
ਪੋਸਟ ਮੈਟ੍ਰਿਕ ਵਜ਼ੀਫ਼ੇ ਦੇ ਘਪਲੇ ਦੇ ਮਾਮਲੇ 'ਚ ਧਰਮਸੋਤ ਨੂੰ ਮਿਲੀ ਕਲੀਨ ਚਿੱਟ
ਖੰਨਾ/ਨਾਭਾ, 2 ਅਕਤੂਬਰ (ਏ.ਐਸ. ਖੰਨਾ/ਬਲਵੰਤ ਹਿਆਣਾ) : ਪੰਜਾਬ ਦੇ ਸਮਾਜਕ ਨਿਆਂ ਤੇ ਅਧਿਕਾਰਤਾ ਅਤੇ ਘੱਟ ਗਿਣਤੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਦੀ ਚੀਫ਼ ਸੈਕਟਰੀ ਵਿੰਨੀ ਮਹਾਜਨ ਦੀ ਨਿਗਰਾਨੀ ਹੇਠ ਗਠਿਤ ਕਮੇਟੀ ਵਲੋਂ ਕਲੀਨ ਚਿੱਟ ਦੇ ਦਿਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲੇ ਵਿਚ ਜਾਂਚ ਕਮੇਟੀ ਵਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਘਪਲਾ ਨਹੀਂ ਹੋਇਆ। ਇਸ ਦੇ ਨਾਲ ਹੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿਤੀ ਗਈ ਹੈ। ਦਸਣਯੋਗ ਹੈ ਕਿ 65 ਕਰੋੜ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਜਾਂਚ ਲਈ ਪੰਜਾਬ ਸਰਕਾਰ ਵਲੋਂ ਇਕ ਕਮੇਟੀ ਗਠਿਤ ਕੀਤੀ ਗਈ ਸੀ। ਜਿਸ ਦੀ ਜਾਂਚ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਗਈ ਹੈ, ਜਿਸ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਘਪਲਾ ਨਾ ਹੋਣ ਦੀ ਗੱਲ ਕਹੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਰਿਪੋਰਟ ਮੁਤਾਬਕ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਈ ਗ਼ਲਤ ਪੈਸਾ ਨਹੀਂ ਵੰਡਿਆ ਗਿਆ ਹੈ। ਇਨ੍ਹਾਂ 65 ਕਰੋੜ ਦੀ ਰਕਮ ਵਿਚੋ 7 ਕਰੋੜ ਰੁਪਏ ਆਊਟ ਆਫ਼ ਟਰਨ ਕੁਝ ਕਾਲਜਾਂ ਨੂੰ ਵੰਡੇ ਕੇ ਉਨ੍ਹਾਂ ਦੀ ਮਦਦ ਜ਼ਰੂਰ ਕੀਤੀ ਗਈ ਹੈ। ਸੂਤਰਾਂ ਮੁਤਾਬਕ ਕਮੇਟੀ ਵਲੋਂ ਇਸ ਮਾਮਲੇ ਵਿਚ ਵਿਆਪਕ ਜਾਂਚ ਕੀਤੀ ਗਈ ਹੈ। ਜਾਂਚ ਵਿਚ ਏਸੀਐਸ ਕਿਰਪਾ ਸ਼ੰਕਰ ਸਰੋਜ 'ਤੇ ਸਵਾਲ ਉਠਾਏ ਗਏ ਹਨ।
ਪਤਾ ਲੱਗਾ ਹੈ ਕਿ 2015 ਤੋਂ 2017 ਤਕ ਇਸ ਵਿਭਾਗ ਦੇ ਸਕੱਤਰ ਰਹਿ ਚੁਕੇ ਕਿਰਪਾ ਸ਼ੰਕਰ ਸਰੋਜ ਵਲੋਂ ਉਸ ਸਮੇਂ ਦੀਆਂ ਕੁਝ ਗੜਬੜੀਆ ਸਾਹਮਣੇ ਆਈਆਂ ਹਨ। ਜਿਨ੍ਹਾਂ 'ਤੇ ਪਰਦਾ ਪਾਉਣ ਲਈ ਅਤੇ ਇਨ੍ਹਾਂ ਤੋਂ ਧਿਆਨ ਹਟਾਉਣ ਲਈ ਕਿਰਪਾ ਸ਼ੰਕਰ ਸਰੋਜ ਵਲੋਂ ਇਹ ਰਿਪੋਰਟ ਤਿਆਰ ਕਰ ਕੇ ਮੁੱਖ ਸਕੱਤਰ ਨੂੰ ਭੇਜੀ ਗਈ ਸੀ। ਜਿਸ ਵਿਚ 65 ਕਰੋੜ ਦੇ ਘਪਲੇ ਦਾ ਜ਼ਿਕਰ ਕੀਤਾ ਗਿਆ ਸੀ। ਜਦੋਂਕਿ ਆਡਿਟ ਰਿਪੋਰਟ ਵਿਚ ਕਿਸੇ ਤਰ੍ਹਾਂ ਦਾ ਘਪਲਾ ਸਾਹਮਣੇ ਨਹੀਂ ਆਇਆ ਹੈ।
ਦਸਣਯੋਗ ਹੈ ਕਿ ਮੁੱਖ ਸਕੱਤਰ ਵਿੰਨੀ ਮਹਾਜਨ ਵਲੋਂ ਕਿਰਪਾ ਸ਼ੰਕਰ ਸਰੋਜ ਵਲੋਂ ਪੇਸ਼ ਕੀਤੀ ਗਈ ਰਿਪੋਰਟ ਦੀ ਜਾਂਚ ਲਈ ਆਈਐਸਐਸ ਅਧਿਕਾਰੀਆਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਕੇਈਪੀ ਸਿਨਹਾ, ਜਸਪਾਲ ਸਿੰਘ ਤੇ ਵਿਵੇਕ ਪ੍ਰਤਾਪ ਨੂੰ ਸ਼ਾਮਲ ਕੀਤਾ ਗਿਆ ਸੀ। ਇਹ ਰਿਪੋਰਟ ਮੁੱਖ ਮੰਤਰੀ ਨੂੰ ਪੇਸ਼ ਕਰ ਦਿਤੀ ਗਈ ਹੈ।
2015 ਤੋਂ 2017 ਤਕ ਵਿਭਾਗ ਦੇ ਸਕੱਤਰ ਰਹਿ ਚੁਕੇ ਕਿਰਪਾ ਸ਼ੰਕਰ ਸਰੋਜ ਵਲੋਂ ਉਸ ਸਮੇਂ ਦੀਆਂ ਕੁੱਝ ਗੜਬੜੀਆ ਸਾਹਮਣੇ ਆਈਆਂ ਹਨ
ਫੋਟੋ ਕੈਪਸ਼ਨ: ਖੰਨਾ ਦੋ ਅਕਤੂਬਰ ਏ ਐੱਸ ਖੰਨਾ 0image5
ਫਾਈਲ ਫੋਟੋ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ