
ਅਫ਼ਗ਼ਾਨਿਸਤਾਨ : ਕਾਬੁਲ ਯੂਨੀਵਰਸਿਟੀ 'ਚ ਹੋਈ ਗੋਲੀਬਾਰੀ, 20 ਦੀ ਮੌਤ, 40 ਜ਼ਖ਼ਮੀ
ਕਾਬੁਲ, 2 ਨਵੰਬਰ : ਅਫ਼ਗ਼ਾਨਿਸਤਾਨ ਦੀ ਕਾਬੁਲ ਯੂਨੀਵਰਸਿਟੀ 'ਚ ਸੋਮਵਾਰ ਸਵੇਰੇ ਗੋਲੀਬਾਰੀ ਹੋਣ ਲੱਗੀ ਜਿਸਦੇ ਬਾਅਦ ਪੁਲਿਸ ਨੇ ਇਸ ਵਿਸ਼ਾਲ ਕੈਂਪਸ ਨੂੰ ਘੇਰ ਲਿਆ। ਸਥਾਨਕ ਮੀਡੀਆ ਮੁਤਾਬਕ ਇਸ ਗੋਲੀਬਾਰੀ 'ਚ ਘੱਟੋਂ ਘੱਟ 20 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਅਤੇ 40 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਹਮਲੇ 'ਚ ਤਿੰਨ ਬੰਦੂਕਧਾਰੀ ਵੀ ਮਾਰੇ ਗਏ ਹਨ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਆਰਿਆਨ ਮੁਤਾਬਕ ਪੁਸਤਕ ਮੇਲੇ ਦੌਰਾਨ ਸੱਭ ਤੋਂ ਪਹਿਲਾਂ ਯੂਨੀਵਰਸਿਟੀ ਦੇ ਗੇਟ 'ਤੇ ਧਮਾਕਾ ਹੋਇਆ ਜਿਸ ਦੇ ਬਾਅਦ ਤਿੰਨ ਬੰਦੂਕਧਾਰੀਆਂ ਨੇ ਵਿਦਿਆਰਥੀਆਂ ਉੱਤੇ ਅੰਨੇਵਾਹ ਗੋਲੀਬਾਰੀ ਸ਼ੁਰੂ ਕਰ ਦਿਤੀ ਸੀ। ਲੋਕ ਸਿਹਤ ਮੰਤਰਾਲੇ ਦੇ ਬੁਲਾਰੇ ਅਕਮਲ ਸਾਮਸੋਰ ਨੇ ਦਸਿਆ ਕਿ ਗੋਲੀਬਾਰੀ 'ਚ ਜ਼ਖ਼ਮੀ ਹੋਏ ਵਿਦਿਆਰਥੀਆਂ ਨੂੰ ਹਸਪਤਲਾ ਦਾਖ਼ਲ ਕਰਵਾਇਆ ਗਿਆ ਹੈ। ਤਾਲਿਬਾਨ ਨੇ ਇਸ ਤੋਂ ਇਨਕਾਰ ਕੀਤਾ ਹੈ ਕਿ ਉਸ ਦੇ ਲੜਾਕਿਆਂ ਨੇ ਇਹ ਹਮਲਾ ਕੀਤਾ ਹੈ।
ਅਫ਼ਗ਼ਾਨ ਮੀਡੀਆ ਨੇ ਖ਼ਬਰਾ ਦਿਤੀ ਹੈ ਕਿ ਘਟਨਾ ਦੇ ਸਮੇਂ ਯੂਨਵਰਸਿਟੀ 'ਚ ਕਿਤਾਬਾਂ ਦੀ ਪਰਦਸ਼ਨੀ ਚੱਲ ਰਹੀ ਸੀ ਅਤੇ ਗੋਲੀਬਾਰੀ ਦੇ ਸਮੇਂ ਖ਼ਾਸ ਲੋਕਾਂ ਸਮੇਤ ਕਈ ਲੋਕ ਪਰਦਸ਼ਨੀ 'ਚ ਸ਼ਾਮਲ ਸਨ। ਪ੍ਰੋ. ਜਬੀਉੱਲਾ ਹੈਦਰੀ ਨੇ ਸਥਾਨਕ ਟੀਵੀ ਸਟੇਸ਼ਨ 'ਅਰਿਆਨਾ' ਨੂੰ ਦਸਿਆ ਕਿ ਜਦੋਂ ਗੋਲੀਬਾਰੀ ਸ਼ੁਰੂ ਹੋਈ ਉਦੋਂ ਕਲਾਸਾਂ ਚੱਲ ਰਹੀਆਂ ਸਨ। ਹੈਦਰੀ ਮੁਤਾਬਕ ਗੋਲੀਬਾਰੀ ਦੇ ਚਲਦੇ ਯੂਨੀਵਰਸਿਟੀ ਦੇ ਕਰਮੀਆਂ ਅਤੇ ਸੁਰੱਖਿਆ ਕਰਮੀਆਂ ਨੇ ਵਿਦਿਆਰਥੀਆਂ ਨੂੰ ਕੈਂਪਸ 'ਚੋਂ ਬਾਹਰ ਕਢਿਆ ਗਿਆ।
ਸੁਰੱਖਿਆ ਬਲਾਂ ਨੇ ਯੂਨੀਵਰਸਿਟੀ ਵਲ ਜਾਣ ਵਾਲੀਆਂ ਸੜਕਾਂ ਬੰਦ ਕਰ ਦਿਤੀਆਂ ਅਤੇ ਚਿੰਤਤ ਪਰਵਾਰ ਯੂਨੀਵਰਸਿਟੀ 'ਚ ਅਪਣੇ ਬੱਚੇ ਨਾਲ ਮਿਲਣ ਲਈ ਸੰਪਰਕ ਕਰ ਰਹੇ ਹਨ। ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।
(ਪੀਟੀਆਈ)