
ਕਿਹਾ, ਭਾਜਪਾ ਪੰਜਾਬ 'ਚ 117 ਸੀਟਾਂ 'ਤੇ ਲੜੇਗੀ ਚੋਣ
ਬਠਿੰਡਾ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਖੇਤੀ ਬਿੱਲਾਂ ਵਿਰੁਧ ਚਲ ਰਹੇ ਸੰਘਰਸ਼ 'ਤੇ ਵਿਵਾਦਤ ਟਿਪਣੀ ਕਰਦਿਆਂ ਦਾਅਵਾ ਕੀਤਾ ਹੈ ਕਿ ''ਪੰਜਾਬ 'ਚ ਨਕਸਲੀ ਕਿਸਾਨਾਂ ਦੇ ਸੰਘਰਸ਼ ਨੂੰ ਹਵਾ ਦੇ ਰਹੇ ਹਨ ਤੇ ਇਸ ਦੇ ਲਈ ਬਾਕਾਇਦਾ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਫ਼ੰਡਿਗ ਹੋ ਰਹੀ ਹੈ।' ਸਥਾਨਕ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸ੍ਰੀ ਮਿੱਤਲ ਇਥੇ ਹੀ ਨਹੀਂ ਰੁਕੇ, ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਘਿਰਾਉ ਤੇ ਧਰਨੇ ਛੱਡ ਕੇ ਮੇਜ਼ 'ਤੇ ਗੱਲਬਾਤ ਲਈ ਆਉਣਾ ਚਾਹੀਦਾ ਹੈ ਤਾਂ ਹੀ ਇਸ ਮਸਲੇ ਦਾ ਕੋਈ ਹੱਲ ਨਿਕਲ ਸਕਦਾ ਹੈ।
Madan Mohan Mital
ਉਂਜ ਉਨ੍ਹਾਂ ਕਿਸਾਨਾਂ ਨੂੰ ਇਹ ਵੀ ਆਫ਼ਰ ਦਿਤੀ ਕਿ ਜੇਕਰ ਕਿਸਾਨ ਜਥੇਬੰਦੀਆਂ ਭਾਜਪਾ ਕੋਲ ਆਉਂਦੀਆਂ ਹਨ ਤਾਂ ਉਹ ਉਨ੍ਹਾਂ ਨਾਲ ਕੇਂਦਰ ਦੇ ਖੇਤੀਬਾੜੀ ਮੰਤਰੀ ਦੀ ਸਿੱਧੀ ਗੱਲ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਕੁੱਝ ਸਿਆਸੀ ਪਾਰਟੀਆਂ ਅਪਣੇ ਰਾਜਨੀਤਕ ਹਿਤ ਸਾਧਣ ਲਈ ਇਸ ਮੁੱਦੇ ਨੂੰ ਰਾਜਨੀਤਕ ਰੰਗਤ ਦੇਣ ਲੱਗੀਆਂ ਹੋਈਆਂ ਹਨ।
Madan Mohan Mittal
ਭਾਜਪਾ ਆਗੂ ਨੇ ਕਿਹਾ ਕਿ ਇਹ ਬਿੱਲ ਕਿਸਾਨਾਂ ਦੇ ਹਿਤ ਵਿਚ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਨੇ ਫ਼ੈਸਲਾ ਲਿਆ ਹੈ ਕਿ ਪੰਜਾਬ ਦੀਆਂ 117 ਸੀਟਾਂ ਲਈ ਚੋਣਾਂ ਅਪਣੇ ਦਮ 'ਤੇ ਲੜੀਆਂ ਜਾਣਗੀਆਂ। ਉਨ੍ਹਾਂ ਅਕਾਲੀਆਂ ਦੇ ਇਸ ਮੁੱਦੇ 'ਤੇ ਅਲੱਗ ਰਾਹ ਫੜਨ 'ਤੇ ਟਿਪਣੀ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਅਪਣਾ ਰਾਜਨੀਤਕ ਪ੍ਰਭਾਵ ਬਚਾਉਣ ਲਈ ਇਹ ਕਦਮ ਚੁੱਕਿਆ ਹੈ ਜਦਕਿ ਪਹਿਲਾਂ ਉਹ ਇਸ ਬਿੱਲ ਦੇ ਹੱਕ ਵਿਚ ਸੱਭ ਤੋਂ ਵੱਧ ਬੋਲਦੇ ਸਨ। ਮਿੱਤਲ ਨੇ ਕਿਹਾ ਕਿ ਕੇਂਦਰ ਦੇ ਐਮ.ਐਸ.ਪੀ. ਇਸ ਨੂੰ ਖਤਮ ਕਰਨ ਦਾ ਕੋਈ ਇਰਾਦਾ ਨਹੀਂ ਹੈ ਪਰ ਕਿਸਾਨ ਅਪਣੀ ਫ਼ਸਲ ਦੇਸ਼ ਵਿਚ ਕਿਤੇ ਵੀ ਵੇਚ ਸਕਦਾ ਹੈ ਅਤੇ ਉਸ ਨੂੰ ਚੰਗੀ ਕੀਮਤ ਵੀ ਮਿਲੇਗੀ।
farmer protest
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਖੇਤੀਬਾੜੀ ਦੇ ਤਿੰਨ ਬਿੱਲ ਪਾਸ ਕੀਤੇ ਹਨ ਜਦਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਸਿਰਫ਼ ਝੋਨੇ ਅਤੇ ਕਣਕ ਦੇ ਬਿਲਾਂ ਨੂੰ ਅੱਗੇ ਰਖਦਿਆਂ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੇਂਦਰ ਨੇ ਰੇਲ ਗੱਡੀਆਂ ਨਹੀਂ ਰੋਕੀਆਂ, ਬਲਕਿ ਸੁਰੱਖਿਅਤ ਰਾਹ ਨਾ ਮਿਲਣ ਕਾਰਨ ਇਨ੍ਹਾਂ ਨੂੰ ਬੰਦ ਕੀਤਾ ਗਿਆ ਹੈ। ਜਿਸ ਨੂੰ ਚਲਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਅੱਗੇ ਆਉਣਾ ਪੈਣਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਅਲੱਗ ਤੋਂ ਲੜੇਗੀ ਤੇ ਸਥਾਨਕ ਮੁੱਦੇ ਚੁੱਕੇਗੀ।
Madan Mohan Mittal
ਇਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਨੋਦ ਬਿੰਟਾ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦਿਆਲ ਦਾਸ ਸੋਢੀ, ਸੂਬਾ ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਸੂਬਾ ਸਕੱਤਰ ਅਸ਼ੋਕ ਭਾਰਤੀ, ਸੁਖਪਾਲ ਸਿੰਘ ਸਰਾਂ, ਮੰਡਲ ਪ੍ਰਧਾਨ ਅਸ਼ੋਕ ਬਾਲੀਆਂਵਾਲੀ, ਮਹਿਲਾ ਮੋਰਚਾ ਯੂਥ ਪ੍ਰਧਾਨ ਮਮਤਾ ਜੈਨ, ਵਰਿੰਦਰ ਸ਼ਰਮਾ ਅਤੇ ਹੋਰ ਆਗੂ ਹਾਜ਼ਰ ਸਨ।