
ਅਗ਼ਵਾ ਕੀਤਾ ਬੱਚਾ 24 ਘੰਟਿਆਂ 'ਚ ਪੁਲਿਸ ਨੇ ਕੀਤਾ ਬਰਾਮਦ
ਇਕ ਲੱਖ ਰੁਪਏ 'ਚ ਕੀਤਾ ਸੀ 2 ਮਹੀਨਿਆਂ ਦੇ ਬੱਚੇ ਦਾ ਸੌਦਾ
ਸ੍ਰੀ ਮੁਕਤਸਰ ਸਾਹਿਬ-ਮਲੋਟ, 2 ਅਕਤੂਬਰ (ਰਣਜੀਤ ਸਿੰਘ/ਕ੍ਰਿਸ਼ਨ ਮਿੱਡਾ): ਬੀਤੇ ਦਿਨੀਂ ਮਲੋਟ ਵਿਖੇ ਇਕ ਆਦਮੀ ਅਤੇ ਔਰਤ ਨੇ 2 ਮਹੀਨਿਆਂ ਦੇ ਬੱਚੇ ਨੂੰ ਅਗ਼ਵਾ ਕਰ ਲਿਆ ਸੀ ਦੇ ਮਾਮਲੇ ਨੂੰ ਸੁਲਝਾ ਕੇ ਉਕਤ ਆਦਮੀ ਅਤੇ ਔਰਤ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਮਲੋਟ ਨੂੰ ਦਿਤੀ ਸ਼ਿਕਾਇਤ 'ਚ ਕਾਂਤਾ ਪਤਨੀ ਗੋਪੀ ਵਾਸੀ ਪਟੇਲ ਨਗਰ ਨੇ ਦਸਿਆ ਕਿ ਕਰੀਬ ਦੁਪਹਿਰ 2:30 ਜਦੋਂ ਉਹ ਅਪਣੇ ਘਰ ਦੇ ਵਿਹੜੇ ਵਿਚ ਅਪਣੇ 2 ਮਹੀਨੇ ਦੇ ਬੱਚੇ ਅਨੰਦ ਨਾਲ ਬੈਠੀ ਸੀ, ਇਸ ਸਮੇਂ ਮੇਰੀ ਸੱਸ ਅਤੇ ਨਨਾਣ ਵੀ ਘਰ 'ਚ ਮੌਜੂਦ ਸਨ। ਇਸੇ ਦੌਰਾਨ ਕੋਈ ਨਾਮਲੂਮ ਔਰਤ ਜਿਸ ਦੀ ਉਮਰ ਤਕਰੀਬ 30 ਸਾਲ ਹੋਵੇਗੀ, ਉਸ ਨੇ ਕਾਲੇ ਰੰਗ ਦੇ ਕਪੜੇ ਪਾਏ ਹੋਏ ਸਨ। ਉਹ ਆ ਕੇ ਮੇਰੇ ਛੋਟੇ ਬੇਟੇ ਨਾਲ ਮੰਜੇ 'ਤੇ ਬੈਠ ਗਈ ਤੇ ਕਹਿਣ ਲੱਗੀ ਕਿ ਮੈਂ ਲੋਕਾਂ ਦੇ ਘਰਾਂ ਵਿਚ ਸਾਫ਼ ਸਫਾਈ ਦਾ ਕੰਮ ਕਰਦੀ ਹਾਂ ਤੇ ਮੈਨੂੰ ਰਹਿਣ ਲਈ ਕਿਰਾਏ 'ਤੇ ਘਰ ਚਾਹੀਦਾ ਹੈ।
ਮੈਂ ਉਸ ਔਰਤ ਨਾਲ ਗੱਲਾਂ ਕਰਦੀ ਹੋਈ, ਕਿਸੇ ਕੰਮ ਲਈ ਅੰਦਰ ਕਮਰੇ 'ਚ ਗਈ ਤਾਂ ਉਕਤ ਔਰਤ ਮੇਰੇ ਛੋਟੇ ਬੱਚੇ ਨੂੰ ਚੁੱਕ ਕੇ ਬਾਹਰ ਖੜੇ ਮੋਟਰਸਾਈਕਲ ਸਵਾਰ ਅਪਣੇ ਸਾਥੀ ਨਾਲ ਚਲੀ ਗਈ। ਕਾਂਤਾ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਮਲੋਟ ਵਿਖੇ ਮਾਮਲਾ ਦਰਜ ਕਰ ਲਿਆ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਡੀ ਸੁਡਰਵਿਲੀ ਵਲੋਂ ਵੱਖ ਵੱਖ ਟੀਮਾਂ ਬਣਾ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿਤੀ ਗਈ। ਮਾਮਲੇ ਦੀ ਜਾਂਚ ਕਰਦੇ ਹੋਏ ਇੰਸਪੈਕਟਰ ਸੁਖਜੀਤ ਸਿੰਘ ਇੰਚਾਰਜ ਸੀਆਈਏ ਅਤੇ ਐਸ ਆਈ ਕਰਨਦੀਪ ਸਿੰਘ ਸੰਧੂ ਮੁਖ ਅਫ਼ਸਰ ਥਾਣਾ ਸਿਟੀ ਮਲੋਟ ਵਲੋਂ ਕਾਰਵਾਈ ਕਰਦੇ ਹੋਏ ਸਿਰਫ਼ 24 ਘੰਟਿਆਂ ਦੌਰਾਨ ਅਗ਼ਵਾਅ ਹੋਏ ਬੱਚੇ ਨੂੰ ਮਾਪਿਆਂ ਦੇ ਹਵਾਲੇ ਕਰ ਦਿਤਾ।
ਇਸ ਕੇਸ ਨੂੰ ਸੁਲਝਾਉਂਦੇ ਹੋਏ ਇਕ ਮੋਟਰਸਾਈਕਲ ਚਾਲਕ ਕਾਬੂ ਕੀਤਾ, ਜਿਸ ਦੀ ਪਹਿਚਾਣ ਹਰਜਿੰਦਰ ਸਿੰਘ ਵਜੋਂ ਹੋਈ। ਉਸ ਨੇ ਦਸਿਆ ਕਿ ਮੈਂ ਅਤੇ ਕਾਜਲ ਜੋ ਕਿ ਬੱਚੇ ਨੂੰ ਚੁੱਕ ਕੇ ਲਿਆਈ ਸੀ, ਉਸ ਨੂੰ ਅਤੇ ਬੱਚੇ ਨੂੰ ਮਟੀਲੀ ਸਾਦੂਲ ਸ਼ਹਿਰ ਜ਼ਿਲ੍ਹਾ ਗੰਗਾਨਗਰ ਵਿਖੇ ਛੱਡ ਆਇਆ ਹਾਂ। ਕਥਿਤ ਹਰਜਿੰਦਰ ਸਿੰਘ ਦੀ ਨਿਸ਼ਾਨ ਦੇਹੀ 'ਤੇ ਪੁਲਿਸ ਵਲੋਂ ਮਟੀਲੀ ਵਿਖੇ ਸਥਿਤ ਇਕ ਭੱਠੇ ਤੋਂ ਮੁਲਜ਼ਮ ਔਰਤ ਕਾਜ਼ਲ ਨੂੰ ਕਾਬੂ ਕਰ ਲਿਆ ਜਿਸ ਪਾਸੋਂ ਬੱਚਾ ਵੀ ਬਰਾਮਦ ਕਰ ਲਿਆ ਗਿਆ। ਮੁਢਲੀ ਪੁਛਗਿਛ ਵਿਚ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਹ ਇਸ ਬੱਚੇ ਨੂੰ 1 ਲੱਖ ਰੁਪਏ ਵਿਚ ਵੇਚਣ ਜਾ ਰਹੇ ਸੀ।
ਕੈਪਸਨ : ਡੀ. ਸੁਡਰਵਿਲੀ ਐਸ ਐਸ ਪੀ, ਬ੍ਰਾਮਦ ਕੀਤਾ ਬੱਚਾ ਮਾਪਿਆਂ ਨਾਲ ਮਿਲਾਉਂਦੇ ਹੋਏ ।
ਫੋਟੋ ਫਾਇਲ : ਐਮਕੇਐਸ 02 - 02