
ਅਜੇ ਭਵਿੱਖ ਦੀ ਬੁੱਕਲ ’ਚ
ਪਟਿਆਲਾ (ਦਲਜਿੰਦਰ ਸਿੰਘ) : ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿਚ ਜੋ ਘਟਨਾਕ੍ਰਮ ਵਾਪਰ ਰਹੇ ਹਨ, ਜਿਸ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪ੍ਰਧਾਨਗੀ ਤੋਂ ਅਸਤੀਫ਼ਾ ਦਿਤਾ ਗਿਆ ਸੀ। ਭਾਵੇਂ ਕਾਂਗਰਸ ਹਾਈਕਮਾਨ ਵਲੋਂ ਕਾਂਗਰਸ ਦੇ ਕਈ ਦੂਤ ਸਿੱਧੂ ਨੂੰ ਮਨਾਉਣ ਲਈ ਭੇਜੇ ਗਏ ਸਨ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਿੱਧੂ ਨੂੰ ਮਨਾਉਣ ਵਿਚ ਕਾਮਯਾਬ ਹੋ ਗਏ ਹਨ ਅਤੇ ਸਿੱਧੂ ਪ੍ਰਧਾਨਗੀ ਦੇ ਅਹੁਦੇ ’ਤੇ ਬਣੇ ਰਹਿਣਗੇ, ਦੇ ਲਈ ਰਾਜ਼ੀ ਵੀ ਹੋ ਗਏ ਹਨ।
CM Charanjit Singh Channi
ਕਾਂਗਰਸ ਹਾਈਕਮਾਨ ਵਲੋਂ ਇਸ ਲਈ ਤਿੰਨ ਮੈਂਬਰੀ ਪੈਨਲ ਬਣਾ ਦਿਤਾ ਗਿਆ ਹੈ ਇਸ ਪੈਨਲ ਨੇ ਨਵਜੋਤ ਸਿੰਘ ਸਿੱਧੂ ਵਲੋਂ ਰੱਖੇ ਗਏ ਮੁੱਦਿਆਂ ਨਾਲ ਸਹਿਮਤੀ ਪ੍ਰਗਟਾਈ ਹੈ। ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਸਤੀਫ਼ੇ ਤੋਂ ਬਾਅਦ ਦਿੱਲੀ ਵਿਖੇ ਮਾਰੇ ਗਏ ਭਲਵਾਈ ਗੇੜਾ ਮਾਰ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕਰ ਕੇ ਪੰਜਾਬ ਦੀ ਰਾਜਨੀਤੀ ਵਿਚ ਤਰਥਲੀ ਮਚਾ ਦਿਤੀ ਹੈ।
Navjot Sidhu
ਦਿੱਲੀ ਤੋਂ ਪਰਤੇ ਕੈਪਟਨ ਨੇ ਸਿੱਧੂ ਬਾਰੇ ਇਹ ਵੀ ਕਿਹਾ ਕਿ ਸਿੱਧੂ ਨੇ ਪੰਜਾਬ ਕਾਂਗਰਸ ਦਾ ਬੇੜਾ ਗਰਕ ਕਰ ਕੇ ਰੱਖ ਦਿਤਾ ਹੈ ਤੇ ਸਿੱਧੂ ਸਥਿਰ ਨਹੀਂ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਜਿਥੋਂ ਵੀ ਚੋਣ ਲੜੇਗਾ ਉਸ ਦੇ ਬਰਾਬਰ ਤਕੜਾ ਉਮੀਦਵਾਰ ਖੜਾ ਕਰ ਕੇ ਉਸ ਨੂੰ ਕਿਸੇ ਵੀ ਕੀਮਤ ’ਤੇ ਜਿੱਤਣ ਨਹੀਂ ਦਿਤਾ ਜਾਵੇਗਾ। ਕੈਪਟਨ ਵਲੋਂ ਕਹੀਆਂ ਇਨ੍ਹਾਂ ਗੱਲਾਂ ਦਾ ਪੰਜਾਬ ਵਾਸੀ ਕਿਆਸਰਾਈਆਂ ਲਗਾ ਕੇ ਕਈ ਤਰ੍ਹਾਂ ਦੇ ਮਤਲਬ ਕੱਢ ਰਹੇ ਹਨ।
CM Amarinder Singh
ਇਸ ਗੱਲ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ 2022 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ’ਤੇ ਸਿੱਧਾ ਅਸਰ ਪਵੇਗਾ ਕਿਉਂਕਿ ਇਸ ਵੇਲੇ ਕਾਂਗਰਸ ਅੰਦਰ ਚੱਲ ਰਿਹਾ ਭੂਚਾਲ ਚੋਣਾਂ ’ਤੇ ਸਿੱਧਾ ਪ੍ਰਭਾਵ ਪਾਵੇਗਾ। ਇਸ ਦੇ ਬਾਵਜੂਦ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਆਪ ਤੇ ਹੋਰ ਜਿਹੜੀਆਂ ਨਵੀਆਂ ਪਾਰਟੀਆਂ ਦਾ ਜਨਮ ਹੁਣ ਹੋਇਆ ਹੈ ਉਹ ਵੀ ਹੁਣ ਕਾਫੀ ਸਰਗਰਮ ਨਜ਼ਰ ਆ ਰਹੀਆਂ ਹਨ, ਜਦਕਿ ਕਾਂਗਰਸ ਦਾ ਕਾਟੋ ਕਲੇਸ਼ ਖ਼ਤਮ ਹੀ ਨਹੀਂ ਹੋ ਰਿਹਾ।
ਵੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਕੋਲ ਸਿਰਫ਼ ਤਿੰਨ ਮਹੀਨੇ ਤੋਂ ਵੀ ਘੱਟ ਦਾ ਸਮਾਂ ਹੇ ਅਤੇ ਪਿਛਲੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਮੁਤਾਬਕ ਵਾਅਦਿਆਂ ਦੀ ਕਤਾਰ ਹਾਲੇ ਬੜੀ ਲੰਮੀ ਹੈ, ਜਿਸ ਨੂੰ ਪੂਰਾ ਕੀਤੇ ਬਿਨਾ ਕਾਂਗਰਸ ਕੋਲ ਕੋਈ ਹੋਰ ਰਾਹ ਨਹੀਂ ਜਾਪਦਾ।