
ਆਜ਼ਾਦੀ ਦੀ ਪਹਿਲੀ ਲੜਾਈ ਦੇ 150 ਸਾਲ ਪੂਰੇ ਹੋਣ 'ਤੇ ਵੀ ਕਈ ਪ੍ਰੋਗਰਾਮ ਕਰਵਾਏ ਗਏ ਸਨ
ਦੁਬਈ : ਮਸ਼ਹੂਰ ਗੀਤਕਾਰ ਗੁਲਜ਼ਾਰ ਦਾ ਕਹਿਣਾ ਹੈ ਕਿ ਜਲਿਆਂਵਾਲਾ ਬਾਗ਼ ਹਤਿਆ ਕਾਂਡ ਭਾਰਤ ਦੇ ਇਤਿਹਾਸ ਦੀ ਬੇਹੱਦ ਅਹਿਮ ਘਟਨਾ ਹੈ ਪਰ ਇਸ ਦੇ 100 ਸਾਲ ਪੂਰੇ ਹੋਣ 'ਤੇ ਇਸ ਵਲ ਓਨਾ ਧਿਆਨ ਨਹੀਂ ਦਿਤਾ ਗਿਆ ਜਿੰਨਾ ਦਿਤਾ ਜਾਣਾ ਚਾਹੀਦਾ ਸੀ। ਸਾਬਕਾ ਰਾਜਦੂਤ ਨਵਦੀਪ ਸੂਰੀ ਦੀ ਕਿਤਾਬ 'ਖ਼ੂਨੀ ਵਿਸਾਖੀ' ਦੇ ਸ਼ਾਹਮੁਖੀ ਅਤੇ ਮਲਿਆਲਮ ਸੰਸਕਰਣ ਦੀ ਰਿਲੀਜ਼ ਮੌਕੇ ਸਨਿਚਰਵਾਰ ਨੂੰ ਗੁਲਜ਼ਾਰ ਨੇ ਇਹ ਗੱਲ ਕਹੀ।
Jallianwala Bagh
ਇਹ ਕਿਤਾਬ ਸੂਰੀ ਦੇ ਦਾਦਾ ਨਾਨਕ ਸਿੰਘ ਦੁਆਰਾ ਜਲਿਆਂਵਾਲਾ ਬਾਗ਼ ਦੀ ਘਟਨਾ ਬਾਰੇ ਲਿਖੀ ਗਈ ਕਵਿਤਾ ਦਾ ਅਨੁਵਾਦ ਹੈ। ਸ਼ਾਰਜਾਹ ਅੰਤਰਰਾਸ਼ਟਰੀ ਪੁਸਤਕ ਮੇਲੇ ਵਿਚ ਇਸ ਨੂੰ ਜਾਰੀ ਕੀਤਾ ਗਿਆ। ਗੁਲਜ਼ਾਰ ਨੇ ਕਿਹਾ ਕਿ ਆਜ਼ਾਦੀ ਦੇ ਪਹਿਲੇ ਸੰਘਰਸ਼ ਦੇ 150 ਸਾਲ ਪੂਰੇ ਹੋਣ 'ਤੇ ਵੀ ਕਈ ਪ੍ਰੋਗਰਾਮ ਕਰਵਾਏ ਗਏ ਸਨ। ਜਲਿਆਂਵਾਲਾ ਬਾਗ਼ ਹਤਿਆ ਕਾਂਡ ਵਲ ਓਨਾ ਧਿਆਨ ਨਹੀਂ ਦਿਤਾ ਗਿਆ ਜਿੰਨਾ ਦੇਣਾ ਚਾਹੀਦਾ ਸੀ। ਪਿਛਲੇ ਮਹੀਨੇ ਯੂਏਈ ਵਿਚ ਭਾਰਤ ਦੇ ਰਾਜਦੂਤ ਅਹੁਦੇ ਤੋਂ ਸੇਵਾਮੁਕਤ ਹੋਏ ਸੂਰੀ ਨੇ ਉਨ੍ਹਾਂ ਹਾਲਤਾਂ ਨੂੰ ਬਿਆਨ ਕੀਤਾ ਜਿਨ੍ਹਾਂ ਵਿਚ ਉਨ੍ਹਾਂ ਦੇ ਦਾਦੇ ਨੇ ਇਹ ਕਵਿਤਾ ਲਿਖੀ ਸੀ।
Jallianwala Bagh
ਸੂਰੀ ਨੇ ਦਸਿਆ ਕਿ ਬ੍ਰਿਟਿਸ਼ ਸਰਕਾਰ ਨੇ 'ਖ਼ੂਨੀ ਵਿਸਾਖੀ' ਦੇ ਪ੍ਰਕਾਸ਼ਨ 'ਤੇ ਰੋਕ ਲਾ ਦਿਤੀ ਸੀ। ਅੰਮ੍ਰਿਤਸਰ ਵਿਚ ਜਲਿਆਂਵਾਲਾ ਬਾਗ਼ ਹਤਿਆ ਕਾਂਡ 13 ਅਪ੍ਰੈਲ 1919 ਨੂੰ ਵਾਪਰਿਆ ਸੀ ਜਿਸ ਵਿਚ ਬਰਤਾਨਵੀ ਫ਼ੌਜੀਆਂ ਦੀਆਂ ਗੋਲੀਆਂ ਨਾਲ ਸੈਂਕੜੇ ਭਾਰਤੀ ਖ਼ਾਸਕਰ ਪੰਜਾਬੀ ਮਾਰੇ ਗਏ ਸਨ। 'ਰੋਲਟ ਐਕਟ' ਦਾ ਵਿਰੋਧ ਕਰਨ ਲਈ ਇਸ ਬਾਗ਼ ਵਿਚ ਰੈਲੀ ਹੋ ਰਹੀ ਸੀ ਜਿਸ ਦੌਰਾਨ ਜਨਰਲ ਡਾਇਰ ਨੇ ਉਥੇ ਮੌਜੂਦ ਭੀੜ 'ਤੇ ਗੋਲੀਆਂ ਚਲਾਉਣ ਦੇ ਹੁਕਮ ਦਿਤੇ ਸਨ।