
ਕਾਂਗਰਸ ਅਪਣੇ ਰੁਖ਼ ਤੇ ਕਾਇਮ ਅਤੇ ਹੰਗਾਮੇ ’ਚ ਹੀ ਖ਼ਤਮ ਹੋਵੇਗਾ ਇਹ ਸੈਸ਼ਨ
ਚੰਡੀਗੜ੍ਹ (ਭੁੱਲਰ): ਪੰਜਾਬ ਵਿਧਾਨ ਸਭਾ ਦੇ ਚਾਰ ਦਿਨ ਦਾ ਵਿਸ਼ੇਸ਼ ਸੈਸ਼ਨ ਦਾ 3 ਅਕਤੂਬਰ ਨੂੰ ਆਖ਼ਰੀ ਦਿਨ ਹੈ। ਪਿਛਲੇ ਤਿੰਨ ਦਿਨ ਤਾਂ ਇਹ ਸੈਸ਼ਨ ਸ਼ੋਰ ਸ਼ਰਾਬੇ ਤੇ ਹੰਗਾਮੇ ਦੀ ਭੇਂਟ ਚੜ੍ਹ ਗਿਆ ਅਤੇ ਕੁੱਝ ਕੁ ਬਿਲ ਪਾਸ ਹੋਣ ਬਿਨਾਂ ਪੰਜਾਬ ਦੇ ਕਿਸੇ ਮੁੱਦੇ ’ਤੇ ਬਹਿਸ ਨਹੀਂ ਹੋ ਸਕੀ। ਸੈਸ਼ਨ ਦੀ ਕਾਰਵਾਈ ਮੁੱਖ ਵਿਰੋਧੀ ਪਾਰਟੀ ਕਾਂਗਰਸ ਵਲੋਂ ਨਾ ਚਲਣ ਦਾ ਮੁੱਖ ਕਾਰਨ ਸਰਕਾਰ ਵਲੋਂ ਪੇਸ਼ ਭਰੋਸੇ ਦੀ ਵੋਟ ਦਾ ਮਤਾ ਹੈ। ਇਸ ਕਰ ਕੇ ਹੀ ਰਾਜਪਾਲ ਨੇ ਪਹਿਲਾਂ 22 ਸਤੰਬਰ ਦਾ ਇਕ ਦਿਨ ਦਾ ਸੈਸ਼ਨ ਗ਼ੈਰ ਸੰਵਿਧਾਨਕ ਮੰਨਦਿਆਂ ਰੱਦ ਕਰ ਦਿਤਾ ਸੀ।
27 ਸਤੰਬਰ ਨੂੰ ਕੁੱਝ ਭਖਦੇ ਮੁੱਦਿਆਂ ਦਾ ਏਜੰਡਾ ਤੈਅ ਕਰ ਕੇ ਸਰਕਾਰ ਨੇ ਮੁੜ ਸੈਸ਼ਨ ਸੱਦਿਆ ਪਰ ਇਸ ਵਿਚ ਵੀ ਸੱਭ ਤੋਂ ਪਹਿਲਾਂ ਹੀ ਭਰੋਸੇ ਦੇ ਵੋਟ ਦਾ ਮਤਾ ਆਉਣ ਕਾਰਨ ਕਾਂਗਰਸ ਨੇ ਵਿਘਨ ਪਾਉਣ ਲਈ ਹੰਗਾਮਾ ਸ਼ੁਰੂ ਕਰ ਦਿਤਾ। ਇਕ ਵਾਰ ਤਾਂ ਸਪੀਕਰ ਨੂੰ ਸਾਰੇ ਕਾਂਗਰਸੀ ਵਿਧਾਇਕ ਸਦਨ ਵਿਚੋਂ ਚਲਦੇ ਸੈਸ਼ਨ ਵਿਚ ਮੁਅੱਤਲ ਵੀ ਕਰਨੇ ਪਏ ਪਰ ਇਸ ਦੇ ਬਾਵਜੂਦ ਕਾਂਗਰਸ ਨੇ ਫਿਰ ਮੰਤਰੀ ਸਰਾਰੀ ਦੀ ਬਰਖ਼ਾਸਤਗੀ ਦਾ ਮੁੱਦਾ ਉਠਾ ਕੇ ਕਾਰਵਾਈ ਵਿਚ ਵਿਘਨ ਪਾ ਕੇ ਹੰਗਾਮਾ ਤੀਜੇ ਦਿਨ ਵੀ ਲਗਾਤਾਰ ਕਾਰਵਾਈ ਖ਼ਤਮ ਹੋਣ ਤਕ ਜਾਰੀ ਰਖਿਆ। ਹੁਣ ਸੱਭ ਨਜ਼ਰਾਂ ਸੈਸ਼ਨ ਦੇ ਆਖ਼ਰੀ ਦਿਨ 3 ਅਕਤੂਬਰ ਉਪਰ ਹੀ ਟਿਕੀਆਂ ਹਨ। ਇਸ ਦਿਨ ਦੀ ਕਾਰਵਾਈ ਦੋ ਧਿਆਨ ਦਿਵਾਉ ਮਤਿਆਂ ਤੋਂ ਬਾਅਦ ਮੁੱਖ ਤੌਰ ’ਤੇ ਮੁੱਖ ਮੰਤਰੀ ਵਲੋਂ ਪਹਿਲੇ ਦਿਨ ਪੇਸ਼ ਭਰੋਸੇ ਦੀ ਵੋਟ ਦੇ ਮਤੇ ਉਪਰ ਬਹਿਸ ਹੋਣੀ ਹੈ ਅਤੇ ਇਸ ਤੋਂ ਬਾਅਦ ਮਤੇ ਉਪਰ ਵੋਟਿੰਗ ਹੋਣੀ ਹੈ।
ਕਾਂਗਰਸ ਇਸ ਮਤੇ ਦੇ ਵਿਰੋਧ ਲਈ ਅਪਣੇ ਰੁਖ਼ ’ਤੇ ਕਾਇਮ ਹੈ ਤੇ ਮੁੜ ਇਸ ਮਤੇ ’ਤੇ ਬਹਿਸ ਸ਼ੁਰੂ ਹੋਣ ਸਮੇਂ ਸੱਤਾਧਿਰ ਅਤੇ ਵਿਰੋਧੀਆਂ ਵਿਚ ਟਕਰਾਅ ਪੈਂਦਾ ਹੋਣ ਦੇ ਪੂਰੇ ਆਸਾਰ ਹਨ। ਇਸ ਤਰ੍ਹਾਂ ਇਸ ਸੈਸ਼ਨ ਦਾ ਅੰਤ ਵੀ ਸ਼ੋਰ ਸ਼ਰਾਬੇ ਤੇ ਹੰਗਾਮੇ ’ਚ ਹੀ ਹੋਵੇਗਾ ਭਾਵੇਂ ਕਿ ਕਾਂਗਰਸ ਨੂੰ ਸਦਨ ਵਿਚੋਂ ਬਾਹਰ ਕਰ ਕੇ ਸੱਤਾਧਿਰ 92 ਵਿਧਾਇਕਾਂ ਦੇ ਵੱਡੇ ਬਹੁਮਤ ਕਾਰਨ ਭਰੋਸੇ ਦਾ ਵੋਟ ਹਾਸਲ ਕਰ ਲਵੇਗੀ। ਅੱਜ ਸੈਸ਼ਨ ਦੇ ਆਖ਼ਰੀ ਦਿਨ ਦੀ ਕਾਰਵਾਈ ਵਿਚ ਭਰੋਸੇ ਦੀ ਵੋਟ ਦੇ ਮਤੇ ਤੋਂ ਪਹਿਲਾਂ ‘ਆਪ’ ਦੀ ਵਿਧਾਇਕ ਨਰਿੰਦਰ ਕੌਰ ਭਾਰਜ ਵਲੋਂ ਸੂਬੇ ਦੇ ਫ਼ਾਇਰ ਸਟੇਸ਼ਨਾਂ ’ਚ ਸਟਾਫ਼ ਅਤੇ ਸਾਜ਼ੋ ਸਾਮਾਨ ਦੀ ਕਮੀ ਅਤੇ ਅਕਾਲੀ ਦਲ ਦੇ ਡਾ. ਸੁਖਵਿੰਦਰ ਕੁਮਾਰ ਸੁੱਖੀ ਵਲੋਂ ਧਿਆਨ ਦਿਵਾਉ ਮਤਿਆਂ ਰਾਹੀਂ ਅਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਕੱਟਣ ਦੀ ਗੰਭੀਰ ਸਮੱਸਿਆ ਦੇ ਮੁੱਦੇ ਉਠਾਏ ਜਾਣਗੇ।