ਪ੍ਰਕਾਸ਼ ਸਿੰਘ ਬਾਦਲ ਨੇ ਧਰਮ ਨੂੰ ਅਪਣੇ ਪੈਰਾਂ ਹੇਠ ਰੋਲ ਕੇ ਰੱਖ ਦਿਤਾ - ਜਗਦੀਸ਼ ਸਿੰਘ ਝੀਂਡਾ 
Published : Oct 3, 2022, 1:32 pm IST
Updated : Oct 3, 2022, 1:32 pm IST
SHARE ARTICLE
Jagdish Singh Jhinda
Jagdish Singh Jhinda

 ਵੋਟ ਤੇ ਨੋਟ ਦੀ ਸਿਆਸਤ ਕਰਦੇ ਰਹੇ ਬਾਦਲ, ਨਾ ਧਰਮ ਦੀ ਪਰਵਾਹ, ਨਾ ਸਿੱਖੀ ਦੀ, ਨਾ ਗੁਰੂ ਘਰਾਂ ਦੀ 

 

ਸੁਪਰੀਮ ਕੋਰਟ ਦਾ ਫ਼ੈਸਲਾ ਆ ਚੁੱਕਾ ਹੈ ਤੇ ਸਰਬਉੱਚ ਅਦਾਲਤ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ’ਤੇ ਮੋਹਰ ਲਗਾ ਦਿਤੀ ਹੈ। ਇਸੇ ਦੌਰਾਨ ਪੰਥਕ ਸਿਆਸਤ ’ਚ ਘਟਨਾਕ੍ਰਮ ਤੇਜ਼ੀ ਨਾਲ ਬਦਲਦੇ ਚਲੇ ਗਏ। ਸਿੱਖਾਂ ’ਚ ਵੰਡੀਆਂ ਪਾਉਣ, ਪੰਥ ਦੇ ਦੋਫ਼ਾੜ ਹੋਣ ਅਤੇ ਸਰਬਉੱਚ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਰਗੇ ਬਿਆਨ ਆਉਣੇ ਸ਼ੁਰੂ ਹੋ ਗਏ। 

ਮਸਲਾ ਗੰਭੀਰ ਹੈ ਤੇ ਪੰਥਕ ਹੋਣ ਕਰ ਕੇ ਇਸ ਦਾ ਹੱਲ ਸਹਿਜਤਾ, ਸੰਜਮ ਅਤੇ ਸੂਝ ਦੀ ਮੰਗ ਕਰਦਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ੁਰੂਆਤ ਤੋਂ ਇਸ ਤਾਜ਼ਾ ਘਟਨਾਕ੍ਰਮ ’ਚ ਜੁੜੇ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨਾਲ ਪ੍ਰਬੰਧਕੀ ਸੰਪਾਦਕ ਨਿਮਰਤ ਕੌਰ ਨਾਲ ਸਪੋਕਸਮੈਨ ਦੇ ਸਟੂਡੀਓ ‘ਚ ਹੋਈ ਵਿਸਥਾਰਤ ਗੱਲਬਾਤ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। 

ਸਵਾਲ : ਤੁਸੀਂ ਇਕ ਵੱਡੀ ਲੜਾਈ ਲੜੀ, ਪਰ ਇਹ ਲੜਾਈ ਲੜਨ ਦੀ ਲੋੜ ਕਿਉਂ ਪਈ?
ਇਸ ਦੇ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਹਨ। 2004 ’ਚ ਅਸੀਂ 11 ਵਿਚੋਂ 7 ਮੈਂਬਰ ਚੁਣ ਕੇ ਗਏ ਐੱਸ.ਜੀ.ਪੀ.ਸੀ. ‘ਚ ਤੇ ਜਦੋਂ ਅਸੀਂ ਹਰਿਆਣਾ ਦੇ ਸਿੱਖਾਂ ਦੀਆਂ ਮੁਸ਼ਕਲਾਂ ਹਾਊਸ ’ਚ ਰੱਖੀਆਂ ਤਾਂ ਸਾਨੂੰ ਜਵਾਬ ਮਿਲਿਆ ਕਿ ਹਰਿਆਣਾ ਦੇ ਮੈਂਬਰਾਂ ਨੂੰ ਰੁਪਈਆਂ ਦੀ ਭੁੱਖ ਹੈ ਤੇ ਇਹ ਰੁਪਈਏ ਮੰਗਣ ਆਉਂਦੇ ਹਨ। ਇਹ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦੇ ਲਫ਼ਜ਼ ਸਨ। ਪਰ ਅਸਲ ’ਚ ਮੁੱਢ ਉਦੋਂ ਬੱਝਾ ਜਦੋਂ 1996 ’ਚ 25 ਸਾਲਾਂ ਬਾਅਦ ਐੱਸ.ਜੀ.ਪੀ.ਸੀ. ਦੀਆਂ ਚੋਣਾਂ ਹੋਈਆਂ। ਮਾਨ ਦਲ ਨੇ ਕਰਨਾਲ ਹਲਕੇ ਤੋਂ ਮੈਨੂੰ ਉਮੀਦਵਾਰ ਚੁਣਿਆ ਤੇ ਰਘੂਜੀਤ ਸਿੰਘ ਵਿਰਕ ਨੂੰ ਅਕਾਲੀ ਦਲ ਬਾਦਲ ਨੇ ਉਮੀਦਵਾਰ ਵਜੋਂ ਉਤਾਰਿਆ।

65 ਹਜ਼ਾਰ ਕੁੱਲ ਵੋਟਾਂ ਵਾਲੇ ਇਸ ਹਲਕੇ ’ਚ ਚੋਣ ਪ੍ਰਚਾਰ ਦੌਰਾਨ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਡਰ ਲਗਿਆ ਕਿ ਉਨ੍ਹਾਂ ਦਾ ਉਮੀਦਵਾਰ ਹਾਰ ਜਾਵੇਗਾ ਤਾਂ ਉਨ੍ਹਾਂ ਬੈਲਟ ਪੇਪਰ ਬਦਲੀ ਕਰਵਾ ਦਿਤਾ। ਜਦੋਂ ਪੰਜਾਬ ਵਿਚ ਵੀ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦਾ ਉਮੀਦਵਾਰ ਹਾਰ ਰਿਹਾ ਹੈ ਤਾਂ ਉਹ ਉਥੇ ਵੀ ਅਜਿਹਾ ਕਰਦੇ ਰਹਿੰਦੇ ਹਨ। 65 ਹਜ਼ਾਰ ਵਿਚੋਂ 60 ਹਜ਼ਾਰ ਬੈਲਟ ਪੇਪਰ ਸਹੀ ਛਾਪੇ ਗਏ, ਪਰ ਸਾਜ਼ਿਸ਼ ਦੇ ਤੌਰ ’ਤੇ 5 ਹਜ਼ਾਰ ਬੈਲਟ ਪੇਪਰਾਂ ’ਚ ਸਾਡਾ ਚੋਣ ਨਿਸ਼ਾਨ ਘੋੜਾ ਰਘੂਜੀਤ ਸਿੰਘ ਵਿਰਕ ਦੇ ਨਾਂ ਅੱਗੇ ਛਾਪਿਆ ਗਿਆ ਅਤੇ ਉਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ ਮੇਰੇ ਨਾਂ ਅੱਗੇ ਕਰ ਦਿਤਾ ਗਿਆ, ਜਿਸ ਨਾਲ ਸੰਗਤ ਪ੍ਰੇਸ਼ਾਨ ਹੋ ਗਈ ਕਿ ਵੋਟ ਚੋਣ ਨਿਸ਼ਾਨ ’ਤੇ ਪਾਈ ਜਾਵੇ ਜਾਂ ਨਾਂ ’ਤੇ।

ਇਸ ਕਾਰਨ ਚੋਣ ਪ੍ਰਕਿਰਿਆ ਰੋਕ ਦਿਤੀ ਗਈ। ਮੈਂ 3700 ਵੋਟਾਂ ਨਾਲ ਅੱਗੇ ਚੱਲ ਰਿਹਾ ਸੀ। ਚੋਣ ਕਮਿਸ਼ਨ ਵਲੋਂ ਹੁਕਮ ਜਾਰੀ ਹੋਏ ਕਿ ਵਿਵਾਦ ਵਾਲੀਆਂ ਵੋਟਾਂ 8 ਦਿਨਾਂ ਬਾਅਦ ਦੁਬਾਰਾ ਪਾਈਆਂ ਜਾਣਗੀਆਂ। ਮਾਹੌਲ ਦੇਖ ਉਸ ਵੇਲੇ ਦੇ ਦਿੱਲੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਰਿਪੋਰਟ ਦਿਤੀ ਕਿ ਝੀਂਡਾ ਦੀ ਜਿੱਤ ਯਕੀਨੀ ਹੈ, ਤਾਂ ਬਾਦਲ ਨੇ ਚੋਣ ਕਮਿਸ਼ਨ ਦੇ ਚੇਅਰਮੈਨ ਜੋ ਕਿ ਉਨ੍ਹਾਂ ਦੇ ਰਿਸ਼ਤੇਦਾਰ ਸਨ, ਤੋਂ ਇਹ ਅਖਵਾ ਦਿਤਾ ਕਿ ਸਿਰਫ਼ 5 ਹਜ਼ਾਰ ਵੋਟ ਵਾਲੇ ਇਲਾਕੇ ਦੀਆਂ ਨਹੀਂ ਬਲਕਿ ਪੂਰੇ ਕਰਨਾਲ ਹਲਕੇ ਦੀਆਂ ਸਾਰੀਆਂ ਵੋਟਾਂ ਦੁਬਾਰਾ ਕਰਵਾਈਆਂ ਜਾਣਗੀਆਂ ਹਾਲਾਂਕਿ ਇਹ ਕਾਨੂੰਨੀ ਤੌਰ ’ਤੇ ਬਿਲਕੁਲ ਵੀ ਯੋਗ ਨਹੀਂ ਸੀ। 

ਸਵਾਲ : ਇਹੋ ਜਿਹਾ ਵਰਤਾਰਾ ਸਿਆਸਤ ਵਿਚ ਹੁੰਦਾ ਹੈ, ਪਰ ਗੁਰਦੁਆਰਿਆਂ ਦੀ ਸੰਭਾਲ ਤਾਂ ਇਕ ਕਿਸਮ ਦੀ ਸੇਵਾ ਹੀ ਹੁੰਦੀ ਹੈ। ਕੀ ਸੱਚਮੁੱਚ ਲੜਾਈ ਗੁਰੂ ਘਰਾਂ ਦੀ ਸੇਵਾ ਦੀ ਸੀ ਜਾਂ ਇਹ ਸਿਰਫ਼ ਗੋਲਕ ਦੀ ਹੀ ਸੀ?

ਮੈਂ ਉਸੇ ਗੱਲ ’ਤੇ ਆ ਰਿਹਾ ਹਾਂ ਕਿ ਇਹ ਧਾਰਮਕ ਚੋਣਾਂ ਸਨ। ਗੁਰੂ ਘਰਾਂ ਦੀ ਸੇਵਾ ਕਰਨੀ ਸੀ ਪਰ ਉਨ੍ਹਾਂ ਸਾਰੀ ਚੋਣ ਦੁਬਾਰਾ ਕਰਵਾਉਣ ਦਾ ਮਿੱਥ ਲਿਆ ਤਾਕਿ ਉਨ੍ਹਾਂ ਦਾ ਉਮੀਦਵਾਰ ਹਰ ਹੀਲੇ ਜਿੱਤੇ। ਸਾਰੀ ਚੋਣ ਦੁਬਾਰਾ ਕਰਵਾਉਣ ਕਰ ਕੇ ਅਸੀਂ ਚੰਡੀਗੜ੍ਹ ਚੋਣ ਕਮਿਸ਼ਨ ਕੋਲ ਪਹੁੰਚੇ ਤਾਂ ਉੱਥੇ ਸਾਨੂੰ ਅੰਦਰ ਵੜਦਿਆਂ ਹੀ ਸਵਾਲ ਹੋਇਆ ਕਿ ਕਿਸ ਤਰ੍ਹਾਂ ਆਏ ਹੋ? ਅਸੀਂ ਕਿਹਾ ਕਿ ਸਾਰੀ ਚੋਣ ਦੁਬਾਰਾ ਕਰਵਾਉਣਾ ਗ਼ੈਰ-ਕਾਨੂੰਨੀ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਤਾਕਤ ਹੈ ਅਤੇ ਮੈਂ ਫ਼ੈਸਲਾ ਕਰ ਚੁਕਿਆ ਹਾਂ ਅਤੇ ਜੇ ਤੁਸੀਂ ਚਾਹੋ ਤਾਂ ਹਾਈਕੋਰਟ ਜਾ ਸਕਦੇ ਹੋ।

ਅਸੀਂ ਕਰਨਾਲ ਵਿਖੇ ਸੰਗਤ ਦਾ ਇਕੱਠ ਕੀਤਾ ਤਾਂ 150 ਦੇ ਕਰੀਬ ਗੱਡੀਆਂ ਦਾ ਕਾਫ਼ਲਾ ਲੈ ਕੇ ਪ੍ਰਕਾਸ਼ ਸਿੰਘ ਬਾਦਲ ਉੱਥੇ ਪਹੁੰਚ ਗਏੇ। ਉਨ੍ਹਾਂ ਕਿਹਾ ਕਿ ਆਪਾਂ ਮਿਲ ਕੇ ਚਲਣਾ ਹੈ ਤੇ ਤੁਸੀਂ ਦੱਸੋ ਕੀ ਕਰਨਾ ਹੈ? ਹਾਂ-ਪੱਖੀ ਹੁੰਗਾਰਾ ਭਰਦੇ ਹੋਏ ਅਸੀਂ 11 ਮੈਂਬਰੀ ਕਮੇਟੀ ਦਾ ਗਠਨ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਅਪਣੇ ਮਿੱਤਰ ਚੌਧਰੀ ਦੇਵੀ ਲਾਲ ਦੇ ਜਵਾਈ ਚੌਧਰੀ ਮਹਿੰਦਰ ਸਿੰਘ ਲਾਥਰ ਤਕ ਪਹੁੰਚ ਕੀਤੀ ਕਿ ਉਹ ਕਿਸੇ ਵੀ ਤਰੀਕੇ ਝੀਂਡਾ ਨੂੰ ਮਨਾਉਣ। ਲਾਥਰ ਨੇ ਮੈਨੂੰ ਬੁਲਾ ਕੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਮਝੌਤਾ ਕਰਨਾ ਚਾਹੁੰਦੇ ਹਨ ਕਿ ਝੀਂਡਾ ਨਾਮਜ਼ਦ ਮੈਂਬਰ ਬਣ ਜਾਵੇ ਜਦ ਕਿ ਚੋਣ ਜਿੱਤਿਆ ਹੋਣ ਕਰ ਕੇ ਮੇਰੀ ਇਲੈਕਟਿਡ ਮੈਂਬਰ ਬਣਨ ਦੀ ਗੱਲ ਵੀ ਬਿਲਕੁਲ ਜਾਇਜ਼ ਸੀ।

ਮੇਰਾ ਸੁਝਾਅ ਸੀ ਕਿ ਸਾਰਾ ਹਾਊਸ ਬਾਦਲ ਧੜੇ ਦਾ ਹੈ ਤਾਂ ਇਹ ਅਪਣੇ ਉਮੀਦਵਾਰ ਨੂੰ ਨਾਮਜ਼ਦ ਕਰ ਲੈਣ। ਮੈਂ ਇਹ ਕਹਿ ਕੇ ਗੱਲ ਖ਼ਤਮ ਕਰ ਦਿਤੀ ਕਿ ਇਹ ਮੇਰਾ ਪ੍ਰਸਤਾਵ ਹੈ ਤੇ ਜੇ ਉਹ ਇਸ ’ਤੇ ਰਾਜ਼ੀ ਨਹੀਂ ਤਾਂ 11 ਮੈਂਬਰੀ ਕਮੇਟੀ ਫ਼ੈਸਲਾ ਲਵੇਗੀ। 11 ਮੈਂਬਰੀ ਕਮੇਟੀ ਨੇ ਕਿਹਾ ਕਿ ਜੇ ਦੁਬਾਰਾ ਚੋਣਾਂ ਹੋਈਆਂ ਤਾਂ ਮਾਹੌਲ ਖ਼ਰਾਬ ਹੋਵੇਗਾ। ਲੜਾਈ-ਝਗੜਾ ਹੋਵੇਗਾ ਤੇ ਹੋ ਸਕਦਾ ਹੈ ਕਿ ਬਾਦਲ ਧੜਾ ਕੋਈ ਧੱਕੇਸ਼ਾਹੀ ਕਰੇ ਅਤੇ ਚੰਗਾ ਹੋਵੇਗਾ ਕਿ ਆਪਾਂ ਚੋਣਾਂ ਦਾ ਬਾਈਕਾਟ ਕਰੀਏ ਤੇ ਹਰਿਆਣਾ ’ਚ ਕਿਸੇ ਕਿਸਮ ਦਾ ਖ਼ੂਨ-ਖਰਾਬਾ ਨਾ ਹੋਣ ਦੇਈਏ। ਹਾਲਾਂਕਿ, ਪ੍ਰਕਾਸ਼ ਸਿੰਘ ਬਾਦਲ ਅਪਣੇ ਵਰਕਰਾਂ ਨੂੰ ਇਹੀ ਕਹਿੰਦੇ ਰਹੇ ਕਿ ਝੀਂਡਾ ਬਾਈਕਾਟ ਨਹੀਂ ਕਰੇਗਾ ਤੇ ਜੇ ਉਹ ਕਿਸੇ ਵੀ ਸਮੇਂ ਚੋਣਾਂ ’ਚ ਉੱਤਰ ਆਇਆ ਤਾਂ ਅਪਣੇ ਲਈ ਮੁਸ਼ਕਲ ਹੋ ਜਾਵੇਗੀ, ਇਸ ਲਈ ਜਿੱਤ ਵਾਸਤੇ ਪੂਰਾ ਜ਼ੋਰ ਲਗਾ ਦਿਤਾ ਜਾਵੇ। ਚੋਣਾਂ ਦਾ ਨਤੀਜਾ ਆਇਆ ਤਾਂ ਰਘੂਜੀਤ ਸਿੰਘ ਵਿਰਕ ਨੂੰ ਇਕ ਵੀ ਵੋਟ ਦਾ ਫ਼ਰਕ ਨਾ ਪਿਆ। 

ਇਸ ਸਾਰੇ ਘਟਨਾਕ੍ਰਮ ਦੀ ਪੂਰੇ ਹਰਿਆਣਾ ’ਚ ਚਰਚਾ ਛਿੜ ਗਈ ਕਿਉਂਕਿ ਉਸ ਵੇਲੇ ਮੇਰੀ 40 ਸਾਲਾਂ ਦੀ ਉਮਰ ਸੀ ਅਤੇ ਸਾਰੇ ਹਰਿਆਣਾ ’ਚ ਇਹ ਚਰਚਾ ਹੋਈ ਕਿ ਸਾਡੇ ਨੌਜਵਾਨ ਨਾਲ ਧੱਕਾ ਹੋਇਆ ਹੈ। ਇਥੋਂ ਹੀ ਵਖਰੀ ਕਮੇਟੀ ਦਾ ਮੁੱਢ ਬੰਨਿ੍ਹਆ ਗਿਆ। ਘੱਟ ਗਿਣਤੀ ਹੋਣ ਕਰ ਕੇ ਸਾਨੂੰ ਪਹਿਲ ਮਿਲਣੀ ਚਾਹੀਦੀ ਸੀ ਕਿਉਂਕਿ ਪੰਜਾਬ ’ਚ ਅਕਾਲੀ ਦਲ ਦੀ ਸਰਕਾਰ ਹੋਣ ਕਰ ਕੇ ਪੰਜਾਬ ਅੰਦਰ ਬਹੁਤ ਸਹੂਲਤਾਂ ਸੀ। ਪਰ ਸਾਰੇ ਪੈਸੇ ਦਾ ਪੰਜਾਬ ਚਲੇ ਜਾਣਾ ਜਾਰੀ ਰਿਹਾ। ਹਰਿਆਣਾ ‘ਚ ਨਾ ਕੋਈ ਸਕੂਲ ਖੁੱਲ੍ਹਣਾ ਨਾ ਕੋਈ ਹਸਪਤਾਲ ਖੁੱਲ੍ਹਣਾ, ਨੌਕਰੀਆਂ ’ਚ ਮੌਕੇ ਨਾ ਮਿਲਣਾ, ਇਸ ਨੇ ਵੀ ਵਖਰੀ ਕਮੇਟੀ ਦੀ ਮੰਗ ਨੂੰ ਜ਼ੋਰ ਦਿਤਾ।  
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਧਰਮ ਦਾ ਨਿਸ਼ਾਨ ਸਾਹਿਬ ਉੱਚਾ ਤੇ ਸਿਆਸਤ ਦਾ ਝੰਡਾ ਨੀਵਾਂ ਕਰ ਕੇ ਜਿਹੜਾ ਸਿਧਾਂਤ ਦਰਸਾਇਆ ਸੀ, ਉਸ ਦੇ ਉਲਟ ਪ੍ਰਕਾਸ਼ ਸਿੰਘ ਬਾਦਲ ਨੇ ਧਰਮ ਨੂੰ ਅਪਣੇ ਪੈਰਾਂ ਹੇਠਾਂ ਰੋਲ ਕੇ ਰੱਖ ਦਿਤਾ।        

ਸਵਾਲ : ਤੁਹਾਡੀ ਲੜਾਈ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਤੇ ਵਿਚਾਰਧਾਰਾ ਦੇ ਖ਼ਿਲਾਫ਼ ਪ੍ਰਤੀਤ ਹੁੰਦੀ ਹੈ, ਪਰ ਜੋ ਪ੍ਰਤੀਕਿਰਿਆ ਆ ਰਹੀ ਹੈ ਉਸ ਮੁਤਾਬਕ ਕੀ ਤੁਹਾਡੀ ਜਿੱਤ ਸਿੱਖ ਪੰਥ ਦੀ ਹਾਰ ਨਹੀਂ? 

ਮੈਂ ਦੁਨੀਆ ‘ਚ ਵਸਦੇ ਸਿੱਖਾਂ ਨੂੰ ਇਹ ਗੱਲ ਕਹਿਣਾ ਚਾਹਾਂਗਾ ਕਿ ਉਦੋਂ ਵੀ ਸਾਡੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਟੁੱਟ ਜਾਣ ਦੇ ਇਲਜ਼ਾਮ ਲਗਦੇ ਰਹੇ। ਹਾਲਾਂਕਿ ਇਹ ਟੁੱਟਣ ਜਾਂ ਵੱਖ ਹੋਣ ਵਾਲੀਆਂ ਗੱਲਾਂ ਸਿਰਫ਼ ਸੰਗਤ ਨੂੰ ਗੁਮਰਾਹ ਕਰਨ ਦੀਆਂ ਸਾਜ਼ਸ਼ਾਂ ਦਾ ਹਿੱਸਾ ਹਨ। ਸਾਡੇ 5 ਤਖ਼ਤ ਹਨ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਸਿਰਫ਼ ਇਕ ਹੀ ਹੈ ਅਤੇ ਉਸ ਤੋਂ ਕੋਈ ਸਿੱਖ ਟੁੱਟ ਹੀ ਨਹੀਂ ਸਕਦਾ। 

ਸਵਾਲ : ਕੀ ਤੁਹਾਡੀ ਜੱਥੇਬੰਦੀ ਵਿਚ ਵੀ ਦਿੱਲੀ ਕਮੇਟੀ ਵਾਂਗ ਮੈਂਬਰ ਅਤੇ ਤਖ਼ਤ ਸਾਹਿਬਾਨ ਦੇ ਜੱਥੇਦਾਰਾਂ ਦੀ ਸ਼ਮੂਲੀਅਤ ਵਾਲੀ ਟੀਮ ਹੋਵੇਗੀ? 
ਸੁਖਬੀਰ ਬਾਦਲ ਅੱਜ-ਕੱਲ੍ਹ ਬੜਾ ਰੌਲਾ ਪਾ ਰਹੇ ਹਨ ਕਿ ਪੰਥ ਖ਼ਤਰੇ ’ਚ ਹੈ, ਪੰਥ ਟੁੱਟ ਗਿਆ, ਪੰਥ ਦੋਫ਼ਾੜ ਹੋ ਗਿਆ। ਪਰ ਮੈਂ ਸੁਖਬੀਰ ਨੂੰ ਪੁਛਣਾ ਚਾਹੁੰਦਾ ਹਾਂ ਕਿ ਤੁਸੀਂ ਪੰਥ ਬਚਣ ਕਿੱਥੇ ਦਿਤਾ ਹੈ? ਪੰਥ ਤਾਂ ਰਿਹਾ ਹੀ ਨਹੀਂ, ਤੁਸੀਂ ਨਾ ਸਿੱਖ ਰਹਿਣ ਦਿਤੇ, ਨਾ ਸਿੱਖੀ ਰਹਿਣ ਦਿਤੀ, ਨਾ ਸ੍ਰੀ ਅਕਾਲ ਤਖ਼ਤ ਸਾਹਿਬ ਰਹਿਣ ਦਿਤਾ। ਸ਼੍ਰੋਮਣੀ ਕਮੇਟੀ ’ਤੇ ਤੁਸੀਂ ਕਬਜ਼ਾ ਕਰ ਕੇ ਬੈਠ ਗਏ।

ਮੈਨੂੰ ਅੱਧੀ ਰਾਤ, ਨੂੰ 12 ਵਜੇ ਸਿੱਖ ਕੌਮ ਤੋਂ ਬਰਖ਼ਾਸਤ ਕੀਤਾ ਗਿਆ। ਇਹ ਗੱਲ ਮੈਂ ਤੇ ਰਾਮੂਵਾਲੀਆ ਦੋਵੇਂ ਠੋਕ ਕੇ ਕਹਿੰਦੇ ਹਾਂ ਕਿ ਅਸੀਂ ਉਨ੍ਹਾਂ ਪ੍ਰਵਾਰਾਂ ’ਚੋਂ ਹਾਂ ਜਿਨ੍ਹਾਂ ਨੇ ਨਨਕਾਣਾ ਸਾਹਿਬ ਲਈ ਕੁਰਬਾਨੀਆਂ ਦਿਤੀਆਂ। ਸੁਖਬੀਰ ਬਾਦਲ ਦੱਸੇ ਕਿ ਉਸ ਨੇ ਕਿੱਥੇ ਜਾ ਕੇ ਕਿਹੜੀ ਕੁਰਬਾਨੀ ਦਿਤੀ ਹੈ? ਚਾਬੀਆਂ ਹਾਸਲ ਕਰਨ ਵਾਲੇ ਸਾਡੇ ਭਰਾ ਅਤੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਮਾਲਕ ਕਿਵੇਂ ਬਣ ਕੇ ਬੈਠ ਗਏ? ਸੁਖਬੀਰ ਨੂੰ ਮੈਂ ਕਹਿੰਦਾ ਹਾਂ ਕਿ ਤੁਸੀਂ ਸ਼੍ਰੋਮਣੀ ਕਮੇਟੀ ਦੇ ਧਨ ਅਤੇ ਤਾਕਤ ਨੂੰ ਅੱਜ ਤਕ ਵਰਤਦੇ ਰਹੇ ਹੋ। ਤੁਸੀਂ ਅੱਜ ਤਕ ਵੋਟ ਤੇ ਨੋਟ ਦੀ ਰਾਜਨੀਤੀ ਕੀਤੀ ਹੈ। ਵਖਰੇ ਕਹਿਣ ਵਾਲੀ ਗੱਲ ਬਾਦਲਾਂ ਤੇ ਇਨ੍ਹਾਂ ਦੇ ਸਾਥੀਆਂ ਨੂੰ ਸੋਭਾ ਨਹੀਂ ਦਿੰਦੀ। 

ਸਵਾਲ : ਵਿਰੋਧੀ ਧਿਰ ਦਾ ਇਕ ਇਲਜ਼ਾਮ ਇਹ ਵੀ ਹੈ ਕਿ ਤੁਸੀਂ ਵਖਰੇ ਹੋ ਕੇ ਭਾਜਪਾ ਦੇ ਨਾਲ ਜੁੜ ਗਏ ਹੋ। 
ਮੇਰੇ ’ਤੇ ਕਾਂਗਰਸ ਅਤੇ ਦਾਦੂਵਾਲ ’ਤੇ ਭਾਜਪਾ ਨਾਲ ਮਿਲੇ ਹੋਣ ਦਾ ਇਲਜ਼ਾਮ ਲਗਾਇਆ ਗਿਆ। ਇਸੇ ਦੁੱਖ ਦੇ ਮਾਰੇ ਨੇ ਮੈਂ ਸੁਖਬੀਰ ਬਾਦਲ ਨੂੰ ਫ਼ੋਨ ਕੀਤਾ ਤੇ ਕਿਹਾ ਕਿ ਤੁਸੀਂ ਮੈਨੂੰ ਕਾਂਗਰਸ ਦਾ ਏਜੰਟ ਕਹਿੰਦੇ ਹੋ, ਦਾਦੂਵਾਲ ਨੂੰ ਭਾਜਪਾ ਦਾ ਏਜੈਂਟ ਕਹਿੰਦੇ ਹੋ। ਕਿਉਂ ਨਾ ਆਪਾਂ ਇਸ ਕੰਮ ਨੂੰ ਖ਼ਤਮ ਕਰੀਏ। ਸੁਖਬੀਰ ਨੇ ਕਿਹਾ ਕਿ ਕਿਵੇਂ? ਤਾਂ ਮੈਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਜਿਸ ਦਿਨ ਅਸੀਂ ਗੁਰੂ ਘਰਾਂ ਦਾ ਚਾਰਜ ਸੰਭਾਲਣਾ ਹੈ ਤਾਂ ਮੈਂ ਤੁਹਾਨੂੰ, ਐੱਸ.ਜੀ.ਪੀ.ਸੀ. ਤੇ ਹੋਰਨਾਂ ਪੰਥਕ ਧਿਰਾਂ ਨੂੰ ਨਿੱਜੀ ਤੌਰ ’ਤੇ ਬੇਨਤੀ ਕਰਾਂਗਾ ਕਿ ਤੁਸੀਂ ਅਪਣੇ ਹੱਥੀਂ ਸਾਨੂੰ ਇਹ ਕਾਰਜਭਾਰ ਸੌਂਪੋ

 ਜਿਸ ਨਾਲ ਦੁਨੀਆਂ ਨੂੰ ਇਕ ਸੁਨੇਹਾ ਜਾਵੇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਭਰਾ ਦਾ ਫ਼ਰਜ਼ ਨਿਭਾਉਂਦੇ ਹੋਏ ਹਰਿਆਣਾ ਕਮੇਟੀ ਨੂੰ ਸੇਵਾ ਸੰਭਾਲੀ। ਇਸ ਨਾਲ ਕਾਂਗਰਸ, ਭਾਜਪਾ, ‘ਆਪ’ ਜਾਂ ਕਿਸੇ ਹੋਰ ਸਿਆਸੀ ਧੜੇ ਕੋਲ ਸਵਾਲ ਚੁੱਕਣ ਦੀ ਕੋਈ ਗੁੰਜਾਇਸ਼ ਹੀ ਨਹੀਂ ਬਚੇਗੀ। ਦੁਨੀਆ ਨੂੰ ਸੁਨੇਹਾ ਜਾਏਗਾ ਕਿ ਸਿਆਸੀ ਤੌਰ ’ਤੇ ਵਖਰੇਵੇਂ ਹੋ ਸਕਦੇ ਹਨ ਪਰ ਧਾਰਮਕ ਤੌਰ ’ਤੇ ਸਿੱਖ ਬਿਲਕੁਲ ਇਕਜੁੱਟ ਹਨ। ਸੁਖਬੀਰ ਨੇ ਵਿਚਾਰ ਕਰਨ ਦੀ ਗੱਲ ਕਹੀ। ਮੈਂ ਦਲਜੀਤ ਸਿੰਘ ਚੀਮਾ ਤੇ ਹਰਜਿੰਦਰ ਸਿੰਘ ਧਾਮੀ ਨੂੰ ਵੀ ਇਕਜੁਟਤਾ ਦੇ ਪ੍ਰਗਟਾਵੇ ਦੀ ਬੇਨਤੀ ਕੀਤੀ।  

ਸਵਾਲ : ਜਿੱਤ ਕੇ ਵੀ ਨਾਲ ਚੱਲਣ ਦੀ ਐਨੀ ਕੋਸ਼ਿਸ਼ ਕਿਉਂ?
ਸਿਰਫ਼ ਪੰਥ ਨੂੰ ਇਕਠਿਆਂ ਦੇਖਣ ਵਾਸਤੇ। ਪ੍ਰਕਾਸ਼ ਸਿੰਘ ਬਾਦਲ ਮੇਰੇ ਲਈ ਪਿਤਾ ਬਰਾਬਰ ਹਨ, ਸੁਖਬੀਰ ਬਾਦਲ ਮੇਰੇ ਭਰਾਵਾਂ ਵਰਗਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਸੰਸਾਰ ਵੇਖੇ ਕਿ ਸਿੱਖਾਂ ਦੀ ਪਾਰਲੀਮੈਂਟ ਐੱਸ.ਜੀ.ਪੀ.ਸੀ. ਨੇ ਹਰਿਆਣਾ ਕਮੇਟੀ ਨੂੰ ਸਨਮਾਨ ਬਖ਼ਸ਼ਿਆ ਹੈ। ਉਨ੍ਹਾਂ ਦੇ ਇਕ ਲੀਡਰ ਨੂੰ ਮੈਂ ਅੱਜ ਵੀ ਹੱਥ ਜੋੜ ਕੇ ਬੇਨਤੀ ਕਰ ਕੇ ਆਇਆ ਹਾਂ।  

ਸਵਾਲ : ਇਸ ਦਾ ਮਤਲਬ ਅਸਲ ਲੜਾਈ ਹਰਿਆਣਾ ਤੋਂ ਪੰਜਾਬ ਪਹੁੰਚਣ ਵਾਲੀ ਗੋਲਕ ਦੀ ਰਕਮ ਦੀ ਹੀ ਹੈ?
ਹੁਣ ਨੀਯਤ ਜ਼ਾਹਿਰ ਹੋ ਚੁੱਕੀ ਹੈ। ਸਾਡਾ ਧਿਆਨ ਧਨ ’ਤੇ ਨਹੀਂ, ਪਰ ਉਨ੍ਹਾਂ ਦਾ ਜ਼ਰੂਰ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸੈਕਸ਼ਨ 1966 ਦੇ ਕਾਲਮ ਨੰ. 3 ਸੈਕਸ਼ਨ 72 ’ਚ ਇਹ ਸਾਫ਼ ਲਿਖਿਆ ਹੈ ਕਿ 3 ਅਦਾਰੇ ਪੰਜਾਬ ਤੇ ਹਰਿਆਣਾ ਦੇ ਇਕੱਠੇ ਹਨ, ਜਿਨ੍ਹਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ। ਹਰਿਆਣਾ ਨੇ ਹਿਸਾਰ ਵਿਖੇ ਖੇਤੀਬਾੜੀ ਯੂਨੀਵਰਸਟੀ ਸਥਾਪਤ ਕੀਤੀ, ਪੰਜਾਬ ਯੂਨੀਵਰਸਟੀ ਬਦਲੇ ਕੁਰੂਕਸ਼ੇਤਰ ਯੂਨੀਵਰਸਟੀ ਬਣਾਈ ਅਤੇ ਕਿਉਂ ਕਿ ਸਿੱਖਾਂ ਨੇ ਮੰਗ ਨਹੀਂ ਕੀਤੀ ਇਸ ਕਰ ਕੇ ਸ਼੍ਰੋਮਣੀ ਕਮੇਟੀ ਦੇ ਬਰਾਬਰ ਕੋਈ ਅਦਾਰਾ ਸਰਕਾਰ ਨੇ ਸਥਾਪਤ ਨਹੀਂ ਕੀਤਾ।  

ਸਵਾਲ : ਜੇਕਰ ਹਰਿਆਣਾ ਦੇ ਸਿੱਖਾਂ ਦੀ ਗੱਲ ਸੁਣੀ ਹੁੰਦੀ, ਤੇ ਪੈਸਾ ਪੰਜਾਬ ਲਿਆਉਣ ਦੀ ਬਜਾਏ ਹਰਿਆਣਾ ‘ਚ ਖ਼ਰਚਿਆ ਹੁੰਦਾ ਤਾਂ ਸ਼ਾਇਦ ਵਖਰੇ ਹੋਣ ਦੀ ਲੋੜ ਨਾ ਪੈਂਦੀ? 
ਮੈਂ ਪਹਿਲਾਂ ਇਹੀ ਗੱਲ ਆਖੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭੇਦਭਾਵ ਭਰੇ ਵਤੀਰੇ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਤਾਨਾਸ਼ਾਹੀ ’ਚੋਂ ਹੀ ਹਰਿਆਣਾ ਕਮੇਟੀ ਦਾ ਜਨਮ ਹੋਇਆ।  

ਸਵਾਲ : ਪਰ ਐਨੇ ਸਾਲ ਐਨੀ ਲੰਮੀ ਲੜਾਈ ਲੜਨ ਦੇ ਬਾਵਜੂਦ, ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਸ਼ਾਇਦ ਉਹ ਫਿਰ ਮੰਨ ਜਾਣ? 
ਮੈਂ ਅਪਣੀ ਪੱਗ ਪ੍ਰਕਾਸ਼ ਸਿੰਘ ਬਾਦਲ ਦੇ ਪੈਰਾਂ ’ਤੇ ਰੱਖਣ ਲਈ ਤਿਆਰ ਹਾਂ, ਸੁਖਬੀਰ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰ ਚੁੱਕਿਆ ਹਾਂ, ਉਨ੍ਹਾਂ ਦੀ ਪਾਰਟੀ ਦੇ ਹੋਰ ਲੀਡਰਾਂ ਨੂੰ ਬੇਨਤੀਆਂ ਕਰ ਚੁੱਕਿਆ ਹਾਂ। ਮੈਂ ਹੁਣ ਫਿਰ ਬੇਨਤੀ ਕਰਦਾ ਹਾਂ ਕਿ ਕੁਝ ਸੋਚੋ। ਆਉ ਦੁਨੀਆਂ ‘ਚ ਐਸੀ ਮਿਸਾਲ ਕਾਇਮ ਕਰੀਏ ਕਿ ਦੇਸ਼-ਦੁਨੀਆਂ ਨੂੰ ਪਤਾ ਲੱਗ ਜਾਵੇ ਕਿ ਸਿੱਖ ਕਦੇ ਵੰਡੇ ਨਹੀਂ ਜਾ ਸਕਦੇ। 

ਸਵਾਲ : ਤੁਸੀਂ ਜਿਸ ਨਿਮਰਤਾ ਨਾਲ ਗੱਲ ਕਰ ਰਹੇ ਹੋ, ਲੋਕ ਇਹ ਕਹਿਣਗੇ ਕਿ ਇਹ ਤਾਂ ਡਟਣ ਜਾਂ ਲੜਨ ਦੀ ਬਜਾਏ ਸਮਝੌਤੇ ਕਰਨ ਲਈ ਬੈਠੇ ਹਨ।
ਲੜਾਈ ਤਾਂ ਸੁਪਰੀਮ ਕੋਰਟ ਨੇ ਖ਼ਤਮ ਕਰ ਦਿਤੀ ਹੈ। ਸਾਨੂੰ ਸਾਡਾ ਹੱਕ ਮਿਲ ਗਿਆ ਹੈ। 

ਸਵਾਲ : ਇਹ ਦਸੋ ਕਿ ਜਦੋਂ ਸੁਪਰੀਮ ਕੋਰਟ ਨੇ ਫ਼ੈਸਲਾ ਕਰ ਦਿਤਾ ਫਿਰ ਤੁਹਾਡਾ ਤੇ ਦਾਦੂਵਾਲ ਦਾ ਪ੍ਰਧਾਨਗੀ ਦਾ ਮਸਲਾ ਕਿਵੇਂ ਖੜਾ ਹੋ ਗਿਆ? 
ਸ਼ਾਇਦ ਦਾਦੂਵਾਲ ਨੂੰ ਕਾਨੂੰਨ ਬਾਰੇ ਨਹੀਂ ਪਤਾ। 11 ਜੁਲਾਈ 2014 ’ਚ ਉਸ ਵੇਲੇ ਦੇ ਮੁੱਖ ਮੰਤਰੀ ਭਪਿੰਦਰ ਸਿੰਘ ਹੁੱਡਾ ਨੇ ਕਮੇਟੀ ਦਾ ਗਠਨ ਕੀਤਾ। ਬਾਕਾਇਦਾ ਕਮੇਟੀ ਜਨਰਲ ਹਾਊਸ ਦੇ 41 ਮੈਂਬਰ ਬਣਾਏ ਗਏ, ਐਕਟ ਅਨੁਸਾਰ ਜਿਨ੍ਹਾਂ ਨੇ 18 ਮਹੀਨਿਆਂ ’ਚ ਉਨ੍ਹਾਂ ਵੋਟਿੰਗ ਕਰਨ ਦਾ ਅਤੇ ਹਲਕੇ ਬਣਾਉਣ ਦਾ ਕੰਮ ਕਰਨਾ ਸੀ। 12 ਜੁਲਾਈ ਨੂੰ ਕੁਰੂਕਸ਼ੇਤਰ ਵਿਖੇ ਡੀ.ਸੀ. ਨੇ 41 ਮੈਂਬਰਾਂ ਨੂੰ ਸਹੁੰ ਚੁਕਾਈ। ਮੈਨੂੰ ਬਤੌਰ ਪ੍ਰਧਾਨ ਸਹੁੰ ਚੁਕਾਈ ਤੇ ਕਿਹਾ ਕਿ ਅਪਣੀ ਐਗਜ਼ੈਕਟਿਵ ਬਾਡੀ ਬਣਾ ਲਉ।

6 ਸਾਲ ਤਕ ਮੈਂ ਪ੍ਰਧਾਨ ਰਿਹਾ। ਅਚਾਨਕ ਮੈਂ ਬਹੁਤ ਜ਼ਿਆਦਾ ਬੀਮਾਰ ਹੋ ਗਿਆ ਤੇ ਮੈਂ ਅਪਣਾ ਅਸਤੀਫ਼ਾ ਭੇਜ ਦਿਤਾ। ਕਾਨੂੰਨ ਇਹ ਕਹਿੰਦਾ ਹੈ ਕਿ ਜੇ ਕੋਈ ਮੈਂਬਰ ਜਾਂ ਪ੍ਰਧਾਨ ਅਸਤੀਫ਼ਾ ਭੇਜਦਾ ਹੈ ਤਾਂ ਹਾਊਸ ਉਸ ਨੂੰ ਡੀ.ਸੀ. ਕੋਲ ਭੇਜੇਗਾ ਤੇ ਡੀ.ਸੀ. ਰਾਜਪਾਲ ਨੂੰ ਭੇਜੇਗਾ। ਰਾਜਪਾਲ ਕਮੇਟੀ ਦੀ ਬੈਠਕ ਬੁਲਾਵੇਗਾ ਤੇ ਹਾਊਸ ਵਲੋਂ ਨਵਾਂ ਪ੍ਰਧਾਨ ਚੁਣਿਆ ਜਾਵੇਗਾ। ਪਰ ਅਜਿਹਾ ਕੱੁਝ ਵੀ ਨਹੀਂ ਹੋਇਆ। ਹਾਊਸ ਨੇ ਅਸਤੀਫ਼ਾ ਅਪਣੇ ਕੋਲ ਰੱਖ ਕੇ ਚੋਣ ਕਰਵਾਈ, ਜਿਸ ਨੂੰ ਕਿ ਅੰਦਰੂਨੀ ਚੋਣ ਮੰਨਿਆ ਜਾਂਦਾ ਹੈ। ਵਕੀਲਾਂ ਦਾ ਵੀ ਇਹੀ ਕਹਿਣਾ ਹੈ ਕਿ ਇਹ ਗ਼ੈਰ-ਕਾਨੂੰਨੀ ਚੋਣ ਹੋਈ ਸੀ।  

ਸਵਾਲ : ਗੋਲਕ ਦੀ ਲੜਾਈ ’ਚ ਪੱਗਾਂ ਉੱਤਰਨ ਤਕ ਦੀ ਨੌਬਤ ਇਕ ਆਮ ਵਰਤਾਰਾ ਬਣ ਚੁੱਕਾ ਹੈ। ਕੀ ਹੁਣ ਹਰਿਆਣਾ ਵਿਚ ਵੀ ਇਹੀ ਕੁੱਝ ਹੋਵੇਗਾ?
ਮੈਂ ਤਾਂ ਦਾਦੂਵਾਲ ਨੂੰ ਲੋਕਤੰਤਰੀ ਪ੍ਰਕਿਰਿਆ ਨਾਲ ਚੱਲਣ ਦੀ ਗੱਲ ਕਹਿ ਚੁੱਕਾ ਹਾਂ ਕਿ 41 ਮੈਂਬਰੀ ਹਾਊਸ ਵਿਚੋਂ 4 ਦਾ ਦਿਹਾਂਤ ਹੋ ਗਿਆ, 1 ਨੇ ਅਸਤੀਫ਼ਾ ਦੇ ਦਿਤਾ ਅਤੇ ਬਚੇ 36 ਨੂੰ ਨਾਲ ਲੈ ਕੇ ਇਸ ਬਾਰੇ ਨਿਬੇੜਾ ਕਰ ਲੈਂਦੇ ਹਾਂ, ਪਰ ਉਹ ਇਹ ਵੀ ਸੁਣਨ ਨੂੰ ਤਿਆਰ ਨਹੀਂ। ਜੇ ਦਾਦੂਵਾਲ ਨੂੰ ਕਾਨੂੰਨ ਅਤੇ ਲੋਕਤੰਤਰ ਦੋਵਾਂ ’ਤੇ ਭਰੋਸਾ ਨਹੀਂ ਤਾਂ ਲੋਕ ਰਾਏ ਲੈ ਕੇ ਦੇਖ ਲੈਣ ਕਿ ਝੀਂਡਾ ਤੇ ਦਾਦੂਵਾਲ ਵਿਚੋਂ ਕਿਸ ਦਾ ਹੱਕ ਬਣਦਾ ਹੈ। 

ਸਵਾਲ : ਮੇਰਾ ਸਵਾਲ ਸਿਰਫ਼ ਇਹੀ ਹੈ ਕਿ ਬਦਲਾਅ ਕਿਵੇਂ ਆਵੇਗਾ? ਕੀ ਪੰਥਕ ਸਿਆਸਤ ਸਿਰਫ਼ ਗੋਲਕ ਤਕ ਸੀਮਤ ਹੋ ਕੇ ਰਹਿ ਗਈ ਹੈ? ਤੇ ਕੀ ਅਸੀਂ ਇਸ ਤੋਂ ਅੱਗੇ ਵਧ ਸਕਾਂਗੇ? 
ਨਹੀਂ, ਗੱਲ ਗੋਲਕਾਂ ਦੀ ਨਹੀਂ। ਮੈਂ ਬੇਨਤੀ ਕਰਾਂਗਾ ਕਿ ਗੋਲਕ ਦਾ ਨਾਂ ਵਾਰ-ਵਾਰ ਲੈ ਕੇ ਸਿੱਖ ਕੌਮ ’ਤੇ ਧੱਬਾ ਨਾ ਲਗਾਇਆ ਜਾਵੇ। ਗੁਰੂ ਘਰ ਦੀਆਂ ਗੋਲਕਾਂ ਦਾ ਪੈਸਾ ਸੰਗਤ ਦਾ ਹੈ, ਅਤੇ ਇਹ ਸੰਗਤ ’ਤੇ ਹੀ ਲੱਗਣਾ ਚਾਹੀਦਾ ਹੈ।

ਸਵਾਲ : ਤੁਸੀਂ ਕੀ ਬਦਲਾਅ ਲੈ ਕੇ ਆਉਗੇ?
ਮੇਰੀ ਪਹਿਲ ਰਹੇਗੀ ਕਿ ਅਸੀਂ 60 ਫ਼ੀ ਸਦੀ ਸਿੱਖਿਆ ’ਤੇ ਖ਼ਰਚ ਕਰੀਏ, 30 ਫ਼ੀ ਸਦੀ ਸਿਹਤ ਦੇ ਖੇਤਰ ’ਚ ਅਤੇ 10 ਫ਼ੀ ਸਦੀ ਨਾਲ ਲੰਗਰ ਅਤੇ ਇਮਾਰਤਾਂ ਦਾ ਕੰਮ ਚਲਾਇਆ ਜਾਵੇ।   

ਸਵਾਲ : ਪਰ ਕੀ ਗੁਰੂ ਘਰਾਂ ਨੂੰ ਸੰਗਮਰਮਰ ਨਾਲ ਭਰਨ ਦੀ ਪ੍ਰਥਾ ਤੁਸੀਂ ਵੀ ਜਾਰੀ ਰੱਖੋਗੇ?
ਸਾਡੀ ਬੇਨਤੀ ਹੋਵੇਗੀ ਕਿ ਗੁਰੂ ਘਰ ਦੀ ਪੁਰਾਤਨ ਨਿਸ਼ਾਨੀ ਕਾਇਮ ਰੱਖੀ ਜਾਵੇ।   

ਸਵਾਲ : ਪਰ ਬੇਨਤੀ ਕਿਉਂ? ਤੁਸੀਂ ਐਨੀ ਲੰਮੀ ਲੜਾਈ ਲੜੀ ਹੈ, ਅੱਜ ਤੁਹਾਡੇ ਕੋਲ ਤਾਕਤ ਹੈ ਤੇ ਸਾਦਗੀ ਭਰੇ ਸਾਡੇ ਧਰਮ ’ਚ ਜੋ ਗ਼ਲਤ ਚੀਜ਼ਾਂ ਹੋ ਰਹੀਆਂ ਹਨ, ਕੀ ਤੁਹਾਡੀ ਕਮੇਟੀ ਉਨ੍ਹਾਂ ਨੂੰ ਠੱਲ੍ਹ ਪਾਵੇਗੀ? ਗੁਰਦੁਆਰਿਆਂ ਨੂੰ ਸੰਗਮਰਮਰ ਦੀਆਂ ਪ੍ਰਦਰਸ਼ਨੀਆਂ ਬਣਾਉਣ ਵਾਲੀ ਕਾਰ ਸੇਵਾ ਨਾਲ ਜੋ ਨੁਕਸਾਨ ਹੋ ਰਿਹਾ ਹੈ, ਉਸ ਬਾਰੇ ਕੋਈ ਕੁੱਝ ਸੋਚੇਗਾ?

ਗੁਰੂਆਂ ਦੀ ਮਿਹਰ ਸਦਕਾ ਸਾਨੂੰ ਇਹ ਮੌਕਾ ਮਿਲਿਆ ਹੈ। ਡਾਇਲਸਿਸ ਸੈਂਟਰ ਅਤੇ ਲੈਬਾਰਟਰੀ ਅਸੀਂ ਪਹਿਲ ਦੇ ਆਧਾਰ ’ਤੇ ਖੋਲ੍ਹਾਂਗੇ। ਜੀਂਦ ਵਿਖੇ 700 ਏਕੜ ’ਚ ਯੂਨੀਵਰਸਟੀ ਸਥਾਪਤ ਕਰਾਂਗੇ। ਪੰਜਾਬੀ ਭਾਸ਼ਾ ਨੂੰ ਸਰਕਾਰੀ ਤੌਰ ’ਤੇ ਲਾਗੂ ਕਰਵਾਉਣ ਲਈ ਲੜਾਈ ਲੜਾਂਗੇ। ਸਿੱਖ ਧਰਮ ਨੂੰ ਵਖਰਾ ਧਰਮ ਨਾ ਮੰਨਣ ਵਾਲੇ ਐਕਟ ਬਾਰੇ ਪ੍ਰਧਾਨ ਮੰਤਰੀ ਨੂੰ ਵੀ ਲਿਖਾਂਗੇ। ਗੁਰੂ ਘਰਾਂ ਦੀਆਂ ਪੁਰਾਤਨ ਨਿਸ਼ਾਨੀਆਂ ਨੂੰ ਸਾਂਭਣ ਦੀ ਪਿਰਤ ਵੀ ਪਾਵਾਂਗੇ। 

ਸਵਾਲ : ਕੈਲੰਡਰ ਦਾ ਸਵਾਲ ਵੀ ਬੜਾ ਵੱਡਾ ਸਵਾਲ ਹੈ। ਤੁਸੀਂ ਕਿਹੜੇ ਕੈਲੰਡਰ ਅਨੁਸਾਰ ਚੱਲੋਗੇ?
ਇਹ ਵਿਵਾਦਤ ਸਵਾਲ ਹੈ। ਇਸ ਬਾਰੇ ਜ਼ਰੂਰ ਘੋਖ ਕਰਾਂਗੇ। 

ਸਵਾਲ : ਜਦੋਂ ਬਾਬਾ ਨਾਨਕ ਸਭ ਕੁਝ ਸਮਝਾ ਗਏ ਫਿਰ ਵੀ ਸਾਨੂੰ ਘੋਖ ਕਰਨ ਦੀ ਲੋੜ ਕਿਉਂ ਪੈਂਦੀ ਹੈ? 
ਇਸ ਬਾਰੇ ਲੰਮੇ ਸਮੇਂ ਤੋਂ ਚਰਚਾ ਛਿੜਦੀ ਰਹੀ ਹੈ, ਪਰ ਅਕਸਰ ਅੱਧੇ ਲੋਕ ਇਕ ਪਾਸੇ ਹੋ ਜਾਂਦੇ ਹਨ ਤੇ ਅੱਧੇ ਦੂਜੇ ਪਾਸੇ। ਇਸ ਦੇ ਕਿਸੇ ਚੰਗੇ ਹੱਲ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। 

ਸਵਾਲ : ਜਿਸ ਤਰੀਕੇ ਨਵੀਂ ਪੀੜ੍ਹੀ ਸਿੱਖੀ ਦੇ ਅਸਲ ਸਿਧਾਂਤਾਂ ਤੋਂ ਦੂਰ ਹੁੰਦੀ ਜਾ ਰਹੀ ਹੈ, ਉਸ ਬਾਰੇ ਕੁੱਝ ਵਿਚਾਰਿਆ ਹੈ?
ਇਸ ਵਿਸ਼ੇ ’ਤੇ ਕੁਝ ਨੌਜਵਾਨਾਂ ਨੇ ਮੁਲਾਕਾਤ ਕਰਨ ਦੀ ਗੱਲ ਆਖੀ ਸੀ ਤੇ ਮੈਂ ਇਹ ਕਿਹਾ ਸੀ ਕਿ ਆਪਾਂ ਹਰਿਆਣਾ ਦੇ ਸਿੱਖ ਨੌਜਵਾਨਾਂ ਦੀ ਕਾਨਫ਼ਰੰਸ ਕਰਾਂਗੇ, ਜਿਸ ‘ਚ ਨਸ਼ਿਆਂ ਦੀ ਰੋਕਥਾਮ ਅਤੇ ਸਿੱਖੀ ਪ੍ਰਚਾਰ ਬਾਰੇ ਪ੍ਰੋਗਰਾਮ ਬਣਾਏ ਜਾਣਗੇ। 

ਸਵਾਲ : ਤੁਹਾਡੀ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨਾਲ ਹੋਈ? 
ਨਹੀਂ ਮੇਰੀ ਗੱਲ ਨਹੀਂ ਹੋਈ। 7 ਤਰੀਕ ਨੂੰ ਹਰਿਆਣਾ ਕਮੇਟੀ ਤੇ ਹਰਿਆਣਾ ਸਰਕਾਰ ਵਲੋਂ ਸ਼ੁਕਰਾਨੇ ਵਜੋਂ ਗੁਰਦੁਆਰਾ ਨਾਢਾ ਸਾਹਿਬ ਵਿਖੇ ਅਖੰਡ ਪਾਠ ਸ਼ੁਰੂ ਕਰਵਾਏ ਜਾਣੇ ਹਨ। ਅਸੀਂ ਵੀ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ ਤੇ ਸਰਕਾਰ ਵੀ ਸ਼ੁਕਰਾਨਾ ਕਰਨਾ ਚਾਹੁੰਦੀ ਹੈ। 
ਸਵਾਲ : ਪਰ ਸਰਕਾਰ ਨੂੰ ਕਿਉਂ ਲੋੜ ਪੈ ਗਈ ਸ਼ੁਕਰਾਨਾ ਕਰਨ ਦੀ?
ਇਸ ਦਾ ਜਵਾਬ ਤਾਂ ਤੁਸੀਂ ਮੁੱਖ ਮੰਤਰੀ ਹਰਿਆਣਾ ਨੂੰ ਪੁੱਛੋ। 
ਸਵਾਲ : ਇਕ ਪਾਸੇ ਤਾਂ ਅਸੀਂ ਤੁਹਾਡੀ ਜਿੱਤ ਪਿੱਛੇ ਮੀਰੀ-ਪੀਰੀ ਦੀ ਸੋਚ ਹੋਣ ਦੀ ਗੱਲ ਕਹਿੰਦੇ ਹਾਂ, ਪਰ ਦੂਜੇ ਪਾਸੇ ਅੱਜ ਦੇ ਹਾਲਾਤ ਮੁਤਾਬਕ ਕੀ ਸਿਆਸਤ ਦੀ ਦਖਲਅੰਦਾਜ਼ੀ ਬਿਨਾਂ ਧਰਮ ਠੀਕ ਰਹਿ ਸਕੇਗਾ? ਹਾਲਾਂਕਿ ਸਿਆਸਤ ਦੇ ਦਖ਼ਲ ਨੇ ਸਾਡਾ ਬਹੁਤ ਨੁਕਸਾਨ ਵੀ ਕੀਤਾ ਹੈ। 

ਕੁੱਝ ਦਿਨ ਪਹਿਲਾਂ ਹਰਿਆਣਾ ਨਿਵਾਸ ’ਚ ਮੈਂ ਮੁੱਖ ਮੰਤਰੀ ਹਰਿਆਣਾ ਦਾ ਧਨਵਾਦ ਕਰਨ ਗਿਆ ਸੀ। ਉੱਥੇ 400-500 ਦੀ ਗਿਣਤੀ ’ਚ ਸੰਗਤ ਦੇ ਇਕੱਠ ’ਚ ਉਹ ਕਹਿਣ ਲੱਗੇ ਕਿ ਝੀਂਡਾ ਜੀ ਅਪਣੇ ਵਿਚਾਰ ਰੱਖਣਗੇ। ਤਾਂ ਅਪਣੀ ਗੱਲ ਰੱਖਦਿਆਂ ਮੈਂ ਕਿਹਾ ਕਿ 1925 ‘ਚ ਜਦੋਂ ਐਕਟ ਬਣਿਆ ਸੀ ਤਾਂ ਉਸ ਵੇਲੇ ਡੇਰਾਵਾਦ ਤੇ ਮਸੰਦਾਂ ਨੇ ਅੱਤ ਚੁੱਕੀ ਹੋਈ ਸੀ ਅਤੇ ਉਨ੍ਹਾਂ ਹੱਥੋਂ ਗੁਰੂ ਘਰਾਂ ਦੀ ਅਜ਼ਾਦੀ ਵਾਸਤੇ ਸ਼੍ਰੋਮਣੀ ਕਮੇਟੀ ਦਾ ਜਨਮ ਹੋਇਆ।

ਸੋ ਇਸ ਗੱਲ ਵੱਲ ਧਿਆਨ ਦਿਉ ਕਿ ਉਹ ਦੌਰ ਦੁਬਾਰਾ ਨਾ ਆ ਜਾਵੇ। ਦੂਜਾ, ਮੈਂ ਉਨ੍ਹਾਂ ਨੂੰ ‘ਰਾਜ ਬਿਨਾਂ ਨਹੀਂ ਧਰਮ ਚਲੇ ਹੈਂ, ਧਰਮ ਬਿਨਾਂ ਸਭ ਦਲੇ ਮਲੇ ਹੈਂ’ ਵਾਲਾ ਦੋਹਾ ਪੜ੍ਹ ਕੇ ਸੁਣਾਇਆ।  ਸਾਡੇ ਗੁਰੂ ਮਹਾਰਾਜ ਜੀ ਨੇ ਵੀ ਇਹ ਗੱਲ ਕਹੀ ਕਿ ਰਾਜ ਬਿਨਾਂ ਧਰਮ ਨਹੀਂ ਚੱਲ ਸਕਦਾ। ਪਰ ਨਾਲ ਹੀ ਛੇਵੇਂ ਪਾਤਸ਼ਾਹ ਜੀ ਨੇ ਇਹ ਵੀ ਸਮਝਾਇਆ ਕਿ ਧਰਮ ਉੱਤੇ ਰਹੇਗਾ ਅਤੇ ਰਾਜ ਉਸ ਤੋਂ ਹੇਠਾਂ ਰਹੇਗਾ।      

ਸਵਾਲ : ਤੁਹਾਡੇ ਸਾਹਮਣੇ ਕੋਈ ਅਜਿਹਾ ਫ਼ੈਸਲਾ ਹੋਇਆ ਜਿਸ ਨਾਲ ਧਰਮ ਨੂੰ ਨੁਕਸਾਨ ਹੋਇਆ?
ਪ੍ਰਕਾਸ਼ ਸਿੰਘ ਬਾਦਲ ਅੱਜ ਤਕ ਅਜਿਹੇ ਹੀ ਫ਼ੈਸਲੇ ਲੈਂਦੇ ਰਹੇ ਹਨ। ਉਨ੍ਹਾਂ ਨੇ ਕਦੇ ਇਹ ਸੋਚਿਆ ਹੀ ਨਹੀਂ ਕਿ ਇਥੇ ਧਰਮ ਨੂੰ ਨੁਕਸਾਨ ਹੋਵੇਗਾ ਜਾਂ ਇਥੇ ਸਿੱਖੀ ਨੂੰ ਨੁਕਸਾਨ ਹੋ ਰਿਹਾ ਹੈ। 

ਸਵਾਲ : ਕੋਈ ਇਕ ਫ਼ੈਸਲਾ ਜੋ ਤੁਹਾਨੂੰ ਬਹੁਤ ਦੁਖ ਦੇ ਗਿਆ ਹੋਵੇ? 
ਮੈਨੂੰ ਇਸ ਤੋਂ ਵੱਡਾ ਦੁਖ ਹੋਰ ਕੀ ਹੋਵੇਗਾ ਕਿ ਮੇਰਾ ਵਖਰੀ ਕਮੇਟੀ ਮੰਗਣਾ ਉਨ੍ਹਾਂ ਨੂੰ ਤਕਲੀਫ਼ ਦਿੰਦਾ ਸੀ ਅਤੇ ਇਸ ਕਰ ਕੇ ਮੈਨੂੰ ਪੰਥ ਵਿਚੋਂ ਕਢਵਾ ਦਿਤਾ। ਮੈਨੂੰ ਪੰਜ ਤਖ਼ਤਾਂ ਦੇ ਜੱਥੇਦਾਰਾਂ ਨੇ ਸੇਵਾ ਲਗਾਈ ਤਾਂ ਮੈਂ ਜਥੇਦਾਰ ਗੁਰਬਚਨ ਸਿੰਘ ਨੂੰ ਕਿਹਾ ਕਿ ਸਾਡਾ ਦੋਸ਼? ਤੇ ਉਨ੍ਹਾਂ ਕਿਹਾ ਸੀ ਕਿ ਮੇਰੇ ਵੱਸ ਦੀ ਗੱਲ ਨਹੀਂ। (ਹੱਸਦੇ ਹੋਏ) ਇਸ ਤੋਂ ਵੱਧ ਦੁਖ ਕੀ ਹੋਵੇਗਾ? ਜਥੇਦਾਰ ਜੀ ਨੇ ਹਰਿਮੰਦਰ ਸਾਹਿਬ ਦੀ ਹਦੂਦ ਅੰਦਰ, ਗੁਰੂ ਨਾਨਕ ਦੇਵ ਸਰਾਂ ਦੇ ਸਾਹਮਣੇ ਇਹ ਗੱਲ ਕਹੀ। 

ਸਵਾਲ : ਬੇਨਤੀ ਹੈ ਕਿ ਗੁਰੂ  ਘਰਾਂ ਵਿਚ ਵੀ.ਆਈ.ਪੀ. ਲਾਈਨ ਦਾ ਲਗਣਾ ਅਤੇ ਡਾਂਗਾਂ ਵਾਲੇ ਸੇਵਾਦਾਰਾਂ ਦਾ ਖਲੋਣਾ ਵੀ ਬੰਦ ਹੋਵੇ। 

ਕੱਲ ਗੁਰਦੁਆਰਾ ਦਸਵੀਂ ਪਾਤਸ਼ਾਹੀ ਸਿਰਸਾ ਵਿਖੇ ਸਾਡੀ ਬੈਠਕ ਸੀ ਅਤੇ ਜਦੋਂ ਮੈਂ ਲੰਗਰ ਛਕਣ ਬੈਠਿਆ ਤਾਂ ਮੈਨੇਜਰ ਨੇ ਆ ਕੇ ਕਿਹਾ ਕਿ ਜੀ ਆਉ ਕਮਰੇ ’ਚ ਬੈਠ ਕੇ ਲੰਗਰ ਛਕੋ। ਮੈਂ ਉੱਥੇ ਬੈਠੀ ਸਾਰੀ ਸੰਗਤ ਵੱਲ ਇਸ਼ਾਰਾ ਕਰ ਕੇ ਬੇਨਤੀ ਕੀਤੀ ਕਿ ਕੀ ਤੁਸੀਂ ਇਨ੍ਹਾਂ ਸਾਰਿਆਂ ਨੂੰ ਕਮਰੇ ’ਚ ਬਿਠਾ ਕੇ ਲੰਗਰ ਛਕਾ ਸਕਦੇ ਹੋ? ਲੰਗਰ ਪੰਗਤ ’ਚ ਬੈਠ ਕੇ ਛਕਿਆ ਜਾਂਦਾ ਹੈ। ਈਸਾਈ ਧਰਮ ਬਿਨਾਂ ਕਿਸੇ ਡਾਂਗ ਜਾਂ ਬਰਛੇ ਦੀ ਵਰਤੋਂ ਦੇ ਕਿਉਂ ਅੱਗੇ ਜਾ ਰਿਹਾ ਹੈ? ਕਾਰਨ ਹੈ ਸਤਕਾਰ ਅਤੇ ਪਿਆਰ ਭਰਿਆ ਮਾਹੌਲ। ਸਾਡਾ ਪਿੱਛੇ ਰਹਿਣ ਦਾ ਇਹੀ ਕਾਰਨ ਹੈ ਕਿ ਧਰਮ ਨੂੰ ਸਿਆਸਤ ਹੇਠਾਂ ਦਬਾ ਕੇ ਤੇ ਵੀ.ਆਈ.ਪੀ. ਕਲਚਰ ਵਧਾ ਕੇ ਅਸੀਂ ਧਰਮ ਨੂੰ ਰੋਲ ਦਿਤਾ ਹੈ।

ਗੁਰੂ ਸਾਹਿਬ ਦੀ ਮਿਹਰ ਅਤੇ ਸੰਗਤ ਦੀਆਂ ਅਰਦਾਸਾਂ ਤੇ ਸਾਥ ਨਾਲ ਜਗਦੀਸ਼ ਸਿੰਘ ਝੀਂਡਾ ਹਰਿਆਣਾ ਕਮੇਟੀ ਦੀ ਵਾਗਡੋਰ ਸੰਭਾਲ ਕੇ ਸਿੱਖੀ ਸਿਧਾਂਤਾਂ ਦੀ ਪੈਰਵੀ ਲਈ ਆਸਵੰਦ ਹਨ। ਸੰਗਤ ਉਮੀਦ ਕਰਦੀ ਹੈ ਕਿ ਜਿਸ ਵਿਚਾਰਧਾਰਾ ਦਾ ਉਨ੍ਹਾਂ ਪ੍ਰਗਟਾਵਾ ਕੀਤਾ, ਇਸ ਨੂੰ ਹਕੀਕੀ ਜਾਮਾ ਪਹਿਨਾਉਣ ਵਿਚ ਉਹ ਕਾਮਯਾਬ ਹੋਣਗੇ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement