
ਬਾਦਲ ਸਰਕਾਰ ਨੇ ਪੁਲਿਸ ਅਧਿਕਾਰੀਆਂ ਅਤੇ ਡੇਰੇਦਾਰਾਂ ਨੂੰ ਦਿਤੀ ਸੀ ਖੁੱਲ੍ਹ?
ਕੋਟਕਪੂਰਾ (ਗੁਰਿੰਦਰ ਸਿੰਘ) : ਬਾਦਲ ਸਰਕਾਰ ਮੌਕੇ ਸਿਰਫ਼ ਡੇਰੇਦਾਰਾਂ ਨੂੰ ਹੀ ਨਹੀਂ ਬਲਕਿ ਪੁਲਿਸ ਅਧਿਕਾਰੀਆਂ ਨੂੰ ਵੀ ਕਾਨੂੰਨ ਹੱਥ 'ਚ ਲੈਣ ਜਾਂ ਵੱਡੀ ਤੋਂ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਖੁੱਲ੍ਹੀ ਛੁੱਟੀ ਸੀ। ਉਕਤ ਖੁਲਾਸਾ ਬਹਿਬਲ ਗੋਲੀਕਾਂਡ 'ਚ ਮੁੱਖ ਮੁਲਜ਼ਮ ਤੋਂ ਵਾਅਦਾ ਮੁਆਫ਼ ਗਵਾਹ ਬਣੇ ਇੰਸ. ਪ੍ਰਦੀਪ ਸਿੰਘ ਦੇ ਜਨਤਕ ਹੋਏ ਬਿਆਨ ਤੋਂ ਬਾਅਦ ਹੋਇਆ ਹੈ। ਉਕਤ ਬਿਆਨ ਮੁਤਾਬਕ ਬਹਿਬਲ ਕਲਾਂ ਵਿਖੇ ਜਿਹੜਾ ਮਸਲਾ ਪੰਜਾਬ ਪੁਲਿਸ ਗੱਲਬਾਤ ਰਾਹੀਂ ਹਲ ਕਰ ਸਕਦੀ ਸੀ,
Behbal kalan kand
ਉਸ ਲਈ ਪੁਲਿਸ ਨੇ ਬਿਨਾਂ ਕਾਰਨ ਗੋਲੀਆਂ ਚਲਾ ਦਿਤੀਆਂ, ਜਿਸ ਨਾਲ ਦੋ ਬੇਕਸੂਰ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਤੇ ਦੋ ਦਰਜਨ ਤੋਂ ਵੱਧ ਸਿੱਖ ਵਿਅਕਤੀ ਜ਼ਖ਼ਮੀ ਹੋ ਗਏ। ਇੰਸ. ਪ੍ਰਦੀਪ ਸਿੰਘ ਘਟਨਾ ਵਾਲੇ ਦਿਨ ਬਹਿਬਲ ਕਲਾਂ ਧਰਨੇ 'ਚ ਮੌਜੂਦ ਸੀ ਅਤੇ ਉਸ ਸਮੇਂ ਉਹ ਮੋਗਾ ਦੇ ਜਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਦੇ ਰੀਡਰ ਵਜੋਂ ਨਿਯੁਕਤ ਸੀ। ਪ੍ਰਦੀਪ ਸਿੰਘ ਨੂੰ ਐਸਆਈਟੀ ਨੇ ਪਹਿਲਾਂ ਬਹਿਬਲ ਕਾਂਡ 'ਚ ਮੁੱਖ ਮੁਲਜ਼ਮਾਂ 'ਚ ਸ਼ਾਮਲ ਕੀਤਾ ਸੀ
Sumedh Singh Saini
ਪਰ ਬਾਅਦ 'ਚ ਪ੍ਰਦੀਪ ਸਿੰਘ ਨੇ ਵਾਅਦਾ ਮੁਆਫ਼ ਗਵਾਹ ਬਣਨ ਦੀ ਇਛਾ ਜ਼ਾਹਰ ਕੀਤੀ, ਜਿਸ 'ਤੇ ਸ਼ੈਸ਼ਨ ਜੱਜ ਸੁਮਿਤ ਮਲਹੋਤਰਾ ਨੇ 15 ਸਤੰਬਰ ਨੂੰ ਉਸ ਨੂੰ ਵਾਅਦਾ ਮੁਆਫ਼ ਗਵਾਹ ਬਣਨ ਦੀ ਇਜਾਜ਼ਤ ਦੇ ਦਿਤੀ। ਅਪਣੇ 19 ਸਫ਼ਿਆਂ ਦੇ ਬਿਆਨ 'ਚ ਪ੍ਰਦੀਪ ਸਿੰਘ ਨੇ ਸਪੱਸ਼ਟ ਕੀਤਾ ਕਿ ਉਸ ਵੇਲੇ ਦੇ ਡੀਜੀਪੀ ਸੁਮੇਧ ਸੈਣੀ ਨੇ ਹਦਾਇਤ ਕੀਤੀ ਸੀ ਕਿ ਬਹਿਬਲ ਕਲਾਂ ਸੜਕ ਤੋਂ ਧਰਨਾ ਹਰ ਹਾਲਤ 'ਚ ਚੁਕਵਾ ਦਿਤਾ ਜਾਵੇ ਅਤੇ ਜੇਕਰ ਲੋੜ ਪੈਂਦੀ ਹੈ ਤਾਂ ਗੋਲੀਆਂ ਚਲਾਉਣ ਤੋਂ ਵੀ ਗੁਰੇਜ਼ ਨਾ ਕੀਤਾ ਜਾਵੇ।
Paramraj Singh Umranangal
ਪ੍ਰਦੀਪ ਸਿੰਘ ਨੇ ਖੁਲਾਸਾ ਕੀਤਾ ਕਿ ਬਹਿਬਲ ਗੋਲੀਕਾਂਡ ਡੀਜੀਪੀ ਸੁਮੇਧ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੇ ਕਥਿਤ ਗ਼ਲਤ ਰਵੱਈਏ ਕਾਰਨ ਵਾਪਰਿਆ। ਵਾਅਦਾ ਮੁਆਫ਼ ਗਵਾਹ ਨੇ ਇਹ ਵੀ ਖੁਲਾਸਾ ਕੀਤਾ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਨ ਤੋਂ ਬਾਅਦ ਆਈ.ਜੀ. ਉਮਰਾਨੰਗਲ ਨੇ ਪੁਲਿਸ ਲਾਈਨ ਲੁਧਿਆਣਾ 'ਚ ਉਨ੍ਹਾਂ ਸਾਰੇ ਅਫ਼ਸਰਾਂ ਦੀ ਮੀਟਿੰਗ ਬੁਲਾਈ ਸੀ ਜਿਸ ਵਿਚ ਉਸ ਨੇ ਬਹਿਬਲ ਕਲਾਂ 'ਚ ਚੱਲੀਆਂ ਗੋਲੀਆਂ ਦੀ ਸੱਚਾਈ ਨੂੰ ਛੁਪਾਉਣ ਲਈ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪੋ ਅਪਣਾ ਗੋਲੀ ਸਿੱਕਾ ਤੇ ਕਾਰਤੂਸ ਪੂਰਾ ਕਰ ਲੈਣ ਤਾਕਿ ਪੜਤਾਲ ਦੌਰਾਨ ਪੁਲਿਸ ਨਿਰਦੋਸ਼ ਸਾਬਤ ਹੋਵੇ।
Krishan Bhagwan Singh , Gurjeet Singh Bittu
ਬਹਿਬਲ ਕਲਾਂ ਗੋਲੀਕਾਂਡ ਮੌਕੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦੋ ਸਿੱਖ ਨੌਜਵਾਨਾਂ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੇ ਵਾਰਸਾਂ ਕ੍ਰਮਵਾਰ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਸਾਧੂ ਸਿੰਘ ਸਰਾਵਾਂ ਨੇ ਉਕਤ ਖੁਲਾਸੇ 'ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਆਖਿਆ ਕਿ ਬਾਦਲ ਸਰਕਾਰ ਮੌਕੇ ਪੁਲਿਸ ਅਧਿਕਾਰੀਆਂ ਅਤੇ ਡੇਰੇਦਾਰਾਂ ਨੂੰ ਕਾਨੂੰਨ ਹੱਥ 'ਚ ਲੈਣ ਦੀ ਪੂਰੀ ਖੁਲ੍ਹ ਸੀ
SIT
ਪਰ ਸਿੱਖਾਂ ਨੂੰ ਨਿਰਦੋਸ਼ ਹੋਣ ਦੇ ਬਾਵਜੂਦ ਨਿਸ਼ਾਨਾ ਬਣਾਉਣ ਦੀਆਂ ਅਨੇਕਾਂ ਉਦਾਹਰਨਾਂ ਦਿਤੀਆਂ ਜਾ ਸਕਦੀਆਂ ਹਨ। ਉਨ੍ਹਾਂ ਐਸਆਈਟੀ ਦੀ ਜਾਂਚ ਪ੍ਰਤੀ ਸੰਤੁਸ਼ਟੀ ਪ੍ਰਗਟਾਉਂਦਿਆਂ ਆਖਿਆ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ, ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲਿਆਂ, ਕੋਟਕਪੂਰਾ ਅਤੇ ਬਹਿਬਲ ਵਿਖੇ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਹਾਕਮਾਂ ਵਿਰੁਧ ਬਣਦੀ ਕਾਰਵਾਈ ਹੋਣ ਨਾਲ ਹੀ ਪੀੜਤ ਪਰਵਾਰਾਂ ਦੇ ਜਖ਼ਮਾਂ 'ਤੇ ਮੱਲ੍ਹਮ ਲਗੇਗੀ।