
ਚੰਡੀਗੜ੍ਹ ਤੋਂ ਗ਼ਾਇਬ ਹੋਈ ਲੜਕੀ ਮਿਲੀ ਗੁਜਰਾਤ ਦੇ ਸੂਰਤ ਸ਼ਹਿਰ ਤੋਂ
ਚੰਡੀਗੜ੍ਹ - ਸੈਕਟਰ 15 ਤੋਂ 26 ਸਤੰਬਰ ਤੋਂ ਲਾਪਤਾ ਹੋਈ ਇੱਕ 15 ਸਾਲਾ ਲੜਕੀ ਗੁਜਰਾਤ ਦੇ ਸੂਰਤ ਤੋਂ ਮਿਲੀ ਹੈ। ਪੁਲਿਸ ਨੇ ਉਸ ਨੂੰ ਵਰਗਲਾਉਣ ਅਤੇ ਅਗਵਾ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। “ਲਾਪਤਾ ਲੜਕੀ ਨੂੰ ਅਸੀਂ ਉਸ ਦੇ ਇੰਸਟਾਗ੍ਰਾਮ ਅਕਾਊਂਟ ਅਤੇ ਉਸ ਦੀ ਫ਼ਰੈਂਡਲਿਸਟ ਰਾਹੀਂ ਲੱਭਿਆ। ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਅਤੇ ਲੜਕੀ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਲੜਕੀ ਫ਼ਿਲਹਾਲ ਬਿਲਕੁਲ ਠੀਕ ਹੈ। ਪੀੜਤਾ ਕੋਲ ਸਮਾਰਟਫ਼ੋਨ ਸੀ, ਪਰ ਉਹ ਕੋਈ ਸਿਮ ਕਾਰਡ ਵਰਤਣ ਦੀ ਬਜਾਏ ਇਸ ਨੂੰ ਵਾਈ-ਫ਼ਾਈ ਰਾਹੀਂ ਚਲਾਉਂਦੀ ਸੀ।” ਸੈਕਟਰ 11 ਦੇ ਸਟੇਸ਼ਨ ਹਾਊਸ ਅਫ਼ਸਰ ਜਸਬੀਰ ਸਿੰਘ ਨੇ ਦੱਸਿਆ।
ਪੁਲਿਸ ਨੇ ਪਾਇਆ ਕਿ ਪੀੜਤਾ ਦੇ ਘੱਟੋ-ਘੱਟ ਤਿੰਨ ਇੰਸਟਾਗ੍ਰਾਮ ਅਕਾਊਂਟਾਂ ਤੋਂ ਚੈਟ ਡਿਲੀਟ ਕਰ ਦਿੱਤੀ ਗਈ ਸੀ। ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸੀਸੀਟੀਵੀ ਕੈਮਰਿਆਂ ਦੇ ਖ਼ਰਾਬ ਹੋਣ ਕਾਰਨ ਜਾਂਚ ਦੀ ਸ਼ੁਰੂਆਤ 'ਚ ਦਿੱਕਤ ਆਈ। ਪੁਲਿਸ ਨੂੰ ਸੁਰਾਗ ਮਿਲੇ ਸੀ ਕਿ ਲੜਕੀ ਸੈਕਟਰ 15 ਤੋਂ ਇੱਕ ਆਟੋਰਿਕਸ਼ਾ ਵਿੱਚ ਰੇਲਵੇ ਸਟੇਸ਼ਨ ਗਈ ਸੀ। ਸੂਤਰਾਂ ਦੇ ਦੱਸਣ ਅਨੁਸਾਰ ਗ੍ਰਿਫ਼ਤਾਰ ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਲੜਕੀ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਦਾ ਸੀ। ਸੰਪਰਕ ਕਰਨ 'ਤੇ ਲੜਕੀ ਦੇ ਪਿਤਾ ਨੇ ਕਿਹਾ ਕਿ ਉਹ (ਲੜਕੀ) ਹੁਣ ਘਰ ਵਾਪਸ ਆ ਗਈ ਹੈ।