ਰਾਹੁਲ ਗਾਂਧੀ ਨੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕੀਤੇ।
ਅੰਮ੍ਰਿਤਸਰ: ਬੀਤੇ ਦਿਨ ਅੰਮ੍ਰਿਤਸਰ ਪਹੁੰਚੇ ਰਾਹੁਲ ਗਾਂਧੀ ਦੇਰ ਰਾਤ ਤਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਦੇ ਨਜ਼ਰ ਆਏ। ਬੀਤੇ ਦਿਨ ਸ਼ੁਰੂ ਹੋਏ ਅੰਮ੍ਰਿਤਰ ਦੌਰੇ ਮੌਕੇ ਉਹ ਤਿੰਨ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਅਤੇ ਉਥੇ ਪਹਿਲਾਂ ਭਾਂਡੇ ਧੋਣ ਦੀ ਸੇਵਾ ਕੀਤੀ ਅਤੇ ਬਾਅਦ ਵਿਚ ਛਬੀਲ ਦੀ ਸੇਵਾ ਕੀਤੀ। ਇਸ ਮਗਰੋਂ ਰਾਤ 11 ਵਜੇ ਦੇ ਕਰੀਬ ਉਹ ਸੱਚਖੰਡ ਨੂੰ ਜਾਣ ਵਾਲੇ ਰਸਤੇ ਦੇ ਰੇਲਿੰਗ ਦੀ ਕੱਪੜੇ ਦੇ ਨਾਲ ਸਫਾਈ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕੀਤੇ।
ਮਿਲੀ ਜਾਣਕਾਰੀ ਅਨੁਸਾਰ ਅੱਜ ਇਕ ਵਾਰ ਫਿਰ 10 ਵਜੇ ਦੇ ਕਰੀਬ ਰਾਹੁਲ ਗਾਂਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਰਹੇ ਹਨ। ਇਥੇ ਪਹੁੰਚ ਕੇ ਉਹ ਸੱਭ ਤੋਂ ਪਹਿਲਾਂ ਲੰਗਰ ਦੀ ਸੇਵਾ ਕਰਨਗੇ ਅਤੇ ਬਾਅਦ ਵਿਚ ਪਵਿੱਤਰ ਸਰੋਵਰ ’ਚ ਇਸ਼ਨਾਨ ਵੀ ਕਰਨਗੇ। ਇਸ ਸਮੇਂ ਉਹ ਅੰਮ੍ਰਿਤਸਰ ਦੇ ਇਕ ਹੋਟਲ ਵਿਚ ਠਹਿਰੇ ਹੋਏ ਹਨ ਅਤੇ ਉਨ੍ਹਾਂ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।