
ਬਟਾਲਾ 'ਚ ਪੁਲਿਸ ਅਤੇ ਬਦਮਾਸ਼ ਵਿਚਾਲੇ ਚਲੀਆਂ ਅੰਨ੍ਹੇਵਾਹ ਗੋਲੀਆਂ
ਬਟਾਲਾ, 2 ਅਕਤੂਬਰ (ਪਪ): ਥਾਣਾ ਅੰਮ੍ਰਿਤਸਰ ਸਦਰ ਵਿਚ ਦਰਜ ਕਤਲ ਅਤੇ ਇਰਾਦਾ ਕਤਲ ਦੇ ਮਾਮਲੇ ਵਿਚ ਭਗੌੜਾ ਕਰਾਰ ਦਿਤੇ ਕਥਿਤ ਮੁਲਜ਼ਮ ਵਲੋਂ ਬਟਾਲਾ ਵਿਚ ਇਕ ਵਿਅਕਤੀ ਸਣੇ ਪੁਲਿਸ ਉਤੇ ਗੋਲੀਬਾਰੀ ਕਰ ਦਿਤੀ ਗਈ। ਦਰਅਸਲ ਉਕਤ ਮੁਲਜ਼ਮ ਨੇ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਜਿਥੇ ਇਕ ਫ਼ੈਕਟਰੀ ਵਿਚ ਕੰਮ ਕਰਦੇ ਵਰਕਰ ਤੋਂ ਪਹਿਲਾਂ ਸਕੂਟਰੀ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਅਸਫ਼ਲ ਹੋਣ ਉਤੇ ਉਸ ਨੂੰ ਗੋਲੀ ਮਾਰ ਦਿਤੀ। ਇਸ ਦੌਰਾਨ ਬਾਅਦ ਵਿਚ ਭਗੌੜੇ ਮੁਲਜ਼ਮ ਨੇ ਪਿੱਛਾ ਕਰ ਰਹੀ ਸੀ. ਆਈ. ਏ. ਸਟਾਫ਼ ਬਟਾਲਾ ਦੀ ਟੀਮ ਉਤੇ ਵੀ ਫ਼ਾਇਰਿੰਗ ਕਰ ਦਿਤੀ।
ਇਸ ਸੰਬੰਧੀ ਵਿਸਤਾਰ ਵਿਚ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਸਟਾਫ਼ ਬਟਾਲਾ ਦੇ ਇੰਚਾਰਜ ਐਸ.ਆਈ. ਦਲਜੀਤ ਸਿੰਘ ਪੱਡਾ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਵਿਖੇ ਸਥਿਤ ਥਾਣਾ ਸਦਰ ਦੀ ਪੁਲਿਸ ਨੂੰ ਧਾਰਾ 302, 307 ਤਹਿਤ ਕਤਲ ਕੇਸ ਵਿਚ ਭਗੌੜਾ ਨੌਜਵਾਨ ਬਟਾਲਾ ਵਿਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਘੁੰਮ ਰਿਹਾ ਹੈ ਜਿਸ ਤੋਂ ਤੁਰਤ ਬਾਅਦ ਉਨ੍ਹਾਂ ਐਸ.ਐਸ.ਪੀ. ਬਟਾਲਾ ਰਛਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੀ ਟੀਮ ਸਮੇਤ ਮੁਸ਼ਤੈਦੀ ਨਾਲ ਭਗੌੜੇ ਦੀ ਭਾਲ ਸ਼ੁਰੂ ਕਰ ਦਿਤੀ ਅਤੇ ਜਦ ਸੀ.ਆਈ.ਏ. ਸਟਾਫ਼ ਦੇ ਮੁਲਾਜ਼ਮਾਂ ਸਮੇਤ ਉਹ ਬੈਂਕ ਕਾਲੌਨੀ ਹੰਸਲੀ ਪੁਲ ਉਤੇ ਪਹੁੰਚੇ ਤਾਂ ਉੱਥੇ ਪੁਲਿਸ ਟੀਮ ਨੂੰ ਦੇਖ ਕੇ ਇਕ ਨੌਜਵਾਨ ਅੱਗੇ-ਅੱਗੇ ਭੱਜਣ ਲੱਗਾ ਜਿਸ ਦਾ ਪਿੱਛਾ ਕਰਨਾ ਉਨ੍ਹਾਂ ਸ਼ੁਰੂ ਕਰ ਦਿਤਾ ਅਤੇ ਪੁਰਾਣੀ ਟਰੱਕ ਯੂਨੀਅਨ ਵਿਖੇ ਸਥਿਤ ਪ੍ਰੇਮ ਫ਼ੈਕਟਰੀ ਵਿਚ ਕੰਮ ਕਰਦੇ ਵਰਕਰ ਕੁਲਵੰਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਤਲਵੰਡੀ ਲਾਲ ਸਿੰਘ ਜੋ ਕਿ ਫ਼ੈਕਟਰੀ ਦੇ ਬਾਹਰ ਅਪਣੀ ਸਕੂਟਰੀ ਖੜ੍ਹੀ ਕਰ ਰਿਹਾ ਸੀ, ਦੇ ਕੋਲ ਭੱਜ ਕੇ ਆਇਆ ਅਤੇ ਉਕਤ ਵਿਅਕਤੀ ਤੋਂ ਸਕੂਟਰੀ ਖੋਹਣ ਲੱਗ ਪਿਆ।
ਐਸ.ਆਈ. ਦਲਜੀਤ ਸਿੰਘ ਪੱਡਾ ਨੇ ਦਸਿਆ ਕਿ ਜਦੋਂ ਉਕਤ ਵਿਅਕਤੀ ਨੇ ਭਗੌੜੇ ਨੂੰ ਸਕੂਟਰੀ ਦੇਣ ਤੋਂ ਮਨ੍ਹਾ ਕਰ ਦਿਤਾ ਤਾਂ ਉਸ ਨੇ ਉਕਤ ਵਿਅਕਤੀ ਉਤੇ ਗੋਲੀ ਚਲਾ ਦਿਤੀ ਅਤੇ ਫਿਰ ਤੋਂ ਭੱਜਣ ਲੱਗਾ ਜਿਸ ਨੂੰ 20 ਮਿੰਟ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਪਿਸਤੌਲ ਸਮੇਤ ਕਾਬੂ ਕਰ ਲਿਆ ਗਿਆ। ਇੱਥੇ ਇਹ ਦਸ ਦਈਏ ਕਿ ਗੋਲੀ ਚਲਾਉਣ ਦੀ ਆਵਾਜ਼ ਸੁਣਦੇ ਹੀ ਆਸ-ਪਾਸ ਦੇ ਲੋਕ ਅਪਣੀਆਂ ਦੁਕਾਨਾਂ ਅਤੇ ਫ਼ੈਕਟਰੀਆਂ ਵਿਚੋਂ ਬਾਹਰ ਆ ਗਏ ਜਿਨ੍ਹਾਂ ਨੇ ਪੱਤਰਕਾਰਾਂ ਦੀ ਟੀਮ ਨੂੰ ਜਾਣਕਾਰੀ ਦਿਤੀ ਕਿ ਭੱਜ ਰਹੇ ਨੌਜਵਾਨ ਨੇ ਸੀ.ਆਈ. ਸਟਾਫ਼ ਦੀ ਟੀਮ 'ਤੇ ਵੀ ਗੋਲੀਆਂ ਚਲਾਈਆਂ ਹਨ ਪਰ ਪੁਲਸ ਟੀਮ ਵਾਲ-ਵਾਲ ਬਚ ਗਈ।
ਫ਼ੋਟੋ : ਬਟਾਲਾ--ਪੁਲਿਸ