
ਹਾਥਰਸ ਜਾਣ ਤੋਂ ਟੀ.ਐਮ.ਸੀ ਵਫ਼ਦ ਨੂੰ ਪੁਲਿਸ ਨੇ ਰੋਕਿਆ
ਧੱਕਾ-ਮੁੱਕੀ 'ਚ ਡਿੱਗੇ ਡੇਰੇਕ ਓ ਬਰਾਇਨ
ਹਾਥਰਸ, 2 ਅਕਤੂਬਰ : ਉੱਤਰ ਪ੍ਰਦੇਸ਼ ਦੇ ਹਾਥਰਸ ਗੈਂਗਰੇਪ ਨੂੰ ਲੈ ਕੇ ਸਿਆਸਤ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਗੈਂਗਰੇਪ ਦੇ ਵਿਰੋਧ 'ਚ ਜਿਥੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਉਥੇ ਸ਼ੁਕਰਵਾਰ ਨੂੰ ਪੀੜਤ ਪਰਵਾਰ ਨੂੰ ਮਿਲਣ ਜਾ ਰਹੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੇਤਾ ਡੇਰੇਕ ਓ ਬਰਾਇਨ ਅਤੇ ਕੁੱਝ ਹੋਰ ਸੰਸਦ ਮੈਂਬਰਾਂ ਦੇ ਵਫ਼ਦ ਨੂੰ ਉਤਰ ਪ੍ਰਦੇਸ਼ ਪੁਲਿਸ ਵਲੋਂ ਰੋਕਿਆ ਗਿਆ। ਟੀ. ਐੱਮ. ਸੀ. ਦੇ ਇਹ ਨੇਤਾ ਦਿੱਲੀ ਤੋਂ ਹਾਥਰਸ ਦੇ ਪੀੜਤ ਪਰਵਾਰ ਨੂੰ ਮਿਲਣ ਲਈ ਜਾ ਰਹੇ ਸਨ। ਪਰਵਾਰ ਨੂੰ ਮਿਲਣ ਦੀ ਜ਼ਿੱਦ 'ਤੇ ਅੜੇ ਟੀ. ਐੱਮ. ਸੀ. ਸੰਸਦ ਮੈਂਬਰਾਂ ਅਤੇ ਪੁਲਿਸ ਦਰਮਿਆਨ ਧੱਕਾ-ਮੁੱਕੀ ਵੀ ਹੋਈ ਹੈ। ਇਸ ਦੌਰਾਨ ਡੇਰੇਕ ਓ ਬਰਾਇਨ ਡਿੱਗ ਪਏ। ਪਿੰਡ 'ਤੇ ਸਖ਼ਤ ਪਹਿਰਾ ਹੈ ਅਤੇ ਮੀਡੀਆ ਨੂੰ ਪਿੰਡ ਦੇ ਬਾਹਰ ਹੀ ਰੋਕ ਦਿਤਾ ਗਿਆ ਹੈ। ਉਧਰ ਪੀੜਤ ਪਰਵਾਰ ਨੂੰ ਮਿਲਣ ਜਾ ਰਹੇ ਟੀ. ਐੱਮ. ਸੀ. ਸੰਸਦ ਮੈਂਬਰਾਂ ਨੂੰ ਪੁਲਿਸ ਨੇ ਪਿੰਡ ਦੇ ਬਾਹਰ ਹੀ ਰੋਕ ਦਿਤਾ ਹੈ। ਰੋਕੇ ਗਏ ਸੰਸਦ ਮੈਂਬਰਾਂ ਨੇ ਕਿਹਾ ਕਿ ਅਸੀ ਸ਼ਾਂਤੀ ਨਾਲ ਹਾਥਰਸ ਵਲ ਵਧ ਰਹੇ ਹਾਂ।