
ਟਰੱਕ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ
Amritsar News : ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਨੇੜੇ ਪੈਂਦੇ ਭਗਵਾਂ ਗਹਿਰੀ ਮੰਡੀ ਰੇਲਵੇ ਫਾਟਕ ਦੇ ਨਜ਼ਦੀਕ ਅੱਜ ਟਰੱਕ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਭਿਆਨਕ ਸੜਕ ਹਾਦਸੇ 'ਚ ਮਾਂ -ਪੁੱਤ ਦੀ ਮੌਤ ਹੋ ਗਈ ਹੈ। ਹਾਦਸੇ ਦੌਰਾਨ ਪੋਤਾ ਵੀ ਗੰਭੀਰ ਜ਼ਖਮੀ ਹੋਇਆ ਹੈ। ਗੰਭੀਰ ਹਾਲਤ ਵਿੱਚ ਜ਼ਖਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਭੇਜਿਆ ਗਿਆ ਹੈ।
ਪੁਲਿਸ ਅਧਿਕਾਰੀ ਏਐਸਆਈ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਟਰੱਕ ਅਤੇ ਮੋਟਰਸਾਈਕਲ ਦਰਮਿਆਨ ਭਿਆਨਕ ਟੱਕਰ ਹੋ ਗਈ ਹੈ। ਜਿਸ ਵਿੱਚ ਬਾਈਕ ਸਵਾਰ ਰਮਨ ਕੁਮਾਰ ਦੀ ਮੌਕੇ 'ਤੇ ਮੌਤ ਹੋ ਗਈ ਹੈ, ਜਦਕਿ ਮਾਤਾ ਸੁਮਿਤਰਾ ਅਤੇ ਪੋਤਾ ਲਖਣ ਇਸ ਹਾਦਸੇ ਦੌਰਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ ,ਜਿਨਾਂ ਨੂੰ ਇਲਾਜ ਲਈ 108 ਐਂਬੂਲੈਂਸ ਰਾਹੀਂ ਅੰਮ੍ਰਿਤਸਰ ਭੇਜਿਆ ਗਿਆ ਹੈ।
ਇਸ ਦੌਰਾਨ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਲਾਜ ਦੌਰਾਨ ਰਮਨ ਕੁਮਾਰ ਦੀ ਮਾਤਾ ਸੁਮਿਤਰਾ ਦੀ ਵੀ ਮੌਤ ਹੋ ਗਈ ਹੈ।
ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਹਾਦਸੇ ਦੌਰਾਨ ਰਮਨ ਕੁਮਾਰ ਉਮਰ ਕਰੀਬ 24 ਸਾਲ, ਮਾਤਾ ਸੁਮਿਤਰਾ ਕਰੀਬ 55 ਸਾਲ, ਵਾਸੀ ਜੋਤੀਸਰ ਕਲੋਨੀ ਜੰਡਿਆਲਾ ਗੁਰੂ ਦੀ ਮੌਤ ਹੋ ਗਈ ਹੈ ਜਦਕਿ ਉਨ੍ਹਾਂ ਦਾ ਪੋਤਾ ਗੰਭੀਰ ਹਾਲਤ ਵਿੱਚ ਜ਼ਖਮੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।