ਗੋਲੀ ਲੱਗਣ ਕਾਰਨ ਰਤਨ ਸਿੰਘ ਨਾਂ ਦੇ ਵਿਅਕਤੀ ਦੀ ਹੋ ਗਈ ਸੀ ਮੌਤ
ਚੰਡੀਗੜ੍ਹ: ਸੀ.ਬੀ.ਆਈ. ਦੀ ਅਦਾਲਤ ਨੇ ਬਰਿਆਲੀ ਕਤਲ ਮਾਮਲੇ 'ਚ ਸਰਪੰਚ ਕੁਲਵੰਤ ਸਿੰਘ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਬਰੀ ਕਰ ਦਿੱਤਾ ਹੈ, ਜਦੋਂ ਕਿ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਦਸੰਬਰ 2010 'ਚ ਦੋ ਪਰਿਵਾਰਾਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਝਗੜੇ 'ਚ ਗੋਲੀ ਲੱਗਣ ਕਾਰਨ ਰਤਨ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਸੀ, ਜਦੋਂ ਕਿ ਦੂਜੀ ਧਿਰ ਦੇ ਦਿਲਬਰ ਸਿੰਘ ਦੇ ਪੱਟ 'ਚ ਗੋਲੀ ਵੱਜੀ ਸੀ।
ਪੁਲਸ ਨੇ ਕਰੋਸ ਪਰਚਾ ਦਰਜ ਕੀਤਾ ਸੀ। ਬਾਅਦ 'ਚ ਇਹ ਕੇਸ ਸੀ. ਬੀ. ਆਈ. ਨੂੰ ਟਰਾਂਸਫਰ ਹੋ ਗਿਆ। ਇੱਕ ਧਿਰ ਸਰਪੰਚ ਕੁਲਵੰਤ ਸਿੰਘ ਬਰਿਆਲੀ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਮੋਹਾਲੀ, ਦਿਲਬਰ ਸਿੰਘ ਅਤੇ ਜਤਿੰਦਰ ਸਿੰਘ ਦੇ ਖ਼ਿਲਾਫ਼ ਕਤਲ ਦਾ ਪਰਚਾ ਦਰਜ ਹੋਇਆ ਸੀ, ਜਦੋਂ ਕਿ ਦੂਜੀ ਧਿਰ ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸਾਧੂ ਸਿੰਘ, ਜਸਵੀਰ ਸਿੰਘ ਸਮੇਤ 7 ਲੋਕਾਂ ਦੇ ਖ਼ਿਲਾਫ਼ ਕਰੋਸ ਪਰਚਾ ਦਰਜ ਹੋਇਆ ਸੀ। ਸੀ. ਬੀ. ਆਈ. ਅਦਾਲਤ ਵੱਲੋਂ ਅੱਜ ਕਤਲ ਦੀ ਧਾਰਾ 302 ਤੋੜ ਕੇ ਇੱਕ ਧਿਰ ਦੇ ਦਿਲਵਰ ਸਿੰਘ ਨੂੰ ਧਾਰਾ-304 ਵਿੱਚ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜ ਦਿੱਤਾ ਅਤੇ ਸਜ਼ਾ ਸੁਣਾਉਣ ਲਈ 24 ਦਸੰਬਰ ਦੀ ਤਾਰੀਖ਼ ਤੈਅ ਕੀਤੀ ਹੈ। ਦੂਜੀ ਧਿਰ ਦੇ ਮੁਲਜ਼ਮਾਂ ਨੂੰ 500-500 ਰੁਪਏ ਜੁਰਮਾਨਾ ਕੀਤਾ ਗਿਆ ਹੈ।
