
ਮੁੱਖ ਮੰਤਰੀ ਵਲੋਂ 750 ਪੇਂਡੂ ਸਟੇਡੀਅਮਾਂ ਦੇ ਨਿਰਮਾਣ ਕਾਰਜ ਦੀ ਵਰਚੁਅਲ ਸ਼ੁਰੂਆਤ
12 ਐਂਬੂਲੈਂਸਾਂ ਨੂੰ ਝੰਡੀ ਦਿਖਾਈ
ਚੰਡੀਗੜ੍ਹ, 2 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਕਰਵਾਰ ਨੂੰ ਡਿਜੀਟਲ ਵਿਧੀ ਰਾਹੀਂ ਐਂਬੂਲੈਂਸਾਂ ਦੀ ਫ਼ਲੀਟ ਨੂੰ ਝੰਡੀ ਦਿਖਾਉਣ ਤੋਂ ਇਲਾਵਾ ਸੂਬਾ ਭਰ ਵਿਚ 750 ਪੇਂਡੂ ਸਟੇਡੀਅਮਾਂ/ਖੇਡ ਮੈਦਾਨਾਂ ਦੇ ਨਿਰਮਾਣ ਕਾਰਜ ਦੀ ਵਰਚੁਅਲ ਸ਼ੁਰੂਆਤ ਕਰਨ ਅਤੇ ਆਰਥਕ ਤੌਰ 'ਤੇ ਕਮਜ਼ੋਰ ਤਬਕਿਆਂ ਦੇ ਮਾਲੀ ਹੱਕਾਂ ਲਈ ਇਕ ਐਮ.ਓ.ਯੂ. ਉੱਤੇ ਸਹੀ ਪਾਈ ਜਿਸ ਨਾਲ ਸੂਬੇ ਦੇ ਹੋਰ ਵਿਕਾਸ ਦਾ ਰਾਹ ਪਧਰਾ ਹੋਵੇਗਾ।
ਇਸ ਐਮ.ਓ.ਯੂ. ਉਤੇ ਸਥਾਨਕ ਸਰਕਾਰ ਵਿਭਾਗ ਅਤੇ ਸੈਂਟਰ ਫ਼ਾਰ ਪਾਲਿਸੀ ਰਿਸਰਚ, ਓਡੀਸ਼ਾ ਦਰਮਿਆਨ ਸਹੀ ਪਾਈ ਗਈ ਅਤੇ ਐਂਬੂਲੈਂਸਾਂ ਨੂੰ ਪਟਿਆਲਾ, ਜਲੰਧਰ ਅਤੇ ਲੁਧਿਆਣਾ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਅਤੇ ਪੇਂਡੂ ਖੇਤਰਾਂ ਦੀ ਨੁਹਾਰ ਬਦਲਣ ਦੀ ਸੂਬਾ ਸਰਕਾਰ ਦੀ ਰਣਨੀਤੀ ਤਹਿਤ ਪੇਂਡੂ ਖੇਤਰਾਂ ਵਿਚ 750 ਸਟੇਡੀਅਮਾਂ ਦਾ ਵਿਕਾਸ 105 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਜਿਸ ਨਾਲ ਸਾਡੇ ਸੂਬੇ ਦੀ ਨੌਜਵਾਨੀ ਵਿਚ ਮੌਜੂਦ ਅਥਾਹ ਊਰਜਾ ਨੂੰ ਸਕਾਰਾਤਮਕ ਪਾਸੇ ਕੇਂਦਰਤ ਕਰਨ ਵਿਚ ਮਦਦ ਮਿਲੇਗੀ। ਸਰਕਾਰ ਨੇ ਟੀਚਾ ਮਿਥਿਆ ਹੈ ਕਿ 2020-21 ਦੌਰਾਨ ਇਸ ਸਬੰਧੀ ਨਿਰਧਾਰਤ ਪ੍ਰਤੀ ਬਲਾਕ ਘੱਟੋ-ਘੱਟ ਪੰਜ ਸਟੇਡੀਅਮ ਉਸਾਰੇ ਜਾਣ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਪਿੰਡਾਂ ਵਿਚ ਨਵੇਂ ਉਸਾਰੇ ਜਾਣ ਵਾਲੇ ਇਨ੍ਹਾਂ ਸਟੇਡੀਅਮਾਂ ਦਾ ਨਾਂ ਉਘੇ ਖਿਡਾਰੀਆਂ ਦੇ ਨਾਵਾਂ ਉੱਤੇ ਰਖਿਆ ਜਾਣਾ ਚਾਹੀਦਾ ਹੈ ਤਾਂ ਜੋ ਸਾਡੀ ਨੌਜਵਾਨ ਪਨੀਰੀ ਨੂੰ ਕੌਮੀ ਅਤੇ ਕੌਮਾਂਤਰੀ ਦੋਵਾਂ ਪੱਧਰਾਂ 'ਤੇ ਖੇਡਾਂ ਵਿਚ ਨਾਮਣਾ ਖੱਟਣ ਦੀ ਪ੍ਰੇਰਨਾ ਮਿਲ ਸਕੇ। ਇਸ ਮੌਕੇ ਸੂਬੇ ਦੇ ਖੇਡ ਦੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਨ੍ਹਾਂ ਸਟੇਡੀਅਮਾਂ ਨਾਲ ਸੂਬੇ ਦੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ।