠ ਮਹਾਦੇਵ ਦਾ ਮੰਦਰ ਹੋਣ ਦਾ ਦਾਅਵਾ ਕੀਤਾ ਗਿਆ ਹੈ | ਅਦਾਲਤ ਵਿਚ ਪਹਿਲਾਂ ਇਸ ਬਿੰਦੂ 'ਤੇ ਸੁਣਵਾਈ ਹੋਈ ਕਿ ਕੀ ਇਸ ਮੁਕੱਦਮੇ ਨੂੰ ਸੁਣਵਾਈ ਲਈ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ | ਮਾਮਲੇ 'ਚ ਨੀਲਕੰਠ ਮਹਾਦੇਵ ਨੂੰ ਪਹਿਲਾ ਮੁਦਈ ਬਣਾਇਆ ਗਿਆ ਹੈ |
ਮੁਕੱਦਮਾ ਕਰਨ ਵਾਲਿਆਂ 'ਚ ਸ਼ਾਮਲ ਵਕੀਲ ਅਰਵਿੰਦ ਪਰਮਾਰ ਨੇ ਦਸਿਆ ਕਿ ਪਟੀਸ਼ਨ ਵਿਚ ਪਹਿਲਾ ਮੁਦਈ ਖ਼ੁਦ ਭਗਵਾਨ ਨੀਲਕੰਠ ਮਹਾਦੇਵ ਨੂੰ ਬਣਾਇਆ ਗਿਆ ਹੈ, ਜਦਕਿ ਹੋਰ ਮੁਦਈਆਂ 'ਚ ਉਨ੍ਹਾਂ ਤੋਂ ਇਲਾਵਾ ਅਖਿਲ ਭਾਰਤ ਹਿੰਦੂ ਮਹਾਂਸਭਾ ਦੇ ਸੂਬਾ ਕਨਵੀਨਰ ਮੁਕੇਸ਼ ਪਟੇਲ, ਗਿਆਨ ਪ੍ਰਕਾਸ਼, ਡਾ. ਅਨੁਰਾਗ ਸ਼ਰਮਾ ਅਤੇ ਉਮੇਸ਼ ਚੰਦਰ ਸ਼ਰਮਾ ਸ਼ਾਮਲ ਹਨ |
ਪਟੀਸ਼ਨ ਵਿਚ ਮੁਦਈਆਂ ਨੇ ਇਤਿਹਾਸਕ ਕਿਤਾਬਾਂ ਦੇ ਹਵਾਲੇ ਨਾਲ ਮਸਜਿਦ ਦੇ ਨੀਲਕੰਠ ਮਹਾਦੇਵ ਮੰਦਰ ਹੋਣ ਦਾ ਦਾਅਵਾ ਕੀਤਾ ਹੈ | ਪਟੀਸ਼ਨਰਾਂ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਲੋਂ ਪ੍ਰਕਾਸ਼ਤ ਕੀਤੀ ਜਾਣ ਵਾਲੀ ਪੁਸਤਕ ਸੂਚਨਾ ਡਾਇਰੀ ਵਿਚ ਦਰਜ ਇਸ ਦੇ ਇਤਿਹਾਸ ਦਾ ਵੀ ਹਵਾਲਾ ਦਿਤਾ ਹੈ |
ਜ਼ਿਕਰਯੋਗ ਹੈ ਕਿ ਬਦਾਯੂ ਦੀ ਜਾਮਾ ਮਸਜਿਦ ਦੇਸ਼ ਦੀਆਂ ਸੱਭ ਤੋਂ ਵੱਡੀਆਂ
ਮਸਜਿਦਾਂ ਦੀ ਸ਼੍ਰੇਣੀ ਵਿਚ ਸ਼ਾਮਲ ਹੈ ਅਤੇ ਇਸ ਨੂੰ ਸੱਤਵੀਂ ਸੱਭ ਤੋਂ ਵੱਡੀ ਮਸਜਿਦ ਕਿਹਾ ਜਾਂਦਾ ਹੈ | ਇਹ ਦਿੱਲੀ ਦੀ ਜਾਮਾ ਮਸਜਿਦ ਤੋਂ ਬਾਅਦ ਦੇਸ਼ ਦੀ ਤੀਜੀ ਸੱਭ ਤੋਂ ਪੁਰਾਣੀ ਮਸਜਿਦ ਵੀ ਹੈ | ਪਟੀਸ਼ਨਕਰਤਾਵਾਂ ਦੇ ਵਕੀਲ ਵੇਦ ਪ੍ਰਕਾਸ਼ ਸ਼ਾਹੂ ਨੇ ਦਸਿਆ ਕਿ ਅਦਾਲਤ ਨੇ ਮੁਕੱਦਮੇ ਨੂੰ ਸੁਣਵਾਈ ਲਈ ਸਵੀਕਾਰ ਕਰ ਲਿਆ ਹੈ | ਜਾਮਾ ਮਸਜਿਦ ਦੀ ਤਰਫ਼ੋਂ ਐਡਵੋਕੇਟ ਅਸਰਾਰ ਅਹਿਮਦ ਪੇਸ਼ ਹੋਏ ਅਤੇ ਮੰਦਰ ਦੀ ਹੋਂਦ 'ਤੇ ਸਵਾਲ ਉਠਾਏ | ਅਹਿਮਦ ਨੇ ਕਿਹਾ ਕਿ ਅਦਾਲਤ ਅਗਲੀ ਸੁਣਵਾਈ ਲਈ ਮਸਜਿਦ ਦੀ ਵਿਵਸਥਾ ਕਮੇਟੀ ਦਾ ਪੱਖ ਸੁਣੇਗੀ | (ਏਜੰਸੀ)