
ਭਰੋਸੇ ਦੇ ਮਤੇ 'ਤੇ ਚਰਚਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ 'ਆਪ੍ਰੇਸ਼ਨ ਲੋਟਸ' ਨੂੰ ਲੈ ਕੇ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਸਾਧਿ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਸੋਮਵਾਰ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਭਰੋਸਗੀ ਮਤਾ ਜਿੱਤ ਲਿਆ। ਮਤੇ ਦੇ ਹੱਕ ਵਿਚ 93 ਵੋਟਾਂ ਪਈਆਂ ਜਦਕਿ ਇਸ ਦੇ ਵਿਰੋਧ ਵਿਚ ਜ਼ੀਰੋ ਵੋਟ ਪਈ। ਇਸ ਦੌਰਾਨ ਅਕਾਲੀ-ਬਸਪਾ ਵੱਲੋਂ ਵੀ ਸਰਕਾਰ ਨੂੰ ਸਮਰਥਨ ਦਿੱਤਾ ਗਿਆ। ਹਾਲਾਂਕਿ ਕਾਂਗਰਸੀ ਵਿਧਾਇਆਂ ਨੇ ਸਦਨ ਦਾ ਬਾਈਕਾਟ ਕਰ ਦਿੱਤਾ। ਇਸ ਤੋਂ ਪਹਿਲਾਂ ਭਰੋਸੇ ਦੇ ਮਤੇ 'ਤੇ ਚਰਚਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ 'ਆਪ੍ਰੇਸ਼ਨ ਲੋਟਸ' ਨੂੰ ਲੈ ਕੇ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਸਾਧਿਆ ਅਤੇ ਉਸ 'ਤੇ ਛੇ ਮਹੀਨੇ ਪੁਰਾਣੀ ਸਰਕਾਰ ਨੂੰ ਡੇਗਣ ਦੇ ਇਲਜ਼ਾਮ ਲਗਾਏ। ਮੁੱਖ ਮੰਤਰੀ ਭਗਵੰਤ ਮਾਨ ਨੇ 27 ਸਤੰਬਰ ਨੂੰ ਸਦਨ ਵਿਚ ਭਰੋਸੇ ਦਾ ਮਤਾ ਪੇਸ਼ ਕੀਤਾ ਸੀ।
'ਆਪ' ਵਿਧਾਇਕ ਸ਼ੀਤਲ ਅੰਗੂਰਾਲ ਨੇ ਸੋਮਵਾਰ ਨੂੰ ਚਰਚਾ ਸ਼ੁਰੂ ਕੀਤੀ। ਬਹਿਸ ਸ਼ੁਰੂ ਹੁੰਦੇ ਹੀ ਕਾਂਗਰਸੀ ਵਿਧਾਇਕਾਂ ਨੇ ਸਪੀਕਰ ਤੋਂ ਮੰਗ ਕੀਤੀ ਕਿ ਸਿਫਰ ਕਾਲ ਦੌਰਾਨ ਉਹਨਾਂ ਨੂੰ ਬੋਲਣ ਅਤੇ ਮੁੱਦੇ ਉਠਾਉਣ ਦਾ ਸਮਾਂ ਦਿੱਤਾ ਜਾਵੇ। ਭਾਜਪਾ ਦੇ ਦੋ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਜੰਗੀ ਲਾਲ ਮਹਾਜਨ ਸੈਸ਼ਨ ਦਾ ਬਾਈਕਾਟ ਕਰ ਰਹੇ ਹਨ। ਉਹਨਾਂ ਨੇ 'ਆਪ' ਸਰਕਾਰ 'ਤੇ ਵਿਧਾਨ ਸਭਾ 'ਚ ਭਰੋਸੇ ਦਾ ਮਤਾ ਲਿਆ ਕੇ ਸੰਵਿਧਾਨ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ।
ਸ਼ੀਤਲ ਅੰਗੂਰਾਲ ਨੇ ਕਿਹਾ ਕਿ ਉਸ ਨੇ ਕਾਲ ਰਿਕਾਰਡਿੰਗ ਅਤੇ ਮੋਬਾਈਲ ਫੋਨ ਨੰਬਰਾਂ ਸਮੇਤ ਸਾਰੇ ਵੇਰਵੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੇ ਹਨ ਅਤੇ ਇਕ "ਸਟਿੰਗ" ਵੀ ਦਿੱਤਾ ਹੈ। ਅੰਗੂਰਾਲ ਨੇ ਦਾਅਵਾ ਕੀਤਾ ਕਿ ਜਿਹੜੇ ਲੋਕ ਸਟਿੰਗ ਵਿਚ ਉਹਨਾਂ ਨੂੰ ਮਿਲੇ ਸਨ, ਉਹਨਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਭਾਜਪਾ ਦੇ ਇਕ ਨੇਤਾ ਨਾਲ ਮੁਲਾਕਾਤ ਦਾ ਪ੍ਰਬੰਧ ਕਰਨਗੇ ਜੋ "ਸੌਦੇ ਨੂੰ ਅੰਤਿਮ ਰੂਪ ਦੇਣਗੇ।"
ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕਿ ਉਹ ਕੋਈ ਵੀ ਪੈਂਤੜਾ ਅਪਣਾ ਸਕਦੇ ਹਨ ਪਰ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਟੀਮ ਇਮਾਨਦਾਰ ਹੈ। ਆਪ ਵਿਧਾਇਕਾ ਬਲਜਿੰਦਰ ਕੌਰ ਨੇ ਵੀ 'ਆਪ੍ਰੇਸ਼ਨ ਲੋਟਸ' ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਾਇਆ ਕਿ ਭਾਜਪਾ ਸੋਚਦੀ ਹੈ ਕਿ ਉਹ 'ਪੈਸੇ ਦੀ ਤਾਕਤ' ਦੇ ਆਧਾਰ 'ਤੇ ਹਰ ਜਗ੍ਹਾ ਸਰਕਾਰ ਬਣਾ ਸਕਦੀ ਹੈ। ਉਹਨਾਂ ਕਿਹਾ, "ਪਹਿਲਾਂ ਦਿੱਲੀ ਅਤੇ ਹੁਣ ਪੰਜਾਬ ਵਿਚ ਭਾਜਪਾ ਦਾ ਅਪਰੇਸ਼ਨ ਅਸਫਲ ਹੋ ਗਿਆ ਹੈ"। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੋਮਵਾਰ ਨੂੰ ਭਰੋਸੇ ਦੇ ਮਤੇ 'ਤੇ ਚਰਚਾ ਲਈ ਦੋ ਘੰਟੇ ਦਾ ਸਮਾਂ ਦਿੱਤਾ ਸੀ।